ਫਰੀਦਕੋਟ: ਬਾਬਾ ਫਰੀਦ ਯੂਨੀਵਰਸਿਟੀ ਵਾਈਸ-ਚਾਂਸਲਰ ਡਾਕਟਰ ਰਾਜ ਬਹਾਦਰ ਨੇ ਅਸਤੀਫਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਦੋ ਹੋਰ ਮੈਡੀਕਲ ਅਧਿਕਾਰੀਆਂ ਦੇ ਅਸਤੀਫਾ ਦਿੱਤੇ ਜਾਣ ਦੀ ਖ਼ਬਰ ਵੀ ਸਾਹਮਣੇ ਆਈ ਹੈ।
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਦਾ ਦੌਰਾ ਕੀਤਾ ਗਿਆ ਸੀ। ਚਮੜੀ ਵਾਰਡ ਵਿਚ ਬੈਡਾਂ ਦੀ ਖਸਤਾ ਹਾਲਤ ਦੇਖ ਕੇ ਮੰਤਰੀ ਨੇ ਯੁਨਵਰਸਿਟੀ ਅਤੇ ਹਸਪਤਾਲ ਦੇ ਵਾਈਸ ਚਾਂਸਲਰ ਨੂੰ ਬੈਡ ਉੱਤੇ ਲੰਮੇ ਪੈਣ ਲਈ ਕਿਹਾ।
ਕੈਮਰੇ ਦੇ ਸਾਹਮਣੇ ਵਾਈਸ-ਚਾਂਸਲਰ ਹੁਸਨ ਦੇ ਬੈਡ 'ਤੇ ਲੰਮੇ ਪੈ ਪਏ। ਇਸ ਦੀ ਇਕ ਵੀਡੀਓ ਵੀ ਸਾਹਮਣੇ ਆਈ ਸੀ ਜਿਸ ਦੇ ਚੱਲਦਿਆਂ ਅੱਜ ਵਾਈਸ-ਚਾਂਸਲਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਸਿਹਤ ਮੰਤਰੀ ਦੇ ਇਸ ਰਵਈਏ ਤੋਂ ਨਰਾਜ਼ ਹੋ ਕੇ ਵਾਈਸ ਚਾਂਸਲਰ ਡਾਕਟਰ ਰਾਜ ਬਹਾਦਰ ਨੇ ਸੂਬਾ ਸਰਕਾਰ ਨੂੰ ਆਪਣਾ ਅਸਤੀਫਾ ਭੇਜ ਕੇ ਇਸਨੂੰ ਮਨਜ਼ੂਰ ਕਰਨ ਦੀ ਅਪੀਲ ਕੀਤੀ ਹੈ।
ਉਹਨਾਂ ਦੇ ਨਾਲ ਉਹਨਾਂ ਦੇ ਸਕੱਤਰ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ। ਉੱਧਰ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਤੇ ਗੁਰੂ ਨਾਨਕ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ।