ਬਟਾਲਾ: ਕਸਬਾ ਘੁਮਾਣ ਦੇ ਨਜ਼ਦੀਕ ਪਿੰਡ ਦਕੋਹਾ ਵਿਚ ਦਕੋਹਾ ਤੋਂ ਬਾਘੇ ਨੂੰ ਜਾਂਦਿਆਂ ਲਿੰਕ ਰੋਡ ’ਤੇ ਬੀਤੀ ਦੇਰ ਰਾਤ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ ਹੋ ਗਈ। ਇਸ ਟੱਕਰ ਵਿਚ 2 ਨੌਜਵਾਨਾਂ ਦੀ ਮੌਤ ਹੋ ਗਈ ਤੇ ਇਕ ਜਣਾ ਗੰਭੀਰ ਜ਼ਖ਼ਮੀ ਹੋ ਗਿਆ।
ਇਸ ਬਾਰੇ ਥਾਣਾ ਘੁਮਾਣ ਦੇ ਏਐੱਸਆਈ ਪਾਲ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਲਾਡੀ ਪੁੱਤਰ ਅਜੀਤ ਸਿੰਘ ਵਾਸੀ ਘੁਮਾਣ ਬੀਤੇ ਰਾਤ ਆਪਣੀ ਦੁਕਾਨ ਬੰਦ ਕਰ ਕੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਵਾਪਸ ਆਪਣੇ ਪਿੰਡ ਘੁਮਾਣ ਵਿਖੇ ਆ ਰਿਹਾ ਸੀ।
ਜਦੋਂ ਉਹ ਪਿੰਡ ਦਕੋਹਾ ਦੇ ਨਜ਼ਦੀਕ ਪੁੱਜਾ ਤਾਂ ਅੱਗੇ ਆ ਰਹੇ ਪਲੈਟੀਨਾਂ ਮੋਟਰਸਾਈਕਲ ’ਤੇ ਕੁਲਜੀਤ ਸਿੰਘ ਪੁੱਤਰ ਨਿਰੰਜਣ ਸਿੰਘ ਪਿੰਡ ਭੋਲ ਅਤੇ ਜਸਵਿੰਦਰ ਸਿੰਘ ਪੁੱਤਰ ਦਰਸਾ ਸਿੰਘ ਪਿੰਡ ਭੋਲ ਪਿੰਡ ਦਕੋਹਾ ਤੋਂ ਵਾਪਸ ਆਪਣੇ ਪਿੰਡ ਭੋਲ ਜਾ ਰਹੇ ਸਨ ਕਿ ਲਿੰਕ ਰੋਡ ’ਤੇ ਇਨ੍ਹਾਂ ਮੋਟਰਸਾਈਕਲ ਸਵਾਰਾਂ ਦੀ ਆਹਮੋ-ਸਾਹਮਣੀ ਜਬਰਦਸਤ ਟੱਕਰ ਹੋ ਗਈ।
ਟੱਕਰ ਵਿਚ ਕੁਲਵਿੰਦਰ ਸਿੰਘ ਲਾਡੀ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਕੁਲਜੀਤ ਸਿੰਘ ਅਤੇ ਜਸਵਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਸੀ ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਹੋਇਆਂ ਕੁਲਜੀਤ ਸਿੰਘ ਨੇ ਵੀ ਦਮ ਤੋੜ ਦਿੱਤਾ, ਜਦਕਿ ਜਸਵਿੰਦਰ ਸਿੰਘ ਜ਼ੇਰੇ ਇਲਾਜ ਅਧੀਨ ਹੈ।
ਦੋਵੇਂ ਮ੍ਰਿਤਕ ਬਹੁਤ ਗ਼ਰੀਬ ਪਰਿਵਾਰ ਨਾਲ ਸਬੰਧਤ ਸਨ। ਪਿੰਡ ਵਾਸੀਆਂ ਨੇ ਮੁਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਨੂੰ ਗੁਹਾਰ ਲਾਈ ਹੈ ਕਿ ਮਿ੍ਰਤਕਾਂ ਦੇ ਵਾਰਸਾਂ ਦੀ ਮਾਲੀ ਤੌਰ ’ਤੇ ਮਦਦ ਕੀਤੀ ਜਾਵੇ। ਪੁਲਿਸ ਥਾਣਾ ਘੁਮਾਣ ਦੀ ਪੁਲਿਸ ਨੇ ਮੌਕੇ’ ਤੇ ਪਹੁੰਚ ਕੇ ਵਾਹਨਾਂ ਨੂੰ ਕਬਜ਼ੇ ’ਚ ਲੈ ਲਿਆ ਹੈ।