ਅੰਮ੍ਰਿਤਸਰ : ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਪਾਕਿਸਤਾਨ ਖ਼ਿਲਾਫ਼ ਐਤਵਾਰ ਨੂੰ ਦੁਬਈ ਵਿਚ ਖੇਡੇ ਗਏ ਏਸ਼ੀਆ ਕ੍ਰਿਕਟ ਕੱਪ ਟੂਰਨਾਮੈਂਟ ਦੇ ਸੁਪਰ-4 ਮੁਕਾਬਲੇ ਵਿਚ ਬੱਲੇਬਾਜ਼ ਆਸਿਫ਼ ਅਲੀ ਦਾ ਕੈਚ ਛੱਡਣ ਕਾਰਨ ਸੋਸ਼ਲ ਮੀਡੀਆ ’ਤੇ ਨਿਸ਼ਾਨਾ ਬਣਾਉਣ ਵਾਲਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਰੜੇ ਹੱਥੀਂ ਲਿਆ ਹੈ। ਜਥੇਦਾਰ ਨੇ ਭਾਰਤ ਸਰਕਾਰ ਨੂੰ ਅਰਸ਼ਦੀਪ ਖ਼ਿਲਾਫ ਟਿੱਪਣੀਆਂ ਕਰਨ ਵਾਲਿਆਂ ’ਤੇ ਸਖ਼ਤੀ ਨਾਲ ਨੱਥ ਪਾਉਣ ਲਈ ਆਖਿਆ ਹੈ। ਇਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਹੈ ਕਿ ਮਾੜੀ ਮਾਨਸਿਕਤਾ ਵਾਲੇ ਲੋਕਾਂ ’ਤੇ ਕਾਰਵਾਈ ਹੋਣੀ ਚਾਹੀਦੀ ਹੈ। ਮਾੜੀ ਸੋਚ ਰੱਖਣ ਵਾਲੇ ਲੋਕਾਂ ਨੇ ਹਮੇਸ਼ਾ ਕੌਮ ਅਤੇ ਦੇਸ਼ ਦਾ ਨੁਕਸਾਨ ਕੀਤਾ ਹੈ, ਲਿਹਾਜ਼ਾ ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਲੋੜ ਹੈ।
ਕ੍ਰਿਕਟਰ ਅਰਸ਼ਦੀਪ ਸਿੰਘ ਦੀ ਹੌਂਸਲਾ ਅਫਜ਼ਾਈ ਕਰਦਿਆਂ ਜਥੇਦਾਰ ਨੇ ਕਿਹਾ ਕਿ ਸਿੱਖ ਕੌਮ ਉਨ੍ਹਾਂ ਦੇ ਨਾਲ ਖੜ੍ਹੀ ਹੈ। ਜਥੇਦਾਰ ਨੇ ਕਿਹਾ ਕਿ ਸਿੱਖ ਕਦੇ ਹਾਰ ਮੰਨਣ ਵਾਲਿਆਂ ਵਿਚੋਂ ਨਹੀਂ ਹੈ। ਉਨ੍ਹਾਂ ਅਰਸ਼ਦੀਪ ਨੂੰ ਮਨ ਲਗਾ ਕੇ ਖੇਡਣ ਲਈ ਕਿਹਾ। ਜਥੇਦਾਰ ਨੇ ਕਿਹਾ ਕਿ ਅਕਾਲ ਪੁਰਖ ’ਤੇ ਭਰੋਸਾ ਰੱਖੋ ਅਤੇ ਪੂਰੀ ਤਨਖੇਹੀ ਨਾਲ ਖੇਡੋ ਵਾਹਿਗੁਰੂ ਫਤਿਹ ਜ਼ਰੂਰ ਬਖਸ਼ੇਗਾ।