ਸਿੰਘਾਪੁਰ : ਕੋਰੋਨਾ ਵਿਸ਼ਾਣੂ ਲਗਾਤਾਰ ਦੁਨੀਆਂ ਵਿਚ ਤਬਾਹੀ ਮਚਾ ਰਿਹਾ ਹੈ ਇਸ ਦੇ ਚਲਦੇ ਹੀ ਭਾਵੇਂ ਕਿ ਭਾਰਤ ਵਿਚ ਵੀ ਮਰੀਜ਼ਾ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਪਰ ਇਸ ਮਹਾਮਾਰੀ ਦੇ ਖ਼ਤਮ ਹੋਣ ਸਬੰਧੀ ਵੱਖ-ਵੱਖ ਦਾਅਵੇ ਕੀਤੇ ਜਾ ਰਹੇ ਹਨ। ਇਸ ਦੌਰਾਨ ਸਿੰਘਾਪੁਰ ਦੀ ਇਕ ਯੂਨੀਵਰਸਿਟੀ ਨੇ ਇਕ ਚੰਗੀ ਖ਼ਬਰ ਦਿਤੀ ਹੈ। ਇਹ ਦਾਅਵਾ ਕੀਤਾ ਗਿਆ ਹੈ ਕਿ 20 ਮਈ ਦੇ ਲਾਗੇ ਤਾਗੇ ਭਾਰਤ ਕੋਰੋਨਾ ਮੁਕਤ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਸਿੰਘਾਪੁਰ ਯੂਨੀਵਰਸਿਟੀ ਆਫ਼ ਟੈਕਨਾਲੋਜੀ ਐਂਡ ਡਿਜ਼ਾਈਨ ਨੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਜ਼ਰੀਏ ਕੋਰੋਨਾ ਵਿਸ਼ਾਣੂ ਫ਼ੈਲਣ ਦੀ ਗਤੀ ਦਾ ਵਿਸ਼ਲੇਸ਼ਣ ਕੀਤਾ ਹੈ। 'ਵਰਸਿਟੀ ਨੇ ਲੱਗਭਗ ਸਾਰੇ ਦੇਸ਼ਾਂ, ਜੋ ਕੋਰੋਨਾ ਦੀ ਪਕੜ ਵਿਚ ਹਨ, ਦੇ ਅੰਕੜਿਆ ਨੂੰ ਧਿਆਨ ਵਿਚ ਰੱਖ ਕੇ ਖੋਜ ਕੀਤੀ ਹੈ ਅਤੇ ਦਸਿਆ ਕਿ ਇਹ ਅੰਕੜੇ ਮਰੀਜ਼ ਦੇ ਠੀਕ ਹੋਣ ਅਤੇ ਪ੍ਰਭਾਵਤ ਹੋਣ 'ਤੇ ਅਧਾਰਤ ਹਨ। ਉਨਾਂ ਦਾ ਡਾਟਾ-ਅਧਾਰਤ ਗ੍ਰਾਫ਼ ਇਹ ਦਰਸਾਉਂਦਾ ਹੈ ਕਿ ਇਟਲੀ ਅਤੇ ਸਪੇਨ ਵਿਚ ਉਹ ਤਕਰੀਬਨ ਸਹੀ ਸਾਬਤ ਹੋ ਰਹੇ ਹਨ। ਇਹ ਦੋਵੇਂ ਦੇਸ਼ ਮਈ ਦੇ ਪਹਿਲੇ ਹਫ਼ਤੇ ਤਕ ਕੋਰੋਨਾ ਨੂੰ ਹਰਾ ਸਕਦੇ ਹਨ। ਗੱਲ ਕਰੀਏ ਭਾਰਤ ਦੀ ਤਾਂ ਇਥੇ ਕੋਰੋਨਾ ਵਿਸ਼ਾਣੂ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ 3.1 ਫ਼ੀ ਸਦੀ ਹੈ ਜਦਕਿ ਠੀਕ ਹੋਣ ਦੀ ਦਰ 20 ਫ਼ੀ ਸਦੀ ਤੋਂ ਵੀ ਵਧੇਰੇ ਹੈ ਜੋ ਹੋਰ ਦੇਸ਼ਾਂ ਦੇ ਮੁਕਾਬਲੇ ਬਹੁਤ ਵਧੀਆ ਹੈ। ਦੇਸ਼ ਦੇ 11 ਸੂਬੇ ਅਜਿਹੇ ਹਨ ਜਿਥੇ ਮਰੀਜ਼ਾਂ ਦਾ ਅੰਕੜਾ 150 ਤਕ ਤਾਂ ਪਹੁੰਚਿਆ ਪਰ ਹੁਣ ਤਕ ਇਕ ਵੀ ਮੌਤ ਨਹੀਂ ਹੋਈ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਦੇਸ਼ ਵਿਚ ਸਹੀ ਸਮੇਂ 'ਤੇ ਕੀਤੀ ਤਾਲਾਬੰਦੀ ਨੇ ਭਰਪੂਰ ਯੋਗਦਾਨ ਪਾਇਆ ਹੈ।