- 'ਨਰਿੰਦਰ ਮੋਦੀ, ਕਿਸਾਨ ਵਿਰੋਧੀ' ਕਿਤਾਬਚਾ ਜਾਰੀ
ਨਵੀਂ ਦਿੱਲੀ, 8 ਅਪ੍ਰੈਲ : ਰਾਸ਼ਟਰੀ ਕਿਸਾਨ ਮਹਾਸਭਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਜਪਾ ਨੂੰ ਵੋਟ ਨਾ ਪਾਉਣ। ਮਹਾਸਭਾ ਵਿਚ 185 ਕਿਸਾਨ ਜਥੇਬੰਦੀਆਂ ਸ਼ਾਮਲ ਹਨ।
ਆਰਕੇਐਮ ਨੇ ਕਿਤਾਬਚਾ ਜਾਰੀ ਕੀਤਾ, 'ਨਰਿੰਦਰ ਮੋਦੀ ਕਿਸਾਨ ਵਿਰੋਧੀ' ਜਿਸ ਵਿਚ ਖੇਤੀ ਦੇ ਮੋਰਚੇ 'ਤੇ ਰਾਸ਼ਟਰੀ ਜਮਹੂਰੀ ਗਠਜੋੜ ਦੀਆਂ ਨਾਕਾਮੀਆਂ ਦਾ ਜ਼ਿਕਰ ਕੀਤਾ ਗਿਆ ਹੈ। ਕਈ ਕਿਸਾਨ ਆਗੂਆਂ ਨੇ ਪੱਤਰਕਾਰ ਸੰਮੇਲਨ ਵਿਚ ਮੋਦੀ ਸਰਕਾਰ ਵਿਰੁਧ ਕਿਸਾਨਾਂ ਨਾਲ ਧੋਖਾ ਕਰਨ ਦੇ ਦੋਸ਼ ਲਾਏ ਅਤੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ ਕੇਂਦਰ ਸਰਕਾਰ ਦੇ ਕੰਮ ਕਿਸਾਨਾਂ ਲਈ ਨੁਕਸਾਨਦੇਹ ਰਹੇ।
ਪੰਜਾਬ ਦੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਆਨਲਾਈਨ ਕੌਮੀ ਖੇਤੀ ਬਾਜ਼ਾਰ ਜਾਂ ਈ-ਨੈਮ, ਮੁਦਰਾ ਸਿਹਤ ਕਾਰਡ ਅਤੇ ਸਿੰਜਾਈ ਯੋਜਨਾ ਕਿਸਾਨਾਂ ਨੂੰ ਕਿਸੇ ਤਰ੍ਹਾਂ ਦਾ ਲਾਭ ਦੇਣ ਵਿਚ ਨਾਕਾਮ ਰਹੀਆਂ। ਹਰਿਆਣਾ ਦੇ ਅਭਿਮਨਯੂੰ ਕੋਹਾੜ ਨੇ ਕਿਹਾ, 'ਇਸ ਕਿਤਾਬਚੇ ਦਾ ਮੁੱਖ ਉਦੇਸ਼ ਕਿਸਾਨਾਂ ਅਤੇ ਨੌਜਵਾਨਾਂ ਨੂੰ ਕਿਸਾਨਾਂ ਦੀ ਕੰਗਾਲੀ ਅਤੇ ਬੇਰੁਜ਼ਗਾਰੀ ਜਿਹੇ ਕੌਮੀ ਅਤੇ ਸਮਾਜਕ ਅਹਿਮੀਅਤ ਦੇ ਮੁੱਦਿਆਂ 'ਤੇ ਗ਼ੈਰ-ਰਾਜਸੀ ਤਰੀਕੇ ਨਾਲ ਜਾਗਰੂਕ ਕਰਨਾ ਹੈ।' ਕੋਹਾੜ ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਾਉਣ ਲਈ ਕੋਈ ਕਦਮ ਨਹੀਂ ਚੁਕਿਆ ਪਰ ਕਰੋੜਪਤੀਆਂ ਦੇ 2.72 ਲੱਖ ਕਰੋੜ ਰੁਪਏ ਮਾਫ਼ ਕਰ ਦਿਤੇ।
ਮੱਧ ਪ੍ਰਦੇਸ਼ ਦੇ ਸ਼ਿਵ ਕੁਮਾਰ ਕਾਕਾਜੀ ਨੇ ਦਾਅਵਾ ਕੀਤਾ ਕਿ ਸੱਤਾਧਿਰ ਭਾਜਪਾ ਸਰਕਾਰ ਨੇ ਕਿਸਾਨ ਵਿਰੋਧੀ 25 ਫ਼ੈਸਲੇ ਕੀਤੇ ਜਿਨ੍ਹਾਂ ਵਿਚ ਸਵਾਮੀਨਾਥਨ ਕਮਿਸ਼ਨ ਦੀ ਰੀਪੋਰਟ ਨੂੰ ਲਾਗੂ ਨਾ ਕਰਨਾ ਵੀ ਸ਼ਾਮਲ ਹੈ। (ਏਜੰਸੀ)