ਢਾਕਾ: ਬੰਗਲਾਦੇਸ਼ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਇਕ ਨਦੀ 'ਚ ਕਿਸ਼ਤੀ ਪਲਟਣ ਦੀ ਖਬਰ ਹੈ। ਇਸ ਹਾਦਸੇ 'ਚ ਘੱਟੋ-ਘੱਟ 23 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਦਰਜਨਾਂ ਲਾਪਤਾ ਦੱਸੇ ਜਾ ਰਹੇ ਹਨ।
ਹਾਦਸਾ ਬੰਗਲਾਦੇਸ਼ ਦੇ ਉੱਤਰੀ ਪੰਚਗੜ੍ਹ ਜ਼ਿਲ੍ਹੇ ਦਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਰਾਜਧਾਨੀ ਢਾਕਾ ਤੋਂ 468 ਕਿਲੋਮੀਟਰ ਦੂਰ ਕਰਤੋਆ ਨਦੀ 'ਚ ਐਤਵਾਰ ਦੁਪਹਿਰ ਨੂੰ ਇਕ ਕਿਸ਼ਤੀ ਪਲਟਣ ਨਾਲ ਘੱਟੋ-ਘੱਟ 23 ਲੋਕਾਂ ਦੀ ਮੌਤ ਹੋ ਗਈ।
ਪੰਚਗੜ੍ਹ ਦੇ ਬੋਦਾ ਥਾਣੇ ਦੇ ਅਧਿਕਾਰੀ ਸੁਜੋਏ ਕੁਮਾਰ ਰਾਏ ਨੇ ਕਿਹਾ, "ਹੁਣ ਤੱਕ ਔਰਤਾਂ ਅਤੇ ਬੱਚਿਆਂ ਸਮੇਤ 23 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।" ਪੰਚਗੜ੍ਹ ਦੇ ਡਿਪਟੀ ਕਮਿਸ਼ਨਰ ਮੁਹੰਮਦ ਜਹਰੁਲ ਇਸਲਾਮ ਨੇ ਦੱਸਿਆ ਕਿ ਇਹ ਹਾਦਸਾ ਔਲੀਆਘਾਟ ਇਲਾਕੇ ਨੇੜੇ ਵਾਪਰਿਆ।
ਉਨ੍ਹਾਂ ਕਿਹਾ ਕਿ ਕਿਸ਼ਤੀ 'ਤੇ ਸਵਾਰ 20-30 ਯਾਤਰੀ ਅਜੇ ਵੀ ਲਾਪਤਾ ਹਨ। ਪੰਚਗੜ੍ਹ ਦੇ ਡੀਸੀ ਨੇ ਕਿਹਾ, "ਲਾਸ਼ਾਂ ਨੂੰ ਬਰਾਮਦ ਕਰਨ ਅਤੇ ਲਾਪਤਾ ਲੋਕਾਂ ਨੂੰ ਲੱਭਣ ਲਈ ਬਚਾਅ ਕਾਰਜ ਜਾਰੀ ਹੈ।"