ਨਿਊਯਾਰਕ : ਇਥੇ ਇੱਕ ਸਮਾਗਮ ਦੌਰਾਨ ਮਸ਼ਹੂਰ ਲੇਖਕ ਸਲਮਾਨ ਰਸ਼ਦੀ ਉੱਤੇ ਜਾਨਲੇਵਾ ਹਮਲਾ ਹੋਇਆ ਹੈ। ਪ੍ਰੋਗਰਾਮ ਦੌਰਾਨ ਸਟੇਜ ‘ਤੇ ਸਲਮਾਨ ਰੁਸ਼ਦੀ ‘ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਹਮਲਾਵਰ ਨੇ ਸਲਮਾਨ ਰਸ਼ਦੀ ਨੂੰ ਵੀ ਮੁੱਕੇ ਵੀ ਮਾਰੇ। ਇਸ ਸਮਾਗਮ ਵਿੱਚ 75 ਸਾਲਾ ਸਲਮਾਨ ਰਸ਼ਦੀ ਨੇ ਭਾਸ਼ਣ ਦੇਣਾ ਸੀ। ਹਮਲੇ ‘ਚ ਜ਼ਖਮੀ ਹੋਏ ਸਲਮਾਨ ਰੁਸ਼ਦੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਹਮਲਾਵਰ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।
ਨਿਊਯਾਰਕ ਪੁਲਿਸ ਨੇ ਕਿਹਾ ਕਿ ਉਹ ਚੌਟਾਉਕਾ ਇੰਸਟੀਚਿਊਟ ‘ਚ ਭਾਸ਼ਣ ਸਮਾਗਮ ਤੋਂ ਪਹਿਲਾਂ ਲੇਖਕ ਸਲਮਾਨ ਰਸ਼ਦੀ ‘ਤੇ ਹੋਏ ਹਮਲੇ ਦੀ ਜਾਂਚ ਕਰ ਰਹੀ ਹੈ। ਲਗਭਗ 11 ਵਜੇ, ਇੱਕ ਸ਼ੱਕੀ ਸਟੇਜ ‘ਤੇ ਆਇਆ ਅਤੇ ਰਸ਼ਦੀ ਅਤੇ ਇੱਕ ਇੰਟਰਵਿਊਰ ‘ਤੇ ਹਮਲਾ ਕੀਤਾ। ਰਸ਼ਦੀ ਦੀ ਗਰਦਨ ‘ਤੇ ਚਾਕੂ ਨਾਲ ਵਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਵਾਈ ਜਹਾਜ਼ ਰਾਹੀਂ ਹਸਪਤਾਲ ਲਿਜਾਇਆ ਗਿਆ।
ਇੰਟਰਵਿਊ ਲੈਣ ਵਾਲੇ ਦੇ ਸਿਰ ‘ਤੇ ਮਾਮੂਲੀ ਸੱਟ ਲੱਗੀ ਹੈ। ਸ਼ੱਕੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਕਿਹਾ ਕਿ ਉਹ ਜਿਊਂਦੇ ਹਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਂ ‘ਤੇ ਲਿਜਾਇਆ ਗਿਆ ਹੈ। ਸਮਾਗਮ ਦੇ ਸੰਚਾਲਕ ‘ਤੇ ਵੀ ਹਮਲਾ ਕੀਤਾ ਗਿਆ। ਉਸਨੂੰ ਸਥਾਨਕ ਹਸਪਤਾਲ ਵਿੱਚ ਲੋੜੀਂਦੀ ਦੇਖਭਾਲ ਮਿਲ ਰਹੀ ਹੈ।
ਕਾਰਲ ਲੇਵਨ ਨਾਂ ਦੇ ਚਸ਼ਮਦੀਦ ਨੇ ਟਵੀਟ ਕੀਤਾ ਕਿ ਸਲਮਾਨ ਰੁਸ਼ਦੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਸੁਰੱਖਿਆ ਬਲਾਂ ਵੱਲੋਂ ਹਮਲਾਵਰ ਨੂੰ ਫੜਨ ਤੋਂ ਪਹਿਲਾਂ ਰਸ਼ਦੀ ਨੂੰ ਕਈ ਵਾਰ ਚਾਕੂ ਮਾਰਿਆ ਗਿਆ ਸੀ। ਦਰਸ਼ਕਾਂ ਵਿਚੋਂ ਕੁਝ ਮੈਂਬਰ ਫਿਰ ਸਟੇਜ ‘ਤੇ ਚਲੇ ਗਏ।
ਭਾਰਤੀ ਮੂਲ ਦੇ ਬ੍ਰਿਟਿਸ਼ ਨਾਗਰਿਕ ਸਲਮਾਨ ਰਸ਼ਦੀ ਪਿਛਲੇ 20 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਹਨ। ਸਲਮਾਨ ਰਸ਼ਦੀ ਨੂੰ ਆਪਣੀ ਕਿਤਾਬ ‘ਦਿ ਸੈਟੇਨਿਕ ਵਰਸੇਜ਼’ ਨੂੰ ਲੈ ਕੇ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਕਿਤਾਬ ‘ਤੇ 1988 ਤੋਂ ਈਰਾਨ ‘ਚ ਪਾਬੰਦੀ ਲਗਾਈ ਗਈ ਹੈ ਕਿਉਂਕਿ ਇਸ ‘ਤੇ ਇਸਲਾਮ ਦੇ ਖਿਲਾਫ ਈਸ਼ਨਿੰਦਾ ਦਾ ਦੋਸ਼ ਲਗਾਇਆ ਗਿਆ ਹੈ। ਈਰਾਨ ਦੇ ਚੋਟੀ ਦੇ ਨੇਤਾ ਵੱਲੋਂ ਉਨ੍ਹਾਂ ਦੇ ਸਿਰ ‘ਤੇ ਇਨਾਮ ਵੀ ਰੱਖਿਆ ਗਿਆ ਸੀ।