ਮੌੜ ਮੰਡੀ : ਪਿੰਡ ਘੁੰਮਣ ਕਲਾਂ ਦੀ ਹੱਡਾ ਰੋੜੀ ਦਾ ਵਿਵਾਦ ਉਸ ਸਮੇਂ ਹੋਰ ਭਖ ਗਿਆ ਜਦੋਂ ਹੱਡਾ-ਰੋੜੀ ਦੀ ਮਿਣਤੀ ਕਰਨ ਆਈ ਟੀਮ ’ਤੇ ਪਿੰਡ ਦਾ ਇੱਕ ਧੜਾ ਭੜਕ ਗਿਆ। ਇਸ ਦੌਰਾਨ ਪੁਲਿਸ ਨੇ ਲੋਕਾਂ ’ਤੇ ਲਾਠੀਚਾਰਜ ਕਰ ਦਿੱਤਾ।
ਇਸ ਦੌਰਾਨ ਡੀਐਸਪੀ ਮੌੜ ਬਲਜੀਤ ਸਿੰਘ ਬੱਸ ਵਿਚ ਬੰਦ ਕੀਤੇ ਕਿਸਾਨਾਂ ਉਤੇ ਡਾਂਗਾਂ ਵਰ੍ਹਾਉਂਦੇ ਨਜ਼ਰ ਆ ਰਹੇ ਹਨ। ਇਸ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ।
ਦੱਸ ਦਈਏ ਕਿ ਹੱਡਾ-ਰੋੜੀ ਦੀ ਮਿਣਤੀ ਲਈ ਨਾਇਬ ਤਹਿਸੀਲਦਾਰ ਜਗਤਾਰ ਸਿੰਘ ਦੀ ਅਗਵਾਈ ਹੇਠ ਕਾਨੂੰਗੋ ਮਨਦੀਪ ਸਿੰਘ, ਜੇਈ ਮਨਪ੍ਰੀਤ ਸਿੰਘ, ਡੀਐੱਸਪੀ ਬਲਜੀਤ ਸਿੰਘ ਤੇ ਥਾਣਾ ਮੌੜ ਦੇ ਮੁਖੀ ਦਰਸ਼ਨ ਸਿੰਘ ਭਾਰੀ ਪੁਲਿਸ ਨਫ਼ਰੀ ਨਾਲ ਜਦੋਂ ਪਿੰਡ ਘੁੰਮਣ ਕਲਾਂ ਪੁੱਜੇ ਤਾਂ ਪਿੰਡ ਦਾ ਇੱਕ ਧੜਾ ਟੀਮ ਨੂੰ ਰੋਕਣ ਲਈ ਅੱਗੇ ਆ ਗਿਆ।
ਲੋਕਾਂ ਨੇ ਜਦੋਂ ਟੀਮ ਨੂੰ ਮਿਣਤੀ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਖਦੇੜਨ ਲਈ ਲਾਠੀਚਾਰਜ ਕਰ ਦਿੱਤਾ। ਪਿੰਡ ਵਾਸੀਆਂ ਨੇ ਇਕਜੁੱਟ ਹੋ ਕੇ ਬਠਿੰਡਾ-ਮਾਨਸਾ ਰਾਜ ਮਾਰਗ ’ਤੇ ਆਵਾਜਾਈ ਠੱਪ ਕਰਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।