ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਕਰੋਨਾ ਸੰਕਟ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ ਅਤੇ ਲੋਕਾਂ ਨੂੰ ਇਸ ਮੁਸਕਿਲ ਦੌਰ ਵਿਚ ਘੱਟ ਤੋਂ ਘੱਟ ਪਰੇਸ਼ਾਨੀ ਹੋਵੇ ਇਸ ਲਈ ਸਾਰੇ ਜਰੂਰੀ ਕਦਮ ਚੁੱਕੇ ਜਾ ਰਹੇ ਹਨ। ਅੱਜ ਇੱਥੋਂ ਜਾਰੀ ਬਿਆਨ ਵਿਚ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲੋੜਵੰਦ ਲੋਕਾਂ ਨੂੰ ਮੁਫ਼ਤ ਭੋਜਨ ਮੁਹਈਆ ਕਰਵਾਉਣ ਤੋਂ ਇਲਾਵਾ ਵੱਖ ਵੱਖ ਵਰਗਾਂ ਦੇ ਲੋਕਾਂ ਲਈ ਵੀ ਕਈ ਛੋਟਾਂ ਦਾ ਐਲਾਣ ਕੀਤਾ ਗਿਆ ਹੈ। ਇਸੇ ਤਰਾਂ ਕਣਕ ਦੀ ਸੁਚਾਰੂ ਖਰੀਦ ਲਈ ਵੀ ਸੂਬਾ ਸਰਕਾਰ ਵਿਊਂਤਬੰਦੀ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਲੋਕ ਇਸ ਮੁਸਕਿਲ ਦੌਰ ਵਿਚ ਇੱਕਲੇ ਨਹੀਂ ਹਨ ਸਗੋਂ ਕਾਂਗਰਸ ਦੀ ਅਗਵਾਈ ਵਾਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਉਨ੍ਹਾਂ ਦੇ ਨਾਲ ਖੜੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ 10 ਲੱਖ ਪਰਿਵਾਰਾਂ ਨੂੰ ਇਸ ਔਖੀ ਘੜੀ ਵਿਚ ਰਾਸ਼ਨ ਮੁਹਈਆ ਕਰਵਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਸਲ ਰਾਜਨੇਤਾ ਹਨ ਜਿੰਨ੍ਹਾਂ ਨੇ ਸੂਬੇ ਦੇ ਲੋਕਾਂ ਦੀ ਸਿਹਤ ਸੁਰੱਖਿਆ ਲਈ ਸਭ ਤੋਂ ਪਹਿਲਾਂ ਕਰਫਿਊ ਲਗਾਉਣ ਦਾ ਫੈਸਲਾ ਕੀਤਾ ਅਤੇ ਰਾਜ ਦੇ ਲੋਕਾਂ ਨੇ ਵੀ ਇਸ ਦਾ ਸਵਾਗਤ ਕੀਤਾ ਹੈ ਤਾਂ ਜੋ ਪੂਰੀ ਮਨੁੱਖਤਾ ਨੂੰ ਬਚਾਇਆ ਜਾ ਸਕੇ। ਸ੍ਰੀ ਜਾਖੜ ਨੇ ਇਸ ਮੌਕੇ ਦੂਜੀਆਂ ਸਿਆਸੀ ਪਾਰਟੀਆਂ ਵੱਲੋਂ ਕੀਤੇ ਸਹਿਯੋਗ ਲਈ ਵੀ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਮਾਂ ਆਪਸੀ ਸਹਿਯੋਗ ਨਾਲ ਚੱਲਣ ਦਾ ਹੈ।
ਕੇਂਦਰ ਸਰਕਾਰ ਸੂਬਿਆਂ ਦੀ ਮਦਦ ਲਈ ਅੱਗੇ ਆਵੇ
‑ਰਾਜ ਦੇ ਲੋਕਾਂ ਨੂੰ ਦਿੱਤਾ ਭਰੋਸਾ, ਸਰਕਾਰ ਸਭ ਮੁਸਕਿਲਾਂ ਦੂਰ ਕਰੇਗੀ
ਇਸ ਮੌਕੇ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਲਾਕਡਾਊਨ ਕਾਰਨ ਸੂਬਿਆਂ ਦੀ ਆਰਿਥਕਤਾ ਤੇ ਮਾੜਾ ਅਸਰ ਪਿਆ ਹੈ ਇਸ ਲਈ ਇਸ ਮੌਕੇ ਕੇਂਦਰ ਸਰਕਾਰ ਨੂੰ ਤੁਰੰਤ ਰਾਜਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਦਾ ਜੀਐਸਟੀ ਬਕਾਇਆ ਦੇਣ ਦੇ ਨਾਲ ਨਾਲ ਹੋਰ ਵਿੱਤੀ ਮਦਦ ਵੀ ਮੁਹਈਆ ਕਰਵਾਈ ਜਾਵੇ ਤਾਂ ਜੋ ਲੋੜਵੰਦ ਲੋਕਾਂ ਤੱਕ ਮਦਦ ਪਹੁੰਚਾਈ ਜਾ ਸਕੇ। ਇਸ ਮੌਕੇ ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਆਪਣੇ ਖਰਚਿਆਂ ਨੂੰ ਘੱਟ ਕਰੇ ਅਤੇ ਸਰਕਾਰੀ ਵਿਦੇਸ਼ ਦੌਰਿਆਂ ਨੂੰ ਰੋਕਿਆ ਜਾਵੇ। ਇਸੇ ਤਰਾਂ ਉਨ੍ਹਾਂ ਨੇ 20 ਹਜਾਰ ਕਰੋੜ ਰੁਪਏ ਦੇ ਸੈਂਟਰਲ ਵਿਸਟਾ ਪ੍ਰੋਜੈਕਟ ਨੂੰ ਵੀ ਅੱਗੇ ਪਾਊੁਣ ਦੀ ਅਪੀਲ ਕਰਦਿਆਂ ਕਿਹਾ ਕਿ ਫਿਲਹਾਲ ਪੁਰਾਤਨ ਇਤਿਹਾਸਕ ਇਮਾਰਤ ਤੋਂ ਵੀ ਸੰਸਦ ਆਪਣਾ ਕੰਮ ਕਰ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਬਚਾਈ ਗਈ ਰਕਮ ਪ੍ਰਵਾਸੀ ਕਾਮਿਆਂ, ਮਜ਼ਦੂਰਾਂ, ਕਿਸਾਨਾਂ, ਛੋਟੇ ਅਤੇ ਸੂਖ਼ਮ ਉਦਯੋਗਾਂ ਅਤੇ ਅਸੰਗਠਿਤ ਖ਼ੇਤਰਾਂ ਨੂੰ ਆਰਥਿਕ ਸੁਰੱਖਿਆ ਤੰਤਰ ਮੁਹੱਈਆ ਕਰਵਾਉਣ 'ਤੇ ਖ਼ਰਚੀ ਜਾਣੀ ਚਾਹੀਦੀ ਹੈ।