Friday, November 22, 2024
 

ਰਾਸ਼ਟਰੀ

ਲਾਕਡਾਊਨ : ਸ਼ਾਹੀ ਅੰਦਾਜ਼ 'ਚ ਹੋਇਆ ਸਾਬਕਾ CM ਕੁਮਾਰਸਵਾਮੀ ਦੇ ਪੁੱਤਰ ਦਾ ਵਿਆਹ

April 17, 2020 05:24 PM

ਬੈਂਗਲੁਰੂ :ਕੋਰੋਨਾਵਾਇਰਸ ਮਹਾਮਾਰੀ ਕਾਰਨ ਦੇਸ਼ 'ਚ ਇਸ ਸਮੇਂ ਲਾਕਡਾਊਨ ਲਾਗੂ ਹੈ। ਲੋਕਾਂ ਦੇ ਘਰ ਤੋਂ ਬਾਹਰ ਨਿਕਲਣ ਦੀ ਪਾਬੰਦੀ ਹੈ। ਕੋਈ ਵੱਡਾ ਪ੍ਰੋਗਰਾਮ ਨਹੀਂ ਹੋ ਰਿਹਾ ਹੈ ਪਰ ਇਨ੍ਹਾਂ ਸਾਰੀਆਂ ਪਾਬੰਦੀਆਂ ਦੇ ਬਾਵਜੂਦ ਅੱਜ ਭਾਵ ਸ਼ੁੱਕਰਵਾਰ ਨੂੰ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਜੇ.ਡੀ.ਐੱਸ ਨੇਤਾ ਐੱਚ.ਡੀ.ਕੁਮਾਰਸਵਾਮੀ ਦੇ ਪੁੱਤਰ ਨਿਖਿਲ ਕੁਮਾਰਸਵਾਮੀ ਦਾ ਵਿਆਹ ਬੈਂਗਲੁਰੂ ਦੇ ਰਾਮਨਗਰ 'ਚ ਕਾਫੀ ਸ਼ਾਹੀ ਤਰੀਕੇ ਨਾਲ ਹੋਇਆ, ਜਿੱਥੇ ਮੀਡੀਆ ਦੇ ਜਾਣ ਦੀ ਪਾਬੰਦੀ ਲਾਈ ਗਈ ਸੀ। 

 ਇਸ ਵਿਆਹ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੋ ਰਹੇ ਹਨ ਕਿਉਂਕਿ ਇਕ ਪਾਸੇ ਜਿੱਥੇ ਦੇਸ਼ ਭਰ 'ਚ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਦਾ ਪਾਠ ਪੜਾਇਆ ਜਾ ਰਿਹਾ ਹੈ, ਉੱਥੇ ਦੂਜੇ ਪਾਸੇ ਇਸ ਤਰ੍ਹਾਂ ਦਾ ਵੀ.ਵੀ.ਆਈ.ਪੀ ਟ੍ਰੀਟਮੈਂਟ ਦੇਖਣ ਨੂੰ ਮਿਲ ਰਿਹਾ ਹੈ। ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਦੇ ਪੁੱਤਰ ਨਿਖਿਲ ਨੇ ਕਾਂਗਰਸ ਸਰਕਾਰ 'ਚ ਮੰਤਰੀ ਰਹੇ ਐੱਮ. ਕ੍ਰਿਸ਼ਨੱਪਾ ਦੀ ਭਤੀਜੀ ਰੇਵਤੀ ਨਾਲ ਵਿਆਹ ਦੇ ਬੰਧਨ 'ਚ ਬੱਝ ਗਏ ਹਨ। 
 ਰਾਮਨਗਰ ਦੇ ਇਕ ਫਾਰਮ ਹਾਊਸ 'ਚ ਸ਼ਾਹੀ ਵਿਆਹ ਦਾ ਆਯੋਜਨ ਕੀਤਾ ਗਿਆ ਅਤੇ ਇਸ ਦੌਰਾਨ 30-40 ਗੱਡੀਆਂ ਦਾ ਇਕੱਠ ਦੇਖਿਆ ਗਿਆ।ਸਥਾਨਿਕ ਪੁਲਸ ਦਾ ਕਹਿਣਾ ਸੀ ਕਿ ਪਰਿਵਾਰ ਵੱਲੋਂ ਕੁਝ ਗੱਡੀਆਂ ਦੇ ਰਜ਼ਿਸਟ੍ਰੇਸ਼ਨ ਨੰਬਰ ਦਿੱਤੇ ਗਏ ਸੀ, ਸਿਰਫ ਉਨ੍ਹਾਂ ਗੱਡੀਆਂ ਨੂੰ ਪ੍ਰੋਗਰਾਮ 'ਚ ਜਾਣ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ। ਦੱਸਿਆਂ ਜਾਂਦਾ ਹੈ ਕਿ ਲਾਕਡਾਊਨ ਦੌਰਾਨ ਇਸ ਵਿਆਹ 'ਚ ਮਹਿਮਾਨਾਂ ਦੀ ਗਿਣਤੀ ਘੱਟ ਰਹੀ ਅਤੇ ਵਿਆਹ ਦੌਰਾਨ ਪਹੁੰਚੇ ਲੋਕ ਵਿਆਹ ਦੀਆਂ ਰਸਮਾਂ ਆਸਾਨੀ ਨਾਲ ਵੇਖ ਸਕਣ, ਇਸ ਦੇ ਲਈ ਵੱਡੀਆਂ ਟੀ.ਵੀ. ਸਕਰੀਨਾਂ ਲਾਈਆਂ ਗਈਆਂ ਸੀ। 
ਦੱਸਣਯੋਗ ਹੈ ਕਿ ਲਾਕਡਾਊਨ ਦੇ ਕਾਰਨ ਕੇਂਦਰ ਸਰਕਾਰ ਨੇ ਜੋ ਗਾਈਡਲਾਈਨ ਜਾਰੀ ਕੀਤੀਆਂ ਸਨ। ਉਸ ਦੇ ਅਨੁਸਾਰ ਕਿਸੇ ਵੀ ਵੱਡੇ ਪ੍ਰੋਗਰਾਮ ਦੇ ਆਯੋਜਨ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਣੀ ਹੈ ਹਾਲਾਂਕਿ ਜਦੋਂ ਐੱਚ.ਡੀ.ਕੁਮਾਰਸਵਾਮੀ ਤੋਂ ਇਸ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਵਿਆਹ ਨੂੰ ਲੈ ਕੇ ਪਾਸ ਸਾਰੇ ਤਰ੍ਹਾਂ ਦੇ ਮਨਜ਼ੂਰ ਕਰਵਾਏ ਗਏ ਹਨ। 
 ਇਸ ਤੋਂ ਇਲਾਵਾ ਡਾਕਟਰਾਂ ਤੋਂ ਵੀ ਸਲਾਹ ਲਈ ਗਈ ਹੈ। ਸੂਬਾ ਸਰਕਾਰ ਵੱਲੋਂ ਇਸ ਵਿਆਹ 'ਚ ਸਿਰਫ 70 ਤੋਂ 100 ਲੋਕਾਂ ਦੀ ਮੌਜੂਦਗੀ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ਵੱਲੋਂ ਵਿਆਹ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਹੈ, ਜਿਸ ਦੁਆਰਾ ਇਸ ਗੱਲ ਦਾ ਧਿਆਨ ਰੱਖਿਆ ਗਿਆ ਹੈ ਕਿ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਹੋਇਆ ਹੈ ਜਾਂ ਨਹੀਂ।

 

Have something to say? Post your comment

 
 
 
 
 
Subscribe