ਮੁੰਬਈ : ਇਨ੍ਹੀਂ ਦਿਨੀਂ ਕੰਗਨਾ ਰਣੌਤ ਦੀ ਭੈਣ ਰੰਗੋਲੀ ਚੰਦੇਲ ਸੁਰਖੀਆਂ 'ਚ ਹੈ। ਇੱਕ ਵਿਵਾਦਤ ਟਵੀਟ ਕਾਰਨ ਰੰਗੋਲੀ ਦੇ ਟਵਿਟਰ ਅਕਾਊਂਟ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ਡਾਕਟਰਾਂ ਦੀ ਟੀਮ ਉੱਤੇ ਹਮਲੇ ਦੇ ਮਾਮਲੇ ਵਿੱਚ ਇੱਕ ਵਿਵਾਦਤ ਟਵੀਟ ਕੀਤਾ ਸੀ। ਇਹ ਟਵੀਟ ਨੂੰ ਟਵਿੱਟਰ ਨੇ ਆਪਣੇ ਨਿਯਮਾਂ ਦੇ ਵਿਰੁੱਧ ਪਾਇਆ ਸੀ। ਰੰਗੋਲੀ ਨੇ ਇਸ ਤੋਂ ਬਾਅਦ ਕਿਹਾ ਸੀ ਕਿ ਟਵਿੱਟਰ ਇੱਕ ਅਮਰੀਕੀ ਪਲੇਟਫਾਰਮ ਹੈ। ਇਹ ਪੂਰੀ ਤਰ੍ਹਾਂ ਪੱਖਪਾਤੀ ਅਤੇ ਭਾਰਤ ਦੇ ਵਿਰੁੱਧ ਹੈ। ਹੁਣ ਪੁਲਿਸ ਨੇ ਰੰਗੋਲੀ ਵਿਰੁੱਧ ਸ਼ਿਕਾਇਤ ਦਰਜ ਕੀਤੀ ਹੈ। ਸਪੋਟਬੁਆਏ ਅਨੁਸਾਰ ਵਕੀਲ ਅਲੀ ਕਸੀਫ ਖ਼ਾਨ ਨੇ ਅੰਬੋਲੀ ਥਾਣੇ 'ਚ ਰੰਗੋਲੀ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੇ ਸ਼ਿਕਾਇਤ 'ਚ ਲਿਖਿਆ ਕਿ ਕੋਰੋਨਾ ਨੇ ਪੂਰੀ ਦੁਨੀਆ ਵਿੱਚ ਤਬਾਹੀ ਮਚਾਈ ਹੈ, ਪਰ ਰੰਗੋਲੀ ਗਲਤ ਪ੍ਰਚਾਰ ਕਰਦਿਆਂ ਇੱਕ ਭਾਈਚਾਰੇ ਵਿਰੁੱਧ ਨਿਸ਼ਾਨਾ ਸਾਧ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਫ਼ਰਾਹ ਖਾਨ ਨੇ ਰੰਗੋਲੀ ਚੰਦੇਲ ਦੇ ਟਵਿੱਟਰ ਅਕਾਊਂਟ ਨੂੰ ਸਸਪੈਂਡ ਕਰਨ 'ਤੇ ਪ੍ਰਤੀਕਿਰਿਆ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਕਈ ਵਾਰ ਸਾਨੂੰ ਉਨ੍ਹਾਂ ਵਿਰੁੱਧ ਬੋਲਣਾ ਚਾਹੀਦਾ ਹੈ ਜੋ ਨਫ਼ਰਤ ਫੈਲਾ ਰਹੇ ਹਨ। ਇਸ ਸਮੇਂ ਸਾਨੂੰ ਦੁਨੀਆ ਵਿੱਚ ਸਕਾਰਾਤਮਕ ਵਿਚਾਰਾਂ ਨੂੰ ਫੈਲਾਉਣਾ ਚਾਹੀਦਾ ਹੈ।