Saturday, January 18, 2025
 

ਲਿਖਤਾਂ

ਇਹੋ ਹਾਲ ਰਿਹਾ ਤਾਂ ਅੱਜ ਤੋਂ ਕੁਝ ਸਮਾਂ ਬਾਅਦ ਜਾਨਵਰ ਮਨੁੱਖ ਦੀਆਂ ਕਹਾਣੀਆਂ ਇੰਝ ਸੁਣਾਉਣਗੇ ਆਪਣੇ ਬੱਚਿਆਂ ਨੂੰ:

August 09, 2022 03:29 PM

ਇੱਕ ਬੰਦਾ ਹੁੰਦਾ ਸੀ ???....

                             ..ਬਹੁਤ ਵਧੀਆ ਕਹਾਣੀ 👌

   ਇਹ ਗੱਲ ਅੱਜ ਤੋ ਆਓਣ ਵਾਲੇ 400 ਸਾਲ ਬਾਅਦ ਭਵਿੱਖ ਦੀ ਕਲਪਨਾ ਹੈ ।

ਇੱਕ ਜੰਗਲ਼ ਦੇ ਸ਼ੇਰ ਜਾਨਵਰ ਦਾ ਪੋਤਾ ਆਪਣੇ ਦਾਦੇ ਨੂੰ ਕਹਿੰਦਾ ਕਿ ਤੁਸੀ ਮੈਨੂੰ ਬੰਦੇ ਵਾਲ਼ੀ ਕਹਾਣੀ ਸੁਣਾਉ। ਸ਼ੇਰ ਕਹਿੰਦਾ ਪੁੱਤ ਇਹ ਕਹਾਣੀ ਨਹੀ , ਕਿਸੇ ਸਮੇ ਇਸ ਧਰਤੀ ਤੇ “ ਬੰਦਾ” ਨਾ ਦਾ ਜਾਨਵਰ ਵੀ ਹੁੰਦਾ ਸੀ ਜਿਵੇ ਆਪਾਂ ਜੰਗਲ ਵਿੱਚ ਸਾਰੇ ਜਾਨਵਰ ਰਹਿੰਦੇ ਆਂ।ਆਪਾਂ ਆਂਏ ਕਰਦੇ ਆਂ ਕਿ ਸਾਰੇ ਜਾਨਵਰ ਕੱਲ ਨੂੰ ਥਰੀਕਿਆਂ ਵਾਲੇ ਬਰੋਟੇ ਥੱਲੇ ਕੱਠੇ ਕਰ ਲੈਨੇ ਆਂ , ਉਹ ਵੀ ਸੁਣ ਲੈਣ ਗੇ । 

         ਅਗਲੇ ਦਿਨ ਜੰਗਲ ਦੇ ਰਾਜੇ ਸ਼ੇਰ ਦੇ ਹੁਕਮ ਤੇ ਸਾਰੇ ਜਾਨਵਰ ਆ ਗਏ। ਸ਼ੇਰ ਬਰੋਟੇ ਥੱਲੇ ਬਣੇ ਥੜੇ ਤੇ ਆਪਣੇ ਸਿਗਾਸਨ ਤੇ ਬੈਠ ਗਿਆ ।

ਸ਼ੇਰ —ਬਈ ਆਉਣ ਵਾਲੇ ਸਾਰੇ ਜਾਨਵਰਾਂ ਦਾ ਸਵਾਗਤ ਹੈ ਤੇ ਮੈ ਤਹਾਨੂੰ ਇੱਕ ਜੀਵ “ਬੰਦੇ” ਵਾਰੇ ਦੱਸਣਾ ਚਾਹੁੰਨਾ ਜੋ ਕਿ ਮੈ ਆਪਣੇ ਦਾਦੇ - ਪੜਦਾਦੇ ਕੋਲੋ ਸੁਣਿਆਂ। 

           ਅੱਜ ਤੋ ਤਕਰੀਬਨ ਚਾਰ ਕੁ ਸੌ ਸਾਲ ਪਹਿਲਾਂ ਇਸ ਧਰਤੀ ਦਾ ਰਾਜਾ ਕੋਈ ਸ਼ੇਰ ਨੀ ਸੀ ਹੁੰਦਾ ਸਗੋ ਬੰਦਾ ਧਰਤੀ ਤੇ ਰਾਜ ਕਰਦਾ ਸੀ। ਉਸਨੇ ਸ਼ੇਰਾਂ ਨੂੰ ਪਿੰਜਰੇ ਵਿੱਚ ਬੰਦ ਕਰਕੇ ਕੈਦੀ ਬਣਾਇਆ ਹੋਇਆ ਸੀ।” ਸਾਰੇ ਜਾਨਵਰ ਹੈਰਾਨ ਹੋਏ “ ਹੈਂਅ !!! ਸ਼ੇਰ ਤੋ ਵੀ ਤਾਕਤਵਰ ਸੀ ਬੰਦਾ।”

ਸ਼ੇਰ —- ਹਾਂ ਸਾਡੇ ਤੋ ਵੀ ਤਕੜਾ ਸੀ , ਦਿਮਾਗ ਸੀ ਉਸ ਕੋਲ ਹਰ ਜਾਨਵਰ ਨੂੰ ਵਰਤਣ ਦਾ।ਪਹਿਲਾਂ ਪਹਿਲ ਉਸਨੇ ਊਠਾਂ , ਘੋੜਿਆਂ, ਹਾਥੀਆਂ ਦੀ ਸਵਾਰੀ ਕਰਨੀ ਸ਼ੁਰੂ ਕੀਤੀ।ਫਿਰ ਇਹਨਾਂ ਨੂੰ ਲੜਾਈਆਂ ਵਿੱਚ ਵਰਤਣਾ ਸ਼ੁਰੂ ਕੀਤਾ।ਬਲ਼ਦਾ, ਝੋਟਿਆਂ ਨੂੰ ਜੰਗਲ ਵਿਚੋ ਫੜ ਕੇ ਲੈ ਗਿਆ ਖੇਤੀ ਦਾ ਕੰਮ ਕਰਵਾਉਣ ਲਈ ਤੇ ਗਾਵਾਂ - ਮੱਝਾਂ ਦਾ ਦੁੱਧ ਪੀਣ ਲੱਗਿਆ।” ਸ਼ੇਰ ਦੀ ਗੱਲ ਸੁਣਕੇ ਮੱਥੇ ਫੁੱਲੀ ਝੋਟੀ ਨੇ ਸ਼ਰਮ ਜਿਹੀ ਮਹਿਸੂਸ ਕੀਤੀ।

ਸ਼ੇਰ— ਫੇਰ ਇਸਨੇ ਹੋਰ ਤਰੱਕੀ ਕੀਤੀ, ਖੇਤੀ ਕਰਨ ਲਈ ਟਰੈਕਟਰ ਬਣਾ ਲਏ, ਕੰਬਾਈਨਾਂ ਬਣਾ ਲਈਆਂ-ਫਸਲਾਂ ਦਾ ਝਾੜ ਵੱਧ ਗਿਆ ਇਹ ਰੱਜ ਕੇ ਰੋਟੀ ਖਾਣ ਜੋਗਾ ਹੋ ਗਿਆ । ਖਾਣ ਦੀ ਭਾਲ਼ ਲਈ ਇਸਨੇ ਇੱਧਰ-ਓਧਰ ਭਟਕਣਾ ਛੱਡਤਾ।ਆਹ ਥਰੀਕੇ, ਝਾਂਡੇ, ਲਲਤੋ, ਪਮਾਲ, ਸੁਨੇਤ -ਇੰਨਾ ਸਾਰੇ ਪਿੰਡਾਂ ਵਿੱਚ ਬੰਦੇ ਰਹਿੰਦੇ ਸੀ।” ਸਾਰੇ ਜਾਨਵਰ ਹੈਰਾਨ ਹੋਏ ਬੈਠੇ ਸੁਣ ਰਹੇ ਸੀ। 

ਸ਼ੇਰ— ਫਿਰ ਇਸ ਬੰਦੇ ਦੀ ਲਾਲਸਾ ਵੱਧਦੀ ਗਈ, ਫਸਲਾਂ ਦਾ ਹੋਰ ਝਾੜ ਲੈਣ ਲਈ ਕੈਮੀਕਲ ਖਾਦਾਂ , ਸਪਰੇਹਾਂ ਕਰਨ ਲੱਗ ਪਿਆ।ਆਪਣੇ ਖਾਣ ਵਾਲ਼ੇ ਕਣਕ, ਚੌਲ਼, ਦਾਲਾਂ, ਸਬਜੀਆਂ ਸਭ ਜਹਿਰੀਲੇ ਕਰ ਲਏ ਬਿਮਾਰੀਆਂ ਵੱਧਣ ਲੱਗੀਆਂ”

ਨਾਲੇ ਕਹਿੰਦੇ ਬੰਦੇ ਦਾ ਦਿਮਾਗ ਬਹੁਤ ਸੀ ਤੇ ਆਪੇ ਹੀ ਆਪਣਾ ਭੋਜਨ ਜਹਿਰੀਲਾ ਕਰ ਲਿਆ-ਸੂਝਵਾਨ ਲੂੰਬੜ ਸੋਚ ਰਿਹਾ ਸੀ।

ਸ਼ੇਰ—ਇਸਨੇ ਆਉਣ ਜਾਣ ਲਈ ਸਾਈਕਲ ਤੋ ਲੈ ਕੇ ਜਹਾਜ ਤੱਕ ਬਣਾ ਲਏ।ਜਾਨਵਰਾਂ ਨੂੰ ਸਰਕਸ ਵਿੱਚ ਮੰਨੋਰੰਜਨ ਲਈ ਵਰਤਣ ਲੱਗ ਪਿਆ, ਤਹਾਨੂੰ ਪਤਾ ਭਾਂਵੇ ਮੈ ਜੰਗਲ ਦਾ ਰਾਜਾ ਹਾਂ ਹੁਣ ਪਰ ਅੱਗ ਤੋ ਬਹੁਤ ਡਰਦਾ ਹਾਂ ਪਰ ਇਹ ਮੇਰੇ ਪੂਰਵਜਾਂ ਨੂੰ ਅੱਗ ਵਿਚੋ ਛਾਲ਼ ਮਾਰਨ ਲਈ ਮਜਬੂਰ ਕਰ ਦਿੰਦਾ ਸੀ।ਹਾਥੀ ਮੇਰਾ ਵੀਰ ਕਿੰਨਾ ਭਾਰਾ ਇਸਨੂੰ ਦੋ ਪੈਰਾਂ ਤੇ ਤੁਰਨਾ ਪੈਦਾਂ ਸੀ, ਰਿੱਛ ਦੇ ਨੱਕ ਵਿੱਚ ਨਕੇਲ ਪਾਈ ਹੁੰਦੀ ਸੀ।”

 ਕਾਟੋ— ਕਿੰਨਾ ਭੈੜਾ ਸੀ ਬੰਦਾ।”ਕਾਟੋ ਤੋ ਰਿਹਾ ਨਾ ਗਿਆ।

ਸ਼ੇਰ—ਫੇਰ ਇਸਨੇ ਦਰਿਆਵਾਂ ਦਾ ਪਾਣੀ ਵੀ ਗੰਦਾ ਕਰ ਲਿਆ।ਜਾਨਵਰਾਂ ਨੂੰ ਮਾਰ ਕੇ ਖਾਣ ਲੱਗ ਪਿਆ -ਹਿਰਨ, ਮੁਰਗੇ, ਬੱਕਰੇ, ਮੱਛੀਆਂ, ਤਿੱਤਰ, ਬਟੇਰੇ, ਡੱਡੂ, ਸੱਪ, ਕਬੂਤਰ, ਕਾਂ, ਕੁੱਤੇ, ਬਿੱਲੀਆਂ”

      ਸਾਰੇ ਜਾਨਵਰ ਸਹਿਮੇ ਬੈਠੇ ਸੁਣ ਰਹੇ ਸੀ, ਬੰਦੇ ਦੀਆਂ ਕਰਤੂਤਾਂ।

ਸ਼ੇਰ—ਫੇਰ ਕੰਪਿਊਟਰ ਬਣਾ ਲਿਆ ਇਸਨੇ, ਮੋਬਾਈਲ ਫੋਨ ਤੇ ਚੰਦ ਦੇ ਉੱਪਰ ਵੀ ਜਾ ਚੜਿਆ ਬੰਦਾ।

ਹਿਰਨ— ਭਲਾ ਚੰਦ ਤੇ ਕਿਵੇ ਚੜਜੂ, ਹਜੂਰ ਮੈ ਨੀ ਮੰਨਦਾ ਐਡੀ ਛਾਲ ਨੀ ਮਾਰ ਸਕਦਾ ਬੰਦਾ।

ਘੋੜਾ— ਕਮਲਿਆਂ ਪੌੜੀ ਲਾ ਕੇ ਚੜਿਆ ਹੋਣਾ, ਗੱਲ ਸਮਝੀ ਦੀ ਹੁੰਦੀ ਆ।

ਸ਼ੇਰ — ਨਹੀ ਪੁੱਤਰੋ , ਪੌੜੀ ਕਾਹਨੂੰ ਉਹ ਤਾਂ ਹਵਾ ਵਿੱਚ ਉੱਡ ਕੇ ਜਾਂਦਾ ਸੀ।ਸਮੁੰਦਰਾਂ ਤੋ ਪਾਰ ਵੀ ਉੱਡ ਜਾਂਦਾ ਸੀ ।

ਬਾਜ—ਹਜੂਰ, ਮੈ ਤਾਂ ਸੋਚਿਆ ਮੈ ਹੀ ਉੱਚਾ ਉੱਡਦਾਂ, ਮਤਲਬ ਬੰਦੇ ਦੇ ਖੰਬ ਮੇਰੇ ਖੰਬਾਂ ਤੋ ਵੀ ਮਜਬੂਤ ਸੀ।

ਸ਼ੇਰ— ਕਾਹਨੂੰ ਇਸ ਬੰਦੇ ਦੇ ਖੰਬ ਨਹੀ ਸੀ ਹੁੰਦੇ, ਇਹ ਤਾਂ ਦੋ ਪੈਰਾਂ ਤੇ ਤੁਰਨ ਵਾਲਾ ਜਾਨਵਰ ਸੀ।ਇਸਨੇ ਇੱਕ ਮਸ਼ੀਨ ਬਣਾਈ ਸੀ ਉਸਨੂੰ ਜਹਾਜ ਕਹਿੰਦੇ ਸੀ ਉਸ ਵਿੱਚ ਬੈਠ ਕੇ ਇਹ ਦੂਰ ਦਰਾਡੇ ਜਾਂਦਾ ਸੀ।

ਬਿੱਲੀ— ਫੇਰ ਮਹਾਰਾਜ ਐਨੇ ਬੁੱਧੀਮਾਨ ਬੰਦੇ ਦਾ ਅੰਤ ਕਿਵੇ ਹੋਇਆ?

ਸ਼ੇਰ—ਮਾਸੀ, ਇਸ ਬੰਦੇ ਨੇ ਜੰਗਲ ਵੱਡ ਦਿੱਤੇ, ਹਵਾ, ਪਾਣੀ, ਮਿੱਟੀ ਸਭ ਕੁਝ ਪਲੀਤ ਕਰ ਦਿੱਤਾ।ਆਪਣੇ ਸਵਾਰਥ ਲਈ।

ਬਲ਼ਦ —ਨਾ ਇਸਨੂੰ ਕਿਸੇ ਨੇ ਰੋਕਿਆ ਨੀ, ਸਭ ਕੁਝ ਗੰਧਲਾਂ ਕਰਨ ਤੋ??

ਸ਼ੇਰ—ਮੈ ਸੁਣਿਆਂ ਇੱਕ ਦਰਵੇਸ਼ ਪੁਰਸ਼ ਨੇ ਅਵਤਾਰ ਧਾਰਿਆ ਸੀ, ਇਸਨੂੰ ਸਮਝਾਉਣ ਲਈ-ਪਵਨ ਗੁਰੂ, ਪਾਣੀ ਪਿਤਾ——ਦੀ ਗੱਲ ਕੀਤੀ ਸੀ ਇੱਕ ਗ੍ਰੰਥ ਵਿੱਚ, ਪਰ ਬੰਦਾ ਉਸਨੂੰ ਪੜਦਾ ਵੀ ਰਿਹਾ ਪਰ ਉਸ ਤੇ ਅਮਲ ਨਾ ਕਰ ਸਕਿਆ।ਹੌਲੀ-ਹੌਲ਼ੀ ਕਈ ਤਰਾਂ ਦੀਆਂ ਬਿਮਾਰੀਆਂ ਨੇ ਇਸਨੂੰ ਘੇਰ ਲਿਆ।ਡਾਕਟਰ ਇੱਕ ਬਿਮਾਰੀ ਦਾ ਇਲਾਜ ਲੱਭਦੇ ਤਾਂ ਨਵੀ ਬਿਮਾਰੀ ਸ਼ੁਰੂ ਹੋ ਜਾਂਦੀ।ਆਹ ਜਿਹੜੇ ਬੁੱਡੇ ਦਰਿਆ ਦਾ ਪਾਣੀ ਆਪਾਂ ਸਾਰੇ ਪੀਨੇ ਆਂ, ਜਦੋ ਬੰਦਾ ਹੁੰਦਾਂ ਸੀ ਧਰਤੀ ਤੇ ਤਾਂ ਇਸ ਦਰਿਆ ਦਾ ਨਾ ਬੰਦੇ ਨੇ ਗੰਦਾ ਨਾਲ਼ਾ ਰੱਖਿਆ ਹੋਇਆ ਸੀ, ਇਸ ਕੋਲੋ ਲੰਘਣਾ ਵੀ ਮੁਸ਼ਕਿਲ ਸੀ।

ਉੱਲੂ— ਜਨਾਬ ਇਹ ਬੰਦਾ ਰਹਿੰਦਾ ਕਿਥੇ ਸੀ ?

ਸ਼ੇਰ— ਕਮਲਿਆ, ਆਹ ਜਿਹੜੇ ਮਕਾਨ ਖੰਡਰ ਬਣੇ ਪਏ ਨੇ , ਇਹ ਬੰਦੇ ਦੇ ਈ ਬਣਾਏ ਹੋਏ ਨੇ। ਜਿਥੇ ਤੂੰ ਨਜਾਰੇ ਲੈਨਾਂ ।”

            ਸਾਰੇ ਜਾਨਵਰ ਹੱਸ ਪਏ।

ਕਾਂ—-ਮਹਾਰਾਜ ਇਹ ਬੰਦਾ ਸਮਾਜਿਕ ਤੌਰ ਤੇ ਕਿਵੇ ਰਹਿੰਦਾ ਸੀ ?

ਸ਼ੇਰ—ਹੌਲੀ-ਹੌਲੀ ਬੰਦੇ ਨੂੰ ਬੰਦਾ ਹੀ ਮਾਰਨ ਲੱਗ ਪਿਆ ਸੀ।ਅਮੀਰ ਤੇ ਗਰੀਬ ਦਾ ਪਾੜਾ ਵੱਧ ਗਿਆ ਸੀ।ਵੱਡੀਆਂ ਕੋਠੀਆਂ, ਮਹਿਗੀਆਂ ਕਾਰਾਂ , ਬਰੈਡਿਡ ਕੱਪੜੇ-ਸਭ ਸੋਸ਼ੇਬਾਜੀ ਹੋਗੀ ਸੀ।ਨਰ ਨਾਲ਼ ਨਰ ਤੇ ਮਾਦਾ ਨਾਲ਼ ਮਾਦਾ ਦਾ ਵਿਆਹ ਹੋਣ ਲੱਗਿਆ ਸੀ।ਉਸ ਜੁੱਗ ਨੂੰ ਕਲਜੁੱਗ ਕਹਿੰਦੇ ਸੀ। 

ਰਿੱਛ— ਮੈ ਸੁਣਿਆਂ ਜੀ ਬੰਦਾ ਬਾਂਦਰ ਤੋ ਬਣਿਆ ਸੀ!!

ਬਾਂਦਰ — ਮੂੰਹ ਸੰਭਾਲ਼ ਕੇ ਗੱਲ ਕਰ ਉਏ, ਵੱਡਾ ਸਿਆਣਾ-ਅਸੀ ਤਾਂ ਮਾਹਰਾਜ ਇਹੋ ਜਿਹੇ ਕੁੱਤੇ “ਬੰਦੇ” ਦੀ ਮਕਾਣ ਨਾ ਜਾਈਏ।

ਕੁੱਤਾ—ਯਾਰ ਮੈਨੂੰ ਕਾਹਨੂੰ ਵਿੱਚ ਘਸੀਟੀ ਜਾਨੇ ਉ।

             ਕੁੱਤੇ ਨੇ ਮੂੰਹ ਤਾਹਾਂ ਚੱਕਿਆ।

ਸਾਰੇ ਜਾਨਵਰ — ਫਿਰ ਤਾਂ ਬਾਂਦਰਾਂ ਨੂੰ ਖਤਮ ਕਰਨਾ ਪਊ , ਕਿਤੇ ਇਨਾਂ ਦੀਆਂ ਅੱਗੇ ਵਾਲੀਆਂ ਨਸਲਾਂ ਫੇਰ ਨਾ ਬੰਦੇ ਬਣ ਜਾਣ।

ਬਾਂਦਰੀ—-ਰਹਿਮ ਕਰੋ ਸਾਡੇ ਤੇ, ਸਾਨੂੰ ਬਾਬੇ ਵਧੂਤ ਦੀ ਸੌਹ ਲੱਗੇ ਜੀ ਅਸੀ ਨੀ ਕਦੇ ਬੰਦੇ ਬਣਦੇ।

             ਬਾਂਦਰੀ ਨੇ ਖੜੀ ਹੋ ਕੇ ਦੋਨੇ ਹੱਥ ਜੋੜੇ।

ਬਿੱਲੀ—ਮਹਾਰਾਜ , ਮੇਰਾ ਸਵਾਲ ਤਾਂ ਉਥੇ ਈ ਰਹਿ ਗਿਆ ਬਈ ਬੰਦਾ ਖਤਮ ਕਿਵੇ ਹੋਇਆ? ਇਹ ਅਪਦੀ ਕਾਂਵਾਂ ਰੌਲ਼ੀ ਪਾ ਕੇ ਬਹਿ ਗਏ।

       ਕਾਂ ਨੇ ਬਿੱਲੀ ਵੱਲ ਕੌੜਾ ਝਾਕਿਆ , ਪਰ ਉਹ ਚੁੱਪ ਰਿਹਾ।

ਗਧਾ— ਕੋਈ ਹੋਣਾ ਹਾਥੀ ਵਰਗਾ ਤੱਕੜਾ ਜਾਨਵਰ ਜੋ ਸਾਰੇ ਬੰਦਿਆਂ ਨੂੰ ਖਾ ਗਿਆ ।

                  ਗਧੇ ਨੇ ਆਪਣੀ ਸਿਆਣਪ ਘੋਟੀ।

ਘੋੜਾ —ਰਿਹਾ ਨਾ ਗਧੇ ਦਾ ਗਧਾ।

ਸ਼ੇਰ— ਉਏ ਮਾਸੀ ਨੇ ਉੱਠ ਕੇ ਚਲੇ ਜਾਣਾ ਜੇ ਇਸ ਵਾਰ ਨਾ ਮੈ ਉਸਦੀ ਗੱਲ ਦਾ ਜਵਾਬ ਦਿੱਤਾ । ਬੰਦੇ ਨੂੰ ਕਿਸੇ ਵੱਡੇ ਜਾਨਵਰ ਨੇ ਨੀ ਖਤਮ ਕੀਤਾ ਸੀ ਧਰਤੀ ਤੋ ਤੇ ਨਾ ਹੀ ਕੋਈ ਭੂਚਾਲ਼ ਆਇਆ ਜਿਵੇ ਡਾਇਨਾਸੋਰ ਮੁੱਕੇ ਸੀ ।ਬੰਦੇ ਨੂੰ ਮਾਰਨ ਲਈ ਕੁਦਰਤ ਨੇ ਇੱਕ ਛੋਟਾ ਜਿਹਾ ਵਾਇਰਸ ਭੇਜੀਆ ਜਿਸਨੇ ਸਾਰੀ ਮਨੁੱਖ ਜਾਤੀ ਨੂੰ ਖਤਮ ਕਰ ਦਿੱਤਾ ਤੇ ਆਪਾਂ ਸਾਰੇ ਫਿਰ ਤੋ ਅਜਾਦ ਹੋ ਗਏ। ਨਾਲੇ ਹਵਾ , ਪਾਣੀ , ਮਿੱਟੀ ਫਿਰ ਤੋ ਸੁੱਧ ਹੋ ਗਏ।

      ਸਾਰੇ ਜਾਨਵਰਾਂ ਦੇ ਚਿਹਰੇੇ ਤੇ ਘਰ ਨੂੰ ਜਾਣ ਲੱਗਿਆਂ ਖੁਸ਼ੀ ਸੀ ਜਿਵੇ ਉਹ ਹੁਣੇ ਬੰਦੇ ਨੂੰ ਖਤਮ ਕਰਕੇ ਆ ਰਹੇ ਹੋਣ।

ਰਾਤ ਨੂੰ ਸ਼ੇਰ ਦਾ ਪੋਤਾ ਸੌਣ ਲੱਗਿਆ, ਸ਼ੇਰ ਦੇ ਕੋਲ ਨੂੰ ਹੋ ਕੇ ਕਹਿੰਦਾ , ”ਦਾਦਾ ਜੀ ਮੈਨੂੰ ਬੰਦੇ ਦੀ ਕਹਾਣੀ ਫੇਰ ਨਾ ਕਦੇ ਸਣਾਇਉ, ਮੈਨੂੰ ਬੰਦੇ ਤੋ ਡਰ ਲੱਗਦਾ।”

ਸ਼ੇਰ—— ਪੁੱਤਰਾ ਡਰ ਨਾ ਹੁਣ ਨੀ ਬੰਦਾ ਦੁਬਾਰੇ ਧਰਤੀ ਤੇ ਆਂਉਦਾਂ , ਨਾਲ਼ੇ ਬਾਂਦਰ ਨੂੰ ਕੱਲ ਨੂੰ ਦੁਬਾਰੇ ਸਭਾ ਵਿੱਚ ਬੁਲਾਕੇ ਸਮਝਾ ਦੇਵਾਂਗੇ ਕਿ ਹੁਣ ਉਹ “ਬੰਦਾ” ਬਣਨ ਦੀ ਕੋਸ਼ਿਸ਼ ਨਾ ਕਰੇ।ਜੇ ਉਸਨੂੰ ਦੋ ਪੈਰਾਂ ਤੇ ਤੁਰਨ ਦੀ ਕੋਸ਼ਿਸ਼ ਕਰਦੇ ਨੂੰ ਦੇਖ ਲਿਆ ਤਾਂ ਸਖਤ ਤੋ ਸਖਤ ਸਜਾ ਦਿੱਤੀ ਜਾਵੇਗੀ।

    ਸ਼ਿਵਚਰਨ"ਜੱਗੀ"ਕਾਪੀ ਧੰਨਵਾਦ ਸਹਿਤ

 

Have something to say? Post your comment

Subscribe