ਫਰੀਦਕੋਟ: ਕੋਟਕਪੂਰਾ ਵਿਖੇ ਇਕ ਵਿਅਕਤੀ ਵੱਲੋਂ ਪੈਟਰੋਲ ਛਿੜਕ ਕੇ ਖ਼ੁਦ ਨੂੰ ਅੱਗ ਲਾ ਕੇ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਸਾਹਮਣੇ ਆਈ ਹੈ। ਕੋਟਕਪੂਰਾ ਦੇ ਮੁਹੱਲਾ ਸੁਰਗਾਪੁਰੀ ਦੇ ਰਹਿਣ ਵਾਲੇ ਵਿਅਕਤੀ ਸਾਹਿਬ ਸਿੰਘ (39) ਦਾ ਸਹੁਰੇ ਪਰਿਵਾਰ ਨਾਲ ਝਗੜਾ ਚੱਲ ਰਿਹਾ ਸੀ ਅਤੇ ਬੀਤੀ 13 ਅਕਤੂਬਰ ਨੂੰ ਉਸ ਨੇ ਤੰਗ ਆ ਕੇ ਆਪਣੇ-ਆਪ 'ਤੇ ਪੈਟਰੋਲ ਛਿੜਕ ਕੇ ਅੱਗ ਲਾ ਲਈ।
ਅੱਗ ਲੱਗਣ ਕਾਰਨ ਉਹ ਬੁਰੇ ਤਰੀਕੇ ਨਾਲ ਝੁਲਸ ਗਿਆ ਅਤੇ ਉਸ ਨੂੰ ਗੰਭੀਰ ਹਾਲਾਤ 'ਚ ਲੁਧਿਆਣਾ ਦੇ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਹਾਲਤ ਜ਼ਿਆਦਾ ਵਿਗੜਨ ਕਾਰਨ ਉਸ ਦੀ ਬੀਤੇ ਦੇਰ ਰਾਤ ਮੌਤ ਹੋ ਗਈ। ਦੱਸ ਦੇਈਏ ਕਿ ਮ੍ਰਿਤਕ ਵਿਅਕਤੀ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਇਕ ਵੀਡੀਓ ਵੀ ਬਣਾਈ ਸੀ ਅਤੇ ਉਸ 'ਚ ਆਪਣੀ ਮੌਤ ਦੇ ਜ਼ਿੰਮੇਵਾਰ ਆਪਣੇ ਸਹੁਰਾ ਪਰਿਵਾਰ ਨੂੰ ਠਹਿਰਾਇਆ।
ਮ੍ਰਿਤਕ ਦੇ ਮਾਮੇ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦਾ ਵਿਆਹ 14 ਸਾਲ ਪਹਿਲਾਂ ਅਬੋਹਰ ਦੀ ਰਹਿਣ ਵਾਲੀ ਮੋਨਿਕਾ ਨਾਲ ਹੋਇਆ ਸੀ। ਦੋਵਾਂ ਵਿੱਚ ਲੰਮੇ ਸਮੇਂ ਤੋਂ ਘਰੇਲੂ ਕਲੇਸ਼ ਚੱਲ ਰਿਹਾ ਸੀ, ਜਿਸ ਦੇ ਕਾਰਨ ਉਹ ਆਪਣੇ ਦੋਵੇਂ ਬੱਚਿਆਂ ਨੂੰ ਲੈ ਕੇ ਪੇਕੇ ਚਲੀ ਗਈ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ 13 ਅਕਤੂਬਰ ਨੂੰ ਆਪਣੀ ਪਤਨੀ ਨੂੰ ਲੈਣ ਆਪਣੇ ਸਹੁਰੇ ਘਰ ਅਬੋਹਰ ਗਿਆ ਸੀ ਪਰ ਉੱਥੇ ਉਸ ਦੀ ਸਹੁਰਾ ਪਰਿਵਾਰ ਨਾਲ ਲੜਾਈ ਹੋ ਗਈ। ਜਿਸ ਤੋਂ ਬਾਅਦ ਉਸ ਨੇ ਘਰ ਆ ਕੇ ਖ਼ੁਦ ਨੂੰ ਅੱਗ ਲਾ ਲਈ।
ਇਸ ਸੰਬੰਧੀ ਅਬੋਹਰ ਥਾਣਾ ਸਿਟੀ ਪੁਲਿਸ ਨੇ ਮ੍ਰਿਤਕ ਵਿਅਕਤੀ ਦੀ ਪਤਨੀ ਮੋਨਿਕਾ, ਸੱਸ ਸੁਮਿੱਤਰਾ ਦੇਵੀ, ਸਹੁਰਾ ਸੱਤਨਰਾਇਣ ਅਤੇ ਸਾਲੀ ਰੇਣੂਕਾ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ 'ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਫਰੀਦਕੋਟ ਦੇ ਮੈਡੀਕਲ ਹਸਪਤਾਲ ਭੇਜ ਦਿੱਤਾ ਹੈ। ਪੀੜਤ ਪਰਿਵਾਰ ਵੱਲੋਂ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ।