ਨਵੀਂ ਦਿੱਲੀ (ਏਜੰਸੀ): ਖੱਬੇਪੱਖੀਆਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੁਆਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੱਤਾ ਵਿਚ ਵਾਪਸੀ ਕਰਨ ਦੀ ਇੱਛਾ ਪ੍ਰਗਟ ਕਰਨ 'ਤੇ ਵਿਅੰਗ ਕਸਦਿਆਂ ਇਸ ਨੂੰ ਪਾਕਿਸਤਾਨ ਨਾਲ ਭਾਜਪਾ ਦੇ ਅੰਦਰੂਨੀ ਰਿਸ਼ਤਿਆਂ ਦਾ ਸਬੂਤ ਦਸਿਆ ਹੈ।
ਸੀਪੀਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਇਮਰਾਨ ਖ਼ਾਨ ਦੇ ਬਿਆਨ 'ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਪਿਛਲੇ ਸਾਲ ਇਹ ਖ਼ਬਰਾਂ ਆਈਆਂ ਸਨ ਕਿ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐਸਆਈ ਮੋਦੀ ਨੂੰ ਪ੍ਰਧਾਨ ਮੰਤਰੀ ਵਜੋਂ ਵੇਖਣਾ ਚਾਹੁੰਦੀ ਹੈ। ਹੁਣ ਇਮਰਾਨ ਖ਼ਾਨ ਨੇ ਵੀ ਅਪਣੀ ਇਹ ਇੱਛਾ ਪ੍ਰਗਟ ਕਰ ਦਿਤੀ ਹੈ। ਯੇਚੁਰੀ ਨੇ ਕਿਹਾ, 'ਸਾਡੀ ਇਸ ਗੱਲ 'ਤੇ ਗੰਭੀਰ ਚਿੰਤਾ ਹੈ ਕਿ ਵਿਦੇਸ਼ੀ ਸਰਕਾਰਾਂ ਸਾਡੀ ਜਮਹੂਰੀ ਚੋਣ ਕਵਾਇਦ ਨੂੰ ਪ੍ਰਭਾਵਤ ਕਰ ਰਹੀਆਂ ਹਨ । ਪਿਛਲੇ ਸਾਲ ਅਜਿਹੀ ਰੀਪੋਰਟ ਆਈ ਸੀ ਕਿ ਆਈਐਸਆਈ ਮੋਦੀ ਨੂੰ ਪ੍ਰਧਾਨ ਮੰਤਰੀ ਵਜੋਂ ਵੇਖਣਾ ਚਾਹੁੰਦੀ ਹੈ ਅਤੇ ਹੁਣ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਵੀ ਇੱਛਾ ਪ੍ਰਗਟ ਕਰ ਦਿਤੀ ਹੈ।'
ਯੇਚੁਰੀ ਨੇ ਕਿਹਾ ਕਿ ਮੋਦੀ ਦੀ ਚੋਣ ਮੁਹਿੰਮ ਵਿਚ ਪਾਕਿਸਤਾਨ ਹੀ ਇਕੋ ਮੁੱਦਾ ਹੈ ਜਿਸ ਵਿਚ ਉਹ ਪਰਦੇ ਪਿੱਛੇ ਪਾਕਿਸਤਾਨ ਨਾਲ ਵਿਰੋਧੀ ਧਿਰ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਹੀ ਇਕਮਾਤਰ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਅਪਣੇ ਫ਼ੌਜੀ ਸਥਾਨ 'ਤੇ ਆਈਐਸਆਈ ਨੂੰ ਬੁਲਾਇਆ ਅਤੇ ਉਹ ਇਕਮਾਤਰ ਪ੍ਰਧਾਨ ਮੰਤਰੀ ਹਨ ਜੋ ਬਿਨਾਂ ਬੁਲਾਏ ਪਾਕਿਸਤਾਨ ਪਹੁੰਚ ਗਏ। ਸੀਪੀਆਈ ਦੇ ਰਾਜ ਸਭਾ ਮੈਂਬਰ ਡੀ ਰਾਜਾ ਨੇ ਕਿਹਾ ਕਿ ਭਾਰਤ ਵਿਚ ਸਰਕਾਰ ਦੇ ਗਠਨ ਬਾਰੇ ਬਿਆਨ ਦੇਣਾ ਇਮਰਾਨ ਖ਼ਾਨ ਦਾ ਕੰਮ ਨਹੀਂ ਹੈ।