ਨਵੀਂ ਦਿੱਲੀ, (ਏਜੰਸੀ) : ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ 'ਤੇ ਬਣੀ ਫ਼ਿਲਮ ਵਿਖਾਉਣ 'ਤੇ ਰੋਕ ਲਾ ਦਿਤੀ ਹੈ। ਕਮਿਸ਼ਨ ਮੁਤਾਬਕ ਚੋਣ ਜ਼ਾਬਤੇ ਕਾਰਨ ਇਹ ਰੋਕ ਲਾਈ ਗਈ ਹੈ।
ਕਮਿਸ਼ਨ ਨੇ ਬੁਧਵਾਰ ਨੂੰ ਅਪਣੇ ਹੁਕਮ ਵਿਚ ਕਿਹਾ ਕਿ ਚੋਣਾਂ ਦੌਰਾਨ ਅਜਿਹੀ ਕਿਸੇ ਫ਼ਿਲਮ ਦੇ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ ਜੋ ਕਿਸੇ ਰਾਜਸੀ ਪਾਰਟੀ ਜਾਂ ਆਗੂ ਦੇ ਚੋਣ ਹਿਤਾਂ ਦੀ ਪੂਰਤੀ ਕਰਦੀ ਹੋਵੇ। ਜ਼ਿਕਰਯੋਗ ਹੈ ਕਿ ਇਹ ਫ਼ਿਲਮ 11 ਅਪ੍ਰੈਲ ਨੂੰ ਰਿਲੀਜ਼ ਹੋਣੀ ਸੀ। ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੀਆਂ ਵੋਟਾਂ ਵੀ 11 ਅਪ੍ਰੈਲ ਨੂੰ ਪੈਣੀਆਂ ਹਨ। ਸੀਪੀਐਮ ਸਮੇਤ ਹੋਰ ਵਿਰੋਧੀ ਧਿਰਾਂ ਦੀ ਸ਼ਿਕਾਇਤ 'ਤੇ ਕਮਿਸ਼ਨ ਨੇ ਇਸ ਦੇ ਪ੍ਰਦਰਸ਼ਨ ਦੀ ਆਗਿਆ ਨਹੀਂ ਦਿਤੀ।
ਇਸ ਤੋਂ ਪਹਿਲਾਂ ਮੋਦੀ ਦੇ ਜੀਵਨ ਬਾਰੇ ਬਣੀ ਫ਼ਿਲਮ ਨੂੰ ਮਿਲੀ ਸੈਂਸਰ ਬੋਰਡ ਨੇ ਪ੍ਰਵਾਨਗੀ ਦੇ ਦਿਤੀ। ਇਸ ਫ਼ਿਲਮ ਦਾ ਨਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਅਤੇ ਇਸ ਦਾ ਨਿਰਦੇਸ਼ਨ ਓਮੰਗ ਕੁਮਾਰ ਨੇ ਕੀਤਾ ਹੈ। ਫ਼ਿਲਮ ਵਿਚ ਮੁੱਖ ਭੂਮਿਕਾ ਅਭਿਨੇਤਾ ਵਿਵੇਕ ਓਬਰਾਏ ਨੇ ਨਿਭਾਈ ਹੈ। ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਇਹ ਫ਼ਿਲਮ ਭਾਜਪਾ ਨੂੰ ਲੋਕ ਸਭਾ ਚੋਣਾਂ ਵਿਚ ਲਾਭ ਪਹੁੰਚਾ ਸਕਦੀ ਹੈ ਜੋ ਚੋਣਾਂ ਤੋਂ ਠੀਕ ਪਹਿਲਾਂ ਸਿਨੇਮਾਘਰਾਂ ਵਿਚ ਦਰਸ਼ਕਾਂ ਤਕ ਪਹੁੰਚ ਜਾਵੇਗੀ। ਨਿਰਮਾਤਾ ਸੰਦੀਪ ਸਿੰਘ ਨੇ ਪਹਿਲਾਂ ਪ੍ਰਵਾਨਗੀ ਮਿਲਣ 'ਤੇ ਕਿਹਾ, 'ਅਸੀਂ ਬਹੁਤ ਖ਼ੁਸ਼ ਹਾਂ ਕਿ ਸਾਨੂੰ ਸੈਂਸਰ ਬੋਰਡ ਦਾ ਯੂ ਸਰਟੀਫ਼ੀਕੇਟ ਮਿਲ ਗਿਆ ਹੈ ਅਤੇ ਹੁਣ ਇਹ ਫ਼ਿਲਮ ਰਿਲੀਜ਼ ਹੋ ਰਹੀ ਹੈ। ਹੁਣ ਇਸ ਫ਼ਿਲਮ ਨੂੰ ਹਰੀ ਝੰਡੀ ਮਿਲ ਚੁੱਕੀ ਹੈ।' ਉਨ੍ਹਾਂ ਕਿਹਾ ਕਿ ਹੁਣ ਉਮੀਦ ਹੈ ਕਿ ਪੂਰੇ ਦੇਸ਼ ਵਿਚ ਕਿਸੇ ਵੀ ਰਾਜਸੀ ਪਾਰਟੀ ਨੂੰ ਕੋਈ ਸਮੱਸਿਆ ਨਹੀਂ ਹੋਵੇਗੀ ਕਿਉਂਕਿ ਚੋਣ ਕਮਿਸ਼ਨ, ਸੀਬੀਐਫ਼ਸੀ ਅਤੇ ਸਾਰੀਆਂ ਅਦਾਲਤਾਂ ਨੇ ਸਾਰੀਆਂ ਪਟੀਸ਼ਨਾਂ ਦਾ ਨਿਪਟਾਰਾ ਕਰ ਦਿਤਾ ਹੈ। ਨਿਰਮਾਤਾ ਆਨੰਦ ਪੰਡਿਤ ਨੇ ਕਿਹਾ ਸੀ ਕਿ ਨਿਆਂ ਹੋਇਆ ਹੈ।