ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਬਦਲੀ ’ਤੇ ਭਗਵੰਤ ਮਾਨ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਉਹ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਕੇ ਕੁੰਵਰ ਵਿਜੇ ਪ੍ਰਤਾਪ ਦੀ ਬਹਾਲੀ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ‘ਸਿੱਟ’ ਮੁਖੀ ਕੰਵਰ ਵਿਜੇ ਪ੍ਰਤਾਪ ਬਹੁਤ ਹੀ ਇਮਾਨਦਾਰ ਅਫ਼ਸਰ ਹਨ ਤੇ ਉਨ੍ਹਾਂ ਦੀ ਇਸ ਤਰ੍ਹਾਂ ਬਦਲੀ ਕਰਨਾ ਕਿਤੇ ਨਾ ਕਿਤੇ ਬੇਅਦਬੀ ਮੁੱਦੇ ਨੂੰ ਠੰਡੇ ਬਸਤੇ ਪਾਉਣ ਦੇ ਬਰਾਬਰ ਹੈ।
ਕੁੰਵਰ ਵਿਜੇ ਪ੍ਰਤਾਪ ਦੀ ਬਹਾਲੀ ਦੀ ਚੋਣ ਕਮਿਸ਼ਨ ਕੋਲ ਕਰਾਂਗੇ ਮੰਗ: ਭਗਵੰਤ ਮਾਨ
|
ਮਾਨ ਨੇ ਕਿਹਾ ਕਿ ਲੋਕਾਂ ਨੂੰ ਵੀ ਹੁਣ ਇਸ ਗੱਲ ਦਾ ਪਤਾ ਲੱਗ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਿਰਫ਼ ਦਿਖਾਵਾ ਕਰ ਰਹੇ ਹਨ, ਅਸਲ ਵਿਚ ਤਾਂ ਉਹ ਵੀ ਨਹੀਂ ਚਾਹੁੰਦੇ ਕਿ ਬੇਅਦਬੀ ਤੇ ਗੋਲੀਕਾਂਡ ਮਾਮਲਿਆਂ ਵਿਚ ਬਾਦਲਾਂ ਦਾ ਨਾਮ ਆਵੇ। ਉਨ੍ਹਾਂ ਕਿਹਾ ਕਿ ਅਸੀਂ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਾਂਗੇ ਅਤੇ ਇਸ ਫ਼ੈਸਲੇ ਨੂੰ ਰੀਵੀਉ ਕਰਨ ਦੀ ਮੰਗ ਕਰਾਂਗੇ ਕਿਉਂਕਿ ਕੁੰਵਰ ਵਿਜੇ ਪ੍ਰਤਾਪ ਇਕ ਇਮਾਦਾਰ ਅਫ਼ਸਰ ਹਨ ਅਤੇ ਉਨ੍ਹਾਂ ਦੀ ਜਾਂਚ ਨਾਲ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਬਦਲੀ ਕਰ ਦਿਤੀ ਗਈ, ਜਿਸ ਤੋਂ ਬਾਅਦ ਪੰਜਾਬ ਦੇ ਸਿਆਸਤਦਾਨਾਂ ਵਲੋਂ ਅਕਾਲੀ ਦਲ ਨੂੰ ਜ਼ਿੰਮੇਵਾਰ ਠਹਿਰਾ ਕੇ ਬਾਦਲ ਪਰਵਾਰ ਤੇ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ ਅਤੇ ਨਾਲ ਹੀ ਕੁੰਵਰ ਵਿਜੇ ਪ੍ਰਤਾਪ ਦੀ ਬਹਾਲੀ ਦੀ ਮੰਗ ਵੀ ਕੀਤੀ ਜਾ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਵੀ ਕੁੰਵਰ ਵਿਜੇ ਪ੍ਰਤਾਪ ਦੀ ਬਦਲੀ ਨੂੰ ਪੱਖਪਾਤੀ ਹੁਕਮ ਕਰਾਰ ਦਿੰਦੇ ਹੋਏ ਕਿਹਾ ਕਿ ਉਹ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਦੀ ਬਦਲੀ ਦੇ ਫ਼ੈਸਲੇ ’ਤੇ ਚੋਣ ਕਮਿਸ਼ਨ ਨੂੰ ਮੁੜ ਵਿਚਾਰ ਕਰਨ ਦੀ ਮੰਗ ਕਰਨਗੇ।