Friday, November 22, 2024
 

ਰਾਸ਼ਟਰੀ

ਪੰਜਾਬ ਦੇ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ 11 ਅਪ੍ਰੈਲ ਤੋਂ 10 ਮਈ ਤੱਕ: ਸਿੱਖਿਆ ਮੰਤਰੀ

April 10, 2020 08:26 PM

ਚੰਡੀਗੜ੍ਹ : ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਿੱਚ ਪੰਜਾਬ ਮੰਤਰੀ ਮੰਡਲ ਦੀ ਹੋਈ ਮੀਟਿੰਗ ਵਿੱਚ ਰਾਜ ਦੇ ਸਰਕਾਰੀ ਅਤੇ ਪ੍ਰਾਈਵੇਟ ਦੋਵਾਂ ਸਕੂਲਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਪਹਿਲਾਂ ਕਰਨ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੀਤੇ ਲੌਕਡਾਊਨ ਕਾਰਨ ਹੋ ਰਹੇ ਪੜ੍ਹਾਈ ਦੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ। ਸ੍ਰੀ ਸਿੰਗਲਾ ਨੇ ਦੱਸਿਆ ਕਿ ਹੁਣ ਇਕ ਮਹੀਨੇ ਲਈ ਗਰਮੀ ਦੀਆਂ ਛੁੱਟੀਆਂ 11 ਅਪ੍ਰੈਲ ਤੋਂ ਸੁਰੂ ਹੋਣਗੀਆਂ ਤੇ 10 ਮਈ ਤੱਕ ਚੱਲਣਗੀਆਂ।

ਪੰਜਵੀਂ ਅਤੇ ਅੱਠਵੀਂ ਜਮਾਤ ਦੇ ਬਾਕੀ ਰਹਿੰਦੇ ਪੇਪਰ ਕੀਤੇ ਰੱਦ, ਇਨ੍ਹਾਂ ਜਮਾਤਾਂ ਲਈ ਹੋਰ ਪ੍ਰੀਖਿਆ ਲਏ ਬਿਨਾਂ ਨਤੀਜੇ ਐਲਾਨੇਗਾ ਪੰਜਾਬ ਸਕੂਲ ਸਿੱਖਿਆ ਬੋਰਡ: ਵਿਜੈ ਇੰਦਰ ਸਿੰਗਲਾ

ਸਿੱਖਿਆ ਮੰਤਰੀ ਨੇ ਕਿਹਾ ਕਿ ਮੰਤਰੀ ਮੰਡਲ ਨੇ ਇਹ ਵੀ ਫੈਸਲਾ ਕੀਤਾ ਕਿ ਪੰਜਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਕਰਫਿਊ ਤੋਂ ਪਹਿਲਾਂ ਜਿਹੜੇ ਪੇਪਰ ਦੇ ਦਿੱਤੇ ਸਨ, ਉਨ੍ਹਾਂ ਦੇ ਆਧਾਰ ਉਤੇ ਹੀ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਇਨ੍ਹਾਂ ਵਿਦਿਆਰਥੀਆਂ ਨੂੰ ਅਗਲੀਆਂ ਜਮਾਤਾਂ ਵਿੱਚ ਭੇਜ ਦੇਵੇਗਾ। ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਕਰਫਿਊ  ਕਾਰਨ ਆਪਣੇ ਬੱਚਿਆਂ ਦੀ ਪੜ੍ਹਾਈ ਦੇ ਹੋ ਰਹੇ ਨੁਕਸਾਨ ਕਾਰਨ ਮਾਪੇ ਚਿੰਤਤ ਸਨ ਅਤੇ ਛੁੱਟੀਆਂ ਜਲਦੀ ਕਰਨ ਦੇ ਇਸ ਫੈਸਲੇ ਨਾਲ ਉਨ੍ਹਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਵੀ 11 ਅਪ੍ਰੈਲ ਤੋਂ ਛੁੱਟੀਆਂ ਦੀ ਸੁਰੂਆਤ ਕਰਨੀ ਚਾਹੀਦੀ ਹੈ ਪਰ ਉਹ ਆਪਣੀ ਲੋੜ ਅਨੁਸਾਰ ਇਨ੍ਹਾਂ ਛੁੱਟੀਆਂ ਦੀ ਮਿਆਦ ਵਧਾਉਣ ਲਈ ਆਜਾਦ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਪੀਐਸਈਬੀ ਨੇ ਕਰਫਿਊ ਲਗਾਉਣ ਤੋਂ ਪਹਿਲਾਂ ਪੰਜਵੀਂ ਜਮਾਤ ਦੇ ਤਿੰਨ ਪੇਪਰ ਲਏ ਸਨ ਅਤੇ ਹੁਣ ਮੰਤਰੀ ਮੰਡਲ ਨੇ ਬਾਕੀ ਰਹਿੰਦੇ ਦੋ ਪੇਪਰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਠਵੀਂ ਜਮਾਤ ਦੇ ਸਬੰਧ ਵਿੱਚ ਪ੍ਰੈਕਟੀਕਲ ਪ੍ਰੀਖਿਆਵਾਂ ਬਕਾਇਆ ਸਨ ਪਰ ਹੁਣ ਬੋਰਡ ਦੋਵਾਂ ਕਲਾਸਾਂ ਲਈ ਕੋਈ ਹੋਰ ਪੇਪਰ ਲਏ ਬਗੈਰ ਹੀ ਨਤੀਜਿਆਂ ਦਾ ਐਲਾਨ ਕਰੇਗਾ।

 

Have something to say? Post your comment

 
 
 
 
 
Subscribe