ਜਲੰਧਰ : ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਬਦਲੀਆਂ ਨੂੰ ਲੈ ਕੇ ਕਾਫ਼ੀ ਤੰਗ ਆਏ ਦੱਸੇ ਜਾ ਰਹੇ ਹਨ ਕਿਉਂਕਿ ਉਨ੍ਹਾਂ ਕੋਲ ਜ਼ਿਆਦਾਤਰ ਚੁਣੇ ਹੋਏ ਵਿਧਾਇਕ ਹੀ ਬਦਲੀਆਂ ਲਈ ਅਰਜ਼ੀਆਂ ਦੇ ਰਹੇ ਹਨ। ਸਿਹਤ ਮੰਤਰੀ ਜੌੜਾਮਾਜਰਾ ਨੇ ਹੁਣ ਇਸ ਸਮੱਸਿਆ ਦਾ ਹੱਲ ਲੱਭ ਲਿਆ ਹੈ। ਉਨ੍ਹਾਂ ਸਿਵਲ ਸਕੱਤਰੇਤ ਚੰਡੀਗੜ੍ਹ ਸਥਿਤ ਆਪਣੇ ਦਫ਼ਤਰ ਦੇ ਬਾਹਰ ਇਕ ਨੋਟਿਸ ਰੂਪੀ ਸਲਿੱਪ ਚਿਪਕਾਈ ਹੈ, ਜਿਸ ਵਿਚ ਲਿਿਖਆ ਹੈ ਕਿ ਬਦਲੀਆਂ ਬੰਦ ਹਨ। ਇਸ ਦਾ ਮਕਸਦ ਵਿਧਾਇਕਾਂ ਅਤੇ ਹੋਰ ਆਗੂਆਂ ਨੂੰ ਸੁਨੇਹਾ ਦੇਣਾ ਹੈ ਕਿ ਉਹ ਸਿਹਤ ਮੰਤਰੀ ਨੂੰ ਮਿਲਣ ਲਈ ਨਾ ਆਉਣ ਕਿਉਂਕਿ ਉਨ੍ਹਾਂ ਨੂੰ ਵਾਰ-ਵਾਰ ਇਹੀ ਕਹਿਣਾ ਪੈਂਦਾ ਹੈ ਕਿ ਤਬਾਦਲਿਆਂ ਦਾ ਸਮਾਂ ਖ਼ਤਮ ਹੋ ਗਿਆ ਹੈ। ਸਰਕਾਰ ਨੇ ਤਬਾਦਲਿਆਂ ਲਈ ਜੋ ਸਮਾਂ ਹੱਦ ਜਾਰੀ ਕੀਤੀ ਸੀ, ਉਹ ਲੰਘ ਚੁੱਕੀ ਹੈ।
ਸਿਹਤ ਮੰਤਰੀ ਜੌੜਾਮਾਜਰਾ ਨੇ ਇਕ ਹੋਰ ਚੰਗੀ ਪਹਿਲ ਕੀਤੀ ਹੈ। ਉਨ੍ਹਾਂ ਆਪਣੇ ਸਿਵਲ ਸਕੱਤਰੇਤ ਦੇ ਕਮਰੇ ਦੇ ਬਾਹਰ ਇਕ ਨੋਟਿਸ ਚਿਪਕਾਇਆ ਹੈ ਕਿ ਕੋਈ ਵੀ ਉਨ੍ਹਾਂ ਨੂੰ ਤੋਹਫ਼ੇ ਦੇਣ ਦੀ ਕੋਸ਼ਿਸ਼ ਨਾ ਕਰੇ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁਧ ਮੁਹਿੰਮ ਵਿੱਢੀ ਹੈ। ਉਨ੍ਹਾਂ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਭ੍ਰਿਸ਼ਟਾਚਾਰ ਤੋਂ ਦੂਰ ਰਹਿਣ ਲਈ ਕਿਹਾ ਹੈ। ਇਸੇ ਲਈ ਸਿਹਤ ਮੰਤਰੀ ਨੇ ਨਿਵੇਕਲੀ ਅਤੇ ਚੰਗੀ ਪਹਿਲ ਕਰਦਿਆਂ ਆਪਣੇ ਕਮਰੇ ਦੇ ਬਾਹਰ ਨੋਟਿਸ ਲਾ ਦਿੱਤਾ ਹੈ ਕਿ ਕੋਈ ਵੀ ਉਨ੍ਹਾਂ ਨੂੰ ਤੋਹਫ਼ੇ ਨਾ ਦੇਵੇ ਕਿਉਂਕਿ ਉਹ ਉਨ੍ਹਾਂ ਨੂੰ ਸਵੀਕਾਰ ਨਹੀਂ ਕਰਨਗੇ।