ਮਹਿਰੌਲੀ (ਨਵੀਂ ਦਿੱਲੀ) : ਕੋਰੋਨਾ ਸੰਕਟ ਦੌਰਾਨ ਇੱਕ ਬਹੁਤ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਡਿਊਟੀ ਤੋਂ ਪਰਤ ਰਹੇ ਡਾਕਟਰ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਮਹਿਰੌਲੀ ਪੌਲੀ–ਕਲੀਨਿਕ ਦੇ ਕੋਵਿਡ ਸਕ੍ਰੀਨਿੰਗ ਸੈਂਟਰ ’ਚ ਤਾਇਨਾਤ ਡਾਕਟਰ ਜੇ.ਪੀ. ਯਾਦਵ ਦੀ ਸੜਕ ਹਾਦਸੇ ’ਚ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਘਰ ਪਰਤਦੇ ਸਮੇਂ ਇੱਕ ਅਣਪਛਾਤੀ ਕਾਰ ਨੇ ਉਨ੍ਹਾਂ ਦੀ ਸਾਇਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਸ ਤੋਂ ਉਨ੍ਹਾਂ ਨੂੰ ਹਸਪਤਾਲ ਲਿਜਾਂਦਾ ਗਿਆ ਪਰ ਉੱਥੇ ਉਨ੍ਹਾਂ ਦੀ ਮੌਤ ਹੋ ਗਈ। ਰਿਪੋਰਟਾਂ ਮੁਤਾਬਕ ਪੁਲਿਸ ਨੇ ਦੱਸਿਆ ਕਿ ਡਾ. ਯਾਦਵ ਮਹਿਰੌਲੀ ਦੀ ਐਸਡੀਐੱਮਸੀ ਡਿਸਪੈਂਸਰੀ ’ਚ ਤਾਇਨਾਤ ਸਨ। ਦਰਅਸਲ, ਉਨ੍ਹਾਂ ਦੀ ਕਾਰ ਖ਼ਰਾਬ ਹੋ ਗਈ ਸੀ ਤੇ ਲੌਕਡਾਊਨ ਕਾਰਨ ਉਹ ਉਸ ਨੂੰ ਠੀਕ ਵੀ ਨਹੀਂ ਕਰਵਾ ਸਕ ਰਹੇ ਸਨ। ਇਸੇ ਲਈ ਉਨ੍ਹਾਂ ਸਾਇਕਲ ’ਤੇ ਹੀ ਡਿਊਟੀ ਜਾਣਾ ਠੀਕ ਸਮਝਿਆ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਸਿਹਤ ਕਰਮਚਾਰੀਆਂ ਨੂੰ ਪੀਪੀਈ ਕਿਟਸ ਦੇਣੀਆਂ ਸਨ, ਜਿਸ ਕਾਰਨ ਉਹ ਡਿਊਟੀ ’ਤੇ ਜਾਣ ਵਿੱਚ ਕਿਸੇ ਤਰ੍ਹਾਂ ਦੀ ਕੋਈ ਦੇਰੀ ਨਹੀਂ ਕਰਨੀ ਚਾਹੁੰਦੇ ਸਨ। ਡਾ. ਯਾਦਵ ਸਾਇਕਲ ਰਾਹੀਂ ਡਿਸਪੈਂਸਰੀ ਪੁੱਜ ਤਾਂ ਗਏ ਪਰ ਸ਼ਾਮੀਂ ਘਰ ਪਰਤਦੇ ਸਮੇਂ ਮਾਲਵੀਆ ਨਗਰ ਦੇ ਟ੍ਰੈਫ਼ਿਕ ਸਿਨਗਲ ਕੋਲ ਇੱਕ ਕਾਰ ਨੇ ਉਨ੍ਹਾਂ ਦੀ ਸਾਇਕਲ ਨੂੰ ਟੱਕਰ ਮਾਰ ਦਿੱਤੀ। ਮੁਲਜ਼ਮ ਡਰਾਇਵਰ ਆਪਣੀ ਕਾਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਮੁਤਾਬਕ ਪਿੱਛੇ ਕਾਰ ’ਚ ਉਨ੍ਹਾਂ ਦੇ ਇੱਕ ਸਹਿਯੋਗੀ ਆ ਰਹੇ ਸਨ, ਜੋ ਉਨ੍ਹਾਂ ਨੂੰ ਹਸਪਤਾਲ ਲੈ ਗਏ ਪਰ ਉੱਥੇ ਉਨ੍ਹਾਂ ਦੀ ਮੌਤ ਹੋ ਗਈ।
ਪੁਲਿਸ ਹੁਣ ਫ਼ਰਾਰ ਕਾਰ–ਚਾਲਕ ਦੀ ਭਾਲ਼ ਵਿੱਚ ਜੁਟ ਗਈ ਹੈ।