ਡੇਰਾਬੱਸੀ ਵਿਖੇ ਜ਼ਹਿਰੀਲੀ ਗੈਸ ਚੜ੍ਹਨ ਦੀਆਂ ਵਾਪਰੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਮੈਜਿਸਟੀਰੀਅਲ ਜਾਂਚ ਦੇ ਨਿਰਦੇਸ਼ ਦਿੱਤੇ ਹਨ। ਗੌਰਤਲਬ ਹੈ ਕਿ ਅੱਜ ਡੇਰਾਬੱਸੀ ਵਿਖੇ ਦੋ ਘਟਨਾਵਾਂ ਵਿੱਚ ਜਹਿਰੀਲੀ ਗੈਸ ਚੜ੍ਹਨ ਨਾਲ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ।
ਇੱਕ ਸਰਕਾਰੀ ਬੁਲਾਰੇ ਅਨੁਸਾਰ ਪਹਿਲੀ ਘਟਨਾ ਜੌਹਲ ਕਲਾਂ ਵਿਖੇ ਵਾਪਰੀ ਜਿੱਥੇ ਇੱਕ ਵਿਅਕਤੀ ਦੀ ਸੀਵਰੇਜ਼ ਦੀ ਸਫ਼ਾਈ ਕਰਦੇ ਹੋਏ ਸਾਹ ਘੁੱਟਣ ਨਾਲ ਮੌਤ ਹੋ ਗਈ। ਇਸੇ ਦੌਰਾਨ ਦੂਜੀ ਘਟਨਾ ਮੀਟ ਪਲਾਂਟ ਬੇਹੜਾ ਵਿਖੇ ਵਾਪਰੀ ਜਿੱਥੇ ਸੀਵਰੇਜ਼ ਦੀ ਸਫ਼ਾਈ ਦੌਰਾਨ ਸਾਹ ਘੁੱਟਣ ਨਾਲ ਚਾਰ ਵਿਅਕਤੀਆਂ ਦੀ ਮੌਤ ਹੋ ਗਈ।
ਸ੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਲਈ ਜ਼ਿੰਮੇਂਵਾਰ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।