ਕਾਬੁਲ : ਅਫ਼ਗਾਨੀਸਤਾਨ ਦੇ ਉੱਤਰੀ ਸਰ-ਏ-ਪੁਲ ਸੂਬੇ ਵਿਚ ਤਾਲੀਬਾਨ ਨੇ ਸਾਂਝੀ ਫ਼ੌਜ ਅਤੇ ਪੁਲਿਸ ਬੇਸ 'ਤੇ ਹਮਲਾ ਕਰੇ ਦਿਤਾ ਜਿਸ ਵਿਚ ਘੱਟੋਂ ਘੱਟ ਪੰਜ ਸੁਰੱਖਿਆ ਕਰਮੀ ਮਾਰੇ ਗਏ। ਸੂਬਾਈ ਗਵਰਨ ਦੇ ਬੁਲਾਰੇ ਜ਼ਬੀਹੁੱਲਾ ਅਮਾਨੀ ਨੇ ਦਸਿਆ ਕਿ ਸੋਮਵਾਰ ਰਾਤ ਨੂੰ ਸਾਂਗਚਾਰਕ ਜ਼ਿਲ੍ਹੇ ਵਿਚ ਹੋਏ ਹਮਲੇ 'ਚ ਸੱਤ ਸਿਪਾਹੀ ਜ਼ਖ਼ਮੀ ਵੀ ਹੋ ਗਏ। ਤਾਲੀਬਾਨ ਨੇ ਹਮਲੇ ਨੂੰ ਲੈ ਕੇ ਤੁਰਤ ਕੋਈ ਟਿਪੱਣੀ ਨਹੀਂ ਕਿਤੀ ਹੈ। ਉੱਧਰ ਅਮਾਨੀ ਨੇ ਕਿਹਾ ਜਵਾਬੀ ਕਾਰਵਾਈ ਵਿਚ ਚਾਰ ਬਾਗੀਆਂ ਨੂੰ ਵੀ ਮਾਰ ਦਿਤਾ ਗਿਆ ਹੈ। ਇਸ ਤੋਂ ਪਹਿਲਾਂ ਸਮੋਵਾਰ ਦੁਪਹਿਰ ਨੂੰ ਅਫ਼ਗਾਨ ਫ਼ੌਜ ਦੇ ਇਕ ਅਧਿਕਾਰੀ ਨੇ ਅਪਣੇ ਦੋ ਸਾਥੀ ਸੈਨਿਕਾਂ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਸੀ ਅਤੇ ਭੱਜ ਕੇ ਤਾਲੀਬਾਨ ਦੇ ਖੇਮੇ ਵਿਚ ਸ਼ਾਮਲ ਹੋ ਗਿਆ ਸੀ।