.
ਸ. ਅਰੂੜ ਸਿੰਘ (1865 – 1926) , ਪੁੱਤਰ ਸ. ਹਰਨਾਮ ਸਿੰਘ ਸ਼ੇਰਗਿੱਲ (ਡਿਪਟੀ ਸੁਪਰਡੈਂਟ ਪੁਲੀਸ) 1905 ਤੋਂ 1920 ਤਕ ਦਰਬਾਰ ਸਾਹਿਬ ਦਾ ਸਰਬਰਾਹ ਸੀ। ਪਹਿਲੋਂ ਜਦ ਲਹਿਣਾ ਸਿੰਘ ਮਜੀਠਿਆ ਅੰਮ੍ਰਿਤਸਰ ਦਾ ਪ੍ਰਬੰਧਕ ਸੀ, ਉਦੋਂ ਉਸ ਦਾ ਦਾਦਾ ਜੱਸਾ ਸਿੰਘ ਵੀ ਦਰਬਾਰ ਸਾਹਿਬ ਦਾ ਸਰਬਰਾਹ ਰਿਹਾ ਸੀ। ਅਰੂੜ ਸਿੰਘ ਨੇ ਆਪਣੀ ਸਰਬਰਾਹੀ ਦੌਰਾਨ ਦਰਬਾਰ ਸਾਹਿਬ ਵਿਚ ਅਨਮਤੀ ਕਾਰਵਾਈਆਂ ਰੋਕਣ ਵਿਚ ਬਹੁਤ ਰੋਲ ਅਦਾ ਕੀਤਾ। 1905 ਵਿਚ ਜਦ ਉਹ ਦਰਬਾਰ ਸਾਹਿਬ ਦਾ ਸਰਬਰਾਹ ਬਣਿਆ। ਉਸ ਨੇ ਦੇਖਿਆ ਕਿ ਬਹੁਤ ਸਾਰੇ ਹਿੰਦੂ ਪੁਜਾਰੀ ਦਰਬਾਰ ਸਹਿਬ ਵਿਚ ਕਾਲਪਨਿਕ ਦੇਵੀ ਦੇਵਤਿਆਂ ਦੀਆਂ ਮੂਰਤਾਂ ਦਰਬਾਰ ਸਾਹਿਬ ਵਿਚ ਲਿਆ ਕੇ ਉਨ੍ਹਾਂ ਦੀ ਪੂਜਾ ਕਰਵਾਉਂਦੇ ਹਨ ਅਤੇ ਦਰਬਾਰ ਸਾਹਿਬ ਦੀ ਬੇਅਦਬੀ ਕਰਦੇ ਹਨ। ਪਹਿਲਾਂ ਤਾਂ ਉਸ ਨੇ ਉਨ੍ਹਾਂ ਨੂੰ ਇਹ ਹਰਕਤ ਕਰਨੋਂ ਪਿਆਰ ਨਾਲ ਰੋਕਿਆ। ਪਰ ਪੁਜਾਰੀ ਨਾ ਹਟੇ। ਇਸ ’ਤੇ ਉਸ ਨੇ ਇਕ ਨੋਟਿਸ ਕੱਢਿਆ ਕਿ 2 ਮਈ ਤੋਂ ਦਰਬਾਰ ਸਾਹਿਬ ਵਿਚ ਮੂਰਤੀ ਲਿਆਉਣ ਵਾਲੇ ਨੂੰ ਮੁਆਫ਼ ਨਹੀਂ ਕੀਤਾ ਜਾਵੇਗਾ। ਇਸ ’ਤੇ ਹਿੰਦੂ ਪੁਜਾਰੀ ਡਰ ਗਏ ਤੇ ਅਗਲੇ ਚਾਰ ਦਿਨ ਦਰਬਾਰ ਸਾਹਿਬ ਵਿਚ ਕੋਈ ਮੂਰਤੀ ਨਹੀਂ ਵੜੀ। ਪਰ ਉਹ 6 ਮਈ ਨੂੰ ਫਿਰ ਮੂਰਤੀਆਂ ਲੈ ਕੇ ਆ ਗਏ। ਇਸ ’ਤੇ ਅਰੂੜ ਸਿੰਘ ਨੇ ਅੰਮ੍ਰਿਤਸਰ ਦੇ ਡਿਪਟੀ ਕਸ਼ਿਨਰ ਨੂੰ ਖ਼ਤ ਲਿਖ ਕੇ ਉਸ ਤੋਂ ਫ਼ੋਰਸ ਦੀ ਮੰਗ ਕੀਤੀ ਤਾਂ ਜੋ ਸ਼ਰਾਰਤੀ ਪੁਜਾਰੀਆਂ ਨੂੰ ਰੋਕਿਆ ਜਾ ਸਕੇ। ਜਦ ਪੁਜਾਰੀਆਂ ਨੂੰ ਪੁਲਸ ਐਕਸ਼ਨ ਹੋਣ ਦੀ ਖ਼ਬਰ ਮਿਲੀ ਤਾਂ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਆਏ। ਇੰਞ ਦਰਬਾਰ ਸਾਹਿਬ ਚੋਂ ਮੂਰਤੀਆਂ ਕੱਢੇ ਜਾਣ ਦਾ ਸਿਹਰਾ ਸਿਰਫ਼ ਅਰੂੜ ਸਿੰਘ ਨੂੰ ਜਾਂਦਾ ਹੈ।
ਅਰੂੜ ਸਿੰਘ ਦੇ ਅੰਗਰੇਜ਼ੀ ਸਰਕਾਰ ਨਾਲ ਸੁਖਾਵੇਂ ਸਬੰਧ ਸਨ ਤੇ ਅੰਗਰੇਜ਼ ਅਫ਼ਸਰ ਉਸ ਤੋਂ ਬਹੁਤ ਖ਼ੁਸ਼ ਸਨ। ਸਰਕਾਰ ਪਹਿਲੋਂ ਉਸ ਨੂੰ ‘ਨਾਈਟ’ (ਖਨਗਿਹਟ) ਅਤੇ ਫਿਰ ‘ਕੰਪੈਨੀਅਨ ਆਫ਼ ਦ ਇੰਡੀਅਨ ਐਂਪਾਇਰ’ (ਛ.ੀ.ਓ.) ਦੇ ਖ਼ਿਤਾਬਾਂ ਨਾਲ ਨਿਵਾਜਿਆ ਸੀ। ਇਸ ਮਗਰੋਂ ਉਸ ਨੂੰ ਫਿਰ ‘ਨਾਈਟ ਕੰਪੈਨੀਅਨ ਆਫ਼ ਇੰਡੀਅਨ ਐਂਪਾਇਰ’ (ਖ.ਛ.ੀ.ਓ.) ਦਾ ਖ਼ਿਤਾਬ ਵੀ ਦਿੱਤਾ ਗਿਆ ਸੀ।
ਅਰੂੜ ਸਿੰਘ ਦੀ ਬਦਨਾਮੀ ਦਾ ਕਾਰਨ ਇਹ ਸੀ ਕਿ ਉਸ ਨੇ ਸਰਬਰਾਹ ਹੁੰਦਿਆਂ ਜਲਿਆਂ ਵਾਲਾ ਬਾਗ਼ ਵਿਚ 13 ਅਪ੍ਰੈਲ 1919 ਦੇ ਦਿਨ ਗੋਲੀਆਂ ਚਲਾਉਣ ਵਾਲੇ ਜਨਰਲ ਡਾਇਰ ਨੂੰ ਦਰਬਾਰ ਸਾਹਿਬ ਆਉਣ ’ਤੇ ਸਿਰੋਪਾ ਦਿੱਤਾ ਸੀ। ਉਸ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਉਸ ਨੇ 1914 ਵਿਚ ਕਾਮਾਗਾਟਾਮਾਰੂ ਜਹਾਜ਼ ਦੇ ਮੁਸਾਫ਼ਿਰਾਂ ਵੱਲੋਂ ਬਜਬਜ ਘਾਟ ’ਤੇ ਪੁਲੀਸ ਦੇ ਹੁਕਮ ਦੀ ਅਦੂਲੀ ਕਰਨ ਕਾਰਨ ਉਨ੍ਹਾਂ ਬਾਰੇ ਇਹ ਕਿਹਾ ਸੀ ਕਿ ਉਹ ਸਿੱਖ ਨਹੀਂ ਹਨ।ਇਹ ਵੀ ਚਰਚਾ ਸੀ ਕਿ ਅਕਾਲ ਤਖ਼ਤ ਸਾਹਿਬ ਤੋਂ ਇਨ੍ਹਾਂ ਸਿੱਖਾਂ ਦੇ ਖ਼ਿਲਾਫ਼ ਇਕ ਅਖੌਤੀ ਹੁਕਮਨਾਮਾ ਜਾਰੀ ਕੀਤਾ ਗਿਆ ਸੀ। ਪਰ ਕਿਸੇ ਵੀ ਅਖ਼ਬਾਰ, ਰਿਪੋਰਟ ਜਾਂ ਸੋਮੇ 'ਚੋਂ ਇਹ ‘ਹੁਕਮਨਾਮਾ’ ਨਹੀਂ ਮਿਲਦਾ। ਇਹ ਵੀ ਹੋ ਸਕਦਾ ਹੈ ਕਿ ਤਖ਼ਤ ਸਾਹਿਬ ਦੇ ਪੁਜਾਰੀ ਅਰੂੜ ਸਿੰਘ ਨੇ ਇਸ ਸਬੰਧੀ ਕੋਈ ਬਿਆਨ ਜਾਰੀ ਕੀਤਾ ਹੋਵੇ, ਜਿਸ ਤੋਂ ਹੁਕਮਨਾਮੇ ਵਾਲਾ ਚਰਚਾ ਛਿੜ ਪਿਆ ਹੋਵੇਗਾ। ਹਾਂ, ਅਕਾਲੀ ਮੋਰਚੇ ਤੇ ਝੱਬਰ ਮੁਤਾਬਿਕ ਦਰਬਾਰ ਸਾਹਿਬ ’ਤੇ ਕਬਜ਼ੇ ਵਾਲੇ ਦਿਨ (12 ਅਕਤੂਬਰ 1920) ਅਤੇ ਮਗਰੋਂ ਅਤੇ ਸਿੱਖ ਲੀਗ ਦੇ ਦੀਵਾਨ ਵਿਚ ਅਰੂੜ ਸਿੰਘ ਦੀ ਇਸ ਕਾਰਵਾਈ ਦੀ ਨਿੰਦਾ ਜ਼ਰੂਰ ਕੀਤੀ ਗਈ ਸੀ। ਇੰਞ ਉਹ ਬਦ ਨਾਲੋਂ ਬਦਨਾਮ ਜ਼ਿਆਦਾ ਸੀ; ਇਸ ਕਰ ਕੇ ਲੋਕ ਉਸ ਦੇ ਖ਼ਿਲਾਫ਼ ਸਨ ਅਤੇ ਚਾਹੁੰਦੇ ਸਨ ਕਿ ਉਹ ਅਸਤੀਫ਼ਾ ਦੇਵੇ।ਇਸ ਸਬੰਧ ਵਿਚ ਅਗਸਤ 1920 ਦੇ ਪਹਿਲੇ ਹਫ਼ਤੇ ਵਿਚ ‘ਗੁਰਦੁਆਰਾ ਸੇਵਕ ਕਮੇਟੀ’ ਅੰਮ੍ਰਿਤਸਰ (ਸੈਕਟਰੀ ਭਾਈ ਦੇਵਾ ਸਿੰਘ) ਦੀਆਂ ਕੋਸ਼ਿਸ਼ਾਂ ਨਾਲ ਜਲ੍ਹਿਆਂ ਵਾਲਾ ਬਾਗ ਵਿਚ ਇਕ ਦੀਵਾਨ ਸਜਾਇਆ ਗਿਆ। ਇਸ ਵਿਚ ਦਰਬਾਰ ਸਾਹਿਬ ਦੀ ਹਾਲਤ ਬਾਰੇ ਤਕਰੀਰਾਂ ਕੀਤੀਆਂ ਗਈਆਂ। ਇਸ ਦੀਵਾਨ ਵਿਚ ਐਲਾਨ ਕੀਤਾ ਗਿਆ ਕਿ 15 ਅਗਸਤ 1920 ਐਤਵਾਰ ਦੇ ਦਿਨ ਇਸ ਸਬੰਧੀ ਇਕ ਦੀਵਾਨ ਮੰਜੀ ਸਾਹਿਬ (ਦਰਬਾਰ ਸਾਹਿਬ) ਵਿਚ ਕੀਤਾ ਜਾਵੇਗਾ। ਚੌਦ੍ਹਾਂ ਅਗਸਤ ਦੀ ਸ਼ਾਮ ਨੂੰ ਹੀ ਡਿਪਟੀ ਕਮਿਸ਼ਨਰ ਨੇ ਭਾਈ ਦੇਵਾ ਸਿੰਘ ਨੂੰ ਹੁਕਮ ਜਾਰੀ ਕਰ ਕੇ ਮੰਜੀ ਸਾਹਿਬ ਵਿਚ ਦੀਵਾਨ ਕਰਨ ਤੋਂ ਰੋਕ ਦਿੱਤਾ। ਪਰ, 15 ਅਗਸਤ ਦੇ ਦਿਨ ਹਜ਼ਾਰਾਂ ਸਿੱਖ ਮੰਜੀ ਸਾਹਿਬ ਇਕੱਠੇ ਹੋ ਗਏ। ਇਸ ਸਮੇਂ ਅਮਰ ਸਿੰਘ ਝਬਾਲ ਤੇ ਜਸਵੰਤ ਸਿੰਘ ਝਬਾਲ ਵੀ ਪਹੁੰਚ ਗਏ। ਇਸ ਮੌਕੇ ਤੇ ਭਾਰੀ ਪੁਲਿਸ ਵੀ ਜਮ੍ਹਾਂ ਹੋ ਗਈ। ਪੁਲਿਸ ਨੇ ਸਿੱਖਾਂ ਨੂੰ ਦੀਵਾਨ ਸਜਾਉਣ ਤੋਂ ਰੋਕਿਆ। ਪਰ ਸਿੱਖਾਂ ਨੇ ਡੀ.ਸੀ. ਦੇ ਹੁਕਮ ਦੀ ਪਰਵਾਹ ਨਾ ਕਰਦਿਆਂ ਹੋਇਆਂ ਮੰਜੀ ਸਾਹਿਬ ’ਚ ਤਕਰੀਰਾਂ ਕੀਤੀਆਂ ਅਤੇ ਅਰੂੜ ਸਿੰਘ ਨੂੰ ਹਟਾਉਣ ਦੀ ਮੰਗ ਕੀਤੀ।
16 ਅਗਸਤ 1920 ਦੇ ਦਿਨ ਇਸ ਸਬੰਧੀ ਇਕ ਹੋਰ ਦੀਵਾਨ ਜਲ੍ਹਿਆਂ ਵਾਲਾ ਬਾਗ ਵਿਚ ਹੋਇਆ। ਇਸ ਦੀਵਾਨ ਵਿਚ ਅਰੂੜ ਸਿੰਘ ਨੂੰ ਇਕ ਹਫ਼ਤੇ ਦਾ ਨੋਟਿਸ ਦਿੱਤਾ ਗਿਆ ਕਿ ਜੇ ਉਸ ਨੇ ਇਕ ਹਫ਼ਤੇ ਦੇ ਅੰਦਰ-ਅੰਦਰ ਸਰਬਰਾਹੀ ਨਾ ਛੱਡੀ ਤਾਂ ਉਸ ਦਾ ਮੁਰਦਾ (ਜਨਾਜ਼ਾ) ਕੱਢਿਆ ਜਾਵੇਗਾ। ਇਹ ਨੋਟਿਸ ਇੰਞ ਸੀ:
“ਨੋਟਿਸ: ਬਨਾਮ ਅਰੂੜ ਸਿੰਘ ਸਰਬਰਾਹ ਦਰਬਾਰ ਸਾਹਿਬ ਅੰਮ੍ਰਿਤਸਰ, ਮਿਆਦੀ ਏਕ ਹਫ਼ਤਾ। ਤੁਮ ਕੇ ਖਾਲਸਾ ਕੌਮ ਔਰ ਸੰਗਤ ਨੇ ਬੜੇ-ਬੜੇ ਦੀਵਾਨ ਕਰ ਕੇ ਹੁਕਮ ਦੀਆ ਹੈ ਕਿ ਸਰਬਰਾਹੀ ਸੇ ਫ਼ੌਰਨ ਜੁਦਾ ਹੋ ਜਾਓ! ਕਿਉਂ ਕਿ ਤੁਮ ਨੇ ਦਰਬਾਰ ਸਾਹਿਬ ਮੇਂ ਵੋਹ ਬਦਇੰਤਜ਼ਾਮੀ ਔਰ ਬਦ-ਕਾਮ ਸ਼ੁਰੂ ਕਰਾ ਦੀਏ ਹੈਂ ਜਿਨ ਸੇ ਹਮ ਲੋਗ ਤੰਗ ਆ ਗਏ ਹੈਂ। ਅਬ ਹਮ ਬਰਦਾਸ਼ਤ ਨਹੀਂ ਕਰ ਸਕਤੇ। ਇਸ ਲੀਏ, ਇਸ ਨੋਟਿਸ ਕੇ ਜ਼ਰੀਏ ਇਤਲਾਹ ਦੇਤੇ ਹੈਂ ਕਿ ਅਗਰ ਮਿਆਦ ਮਜ਼ਕੂਰਾ ਦੇ ਅੰਦਰ ਸਰਬਰਾਹੀ ਨਾ ਛੋੜੋਗੇ ਤੋ ਬਿਬਾਨ ਨਿਕਾਲਾ ਜਾਵੇਗਾ, ਔਰ ਕੌਮ ਤੁਮ ਕੋ ਆਪਣੀ ਤਰਫ਼ ਸੇ ਮੁਰਦਾ ਸਮਝੇਗੀ।- ਗੁਰਦੁਆਰਾ ਸੇਵਕ ਕਮੇਟੀ ਅੰਮ੍ਰਿਤਸਰ।”
ਇਸ ਨੋਟਿਸ ਤੋਂ ਘਬਰਾ ਕੇ ਅਰੂੜ ਸਿੰਘ ਨੇ ਦੋ ਮਹੀਨੇ ਦੀ ‘‘ਛੁੱਟੀ’’ ਲੈ ਲਈ ਤੇ ਸਰਕਾਰ ਨੇ ਸੁੰਦਰ ਸਿੰਘ ਰਾਮਗੜ੍ਹੀਆ ਨੂੰ ਆਰਜ਼ੀ-ਸਰਬਰਾਹ ਲਾ ਦਿਤਾ ਤੇ ਨਾਲ ਹੀ ਅਖ਼ਬਾਰਾਂ ’ਚ ਅਰੂੜ ਸਿੰਘ ਦੇ ‘ਹਟਾਏ ਜਾਣ’ ਦੀ ਖ਼ਬਰ ਜਾਰੀ ਕਰ ਦਿੱਤੀ। ਇਸ ਤੇ 18 ਅਗਸਤ ਦੇ ਦਿਨ ਜਲ੍ਹਿਆਂ ਵਾਲਾ ਬਾਗ ਵਿਚ ਫੇਰ ਇਕ ਜਲਸਾ ਹੋਇਆ ਜਿਸ ਵਿਚ ਭਾਈ ਦੇਵਾ ਸਿੰਘ, ਜਸਵੰਤ ਸਿੰਘ ਝਬਾਲ, ਜਵਾਹਰ ਸਿੰਘ, ਅਕਾਲੀ ਕੌਰ ਸਿੰਘ, ਡਾਕਟਰ ਭਗਵਾਨ ਸਿੰਘ, ਅਬਦੁਲ ਕੁਰੈਸ਼ੀ ਵਕੀਲ ਤੇ ਦੀਨਾ ਨਾਥ ਐਡੀਟਰ ‘ਦਰਦ’ ਨੇ ਤਕਰੀਰਾਂ ਕੀਤੀਆਂ। ਦੀਵਾਨ ਵਿਚ ਨੋਟਿਸ ਦਿਤਾ ਗਿਆ ਕਿ ਸਿੱਖ ਪੰਥ ਅਰੂੜ ਸਿੰਘ ਨੂੰ ਦੋ ਮਹੀਨੇ ਦੀ ਛੁੱਟੀ ’ਤੇ ਭੇਜਣ ਨੂੰ ਮਨਜ਼ੂਰ ਨਹੀਂ ਕਰਦਾ ਤੇ ਉਸ ਨੂੰ ਸਦਾ ਵਾਸਤੇ ਹਟਾਉਣਾ ਚਾਹੁੰਦਾ ਹੈ। ਦੀਵਾਨ ਨੇ ਚਾਰ ਮਤੇ ਪਾਸ ਕੀਤੇ: (1) ਅਰੂੜ ਸਿੰਘ ਨੂੰ ਦੋ ਮਹੀਨੇ ਛੁੱਟੀ ਦੇਣ ਨਾਲ ਸਿੱਖਾਂ ਵਿਚ ਹੋਰ ਨਾਰਾਜ਼ਗੀ ਵਧੇਗੀ। ਉਸ ਨੂੰ ਮੌਕੂਫ਼ ਕਰਨ ਦਾ ਐਲਾਨ ਕੀਤਾ ਜਾਵੇ (2) ਇਕ ਗ਼ੈਰ-ਸਰਕਾਰੀ ਪੰਚਾਇਤ ਦਰਬਾਰ ਸਾਹਿਬ ਦਾ 18 ਸਾਲ ਦਾ ਹਿਸਾਬ-ਕਿਤਾਬ ਪੜਤਾਲ ਕਰਨ ਲਈ ਬਣਾਈ ਜਾਵੇ (3) ਬੂੜੀ (ਬੂੜ ਸਿੰਘ ਗ੍ਰੰਥੀ ਅਕਾਲ ਤਖ਼ਤ ਸਾਹਿਬ) ਨੂੰ ਬਰਾਦਰੀ ਚੋਂ ਖਾਰਿਜ ਸਮਝਿਆ ਜਾਵੇ (4) ਸੁੰਦਰ ਸਿੰਘ ਰਾਮਗੜ੍ਹੀਆ ਨਵੇਂ ਸਰਬਰਾਹ ਨੂੰ ਅਰਜ਼ ਕੀਤੀ ਜਾਵੇ ਕਿ ਜਦ ਤਕ ਬੂੜ ਸਿੰਘ ਗੁਰੂ ਖਾਲਸਾ ਤੋਂ ਭੁਲ ਨਾ ਬਖ਼ਸ਼ਾਵੇ ਉਸ ਨੂੰ ਅਕਾਲ ਤਖ਼ਤ ਸਾਹਿਬ ਉੱਤੇ ਬੈਠਣ ਦੀ ਇਜਾਜ਼ਤ ਨਾ ਦਿਤੀ ਜਾਵੇ।
24 ਅਗਸਤ 1920 ਨੂੰ ਸ਼ਾਮ ਦੇ 6 ਵਜੇ ਜਲ੍ਹਿਆਂ ਵਾਲਾ ਬਾਗ ਵਿਚ ਗੁਰਦੁਆਰਾ ਸੇਵਕ ਕਮੇਟੀ ਅੰਮ੍ਰਿਤਸਰ ਵਲੋਂ ਦੀਵਾਨ ਹੋਇਆ। ਦੀਵਾਨ ਤੋਂ ਪਹਿਲਾਂ ਅਰੂੜ ਸਿੰਘ ਦੇ ਤਿੰਨ ਏਲਚੀ, ਜਿਨ੍ਹਾਂ ਵਿਚ ਬਸੰਤ ਸਿੰਘ ਰਸਾਲਦਾਰ ਤੇ ਚੰਦਾ ਸਿੰਘ ਅਟਾਰੀ ਵਾਲੇ ਵੀ ਸਨ, ਸਿੱਖ ਆਗੂਆਂ ਕੋਲ ਆਏ ਤੇ ਅਰਜ਼ ਕੀਤੀ ਕਿ ਜੇ ਅਰੂੜ ਸਿੰਘ ਦੀਵਾਨ ’ਚ ਆ ਕੇ ਮੁਆਫ਼ੀ ਮੰਗ ਲਵੇ ਅਤੇ ਉਸ ਦੀ ਬੇਇਜ਼ਤੀ ਨਾ ਕਰਨ ਤੇ ਜਨਾਜ਼ਾ ਨਾ ਕਢਣ ਦਾ ਵਾਅਦਾ ਕਰੋ ਤਾਂ ਉਹ ਹਾਜ਼ਿਰ ਹੋ ਜਾਵੇਗਾ। ਮਾਸਟਰ ਚੰਦਾ ਸਿੰਘ ਨੇ ਇਸ ਦਾ ਵਾਅਦਾ ਕਰ ਲਿਆ। ਪੋਣੇ 8 ਵਜੇ ਅਰੂੜ ਸਿੰਘ ਜਲ੍ਹਿਆਂ ਵਾਲਾ ਬਾਗ ਵਿਚ ਆ ਗਿਆ ਤੇ ਉਸ ਨੇ ਸਟੇਜ ਤੋਂ ਕਿਹਾ ਕਿ ‘‘ਮੈਂ 18 ਵਰ੍ਹੇ ਗੁਰੂ ਰਾਮਦਾਸ ਜੀ ਦੀ ਅਤੇ ਖਾਲਸੇ ਦੀ ਸੇਵਾ ਕੀਤੀ। ਚੰਗੀ ਕੀਤੀ ਜਾਂ ਮੰਦੀ ਕੀਤੀ, ਆਪ ਕਬੂਲ ਕਰੋ ਤੇ ਹੁਣ ਮੈਂ ਅਸਤੀਫ਼ਾ ਦੇਂਦਾ ਹਾਂ ਤੇ ਆਪ ਜਨਾਜ਼ਾ ਨਾ ਕੱਢੋ।’’ ਇਸ ਤੇ ਸੰਗਤ ਨੇ ਮਤਾ ਪਾਸ ਕੀਤਾ ਕਿ ਜਨਾਜ਼ਾ ਨਹੀਂ ਕੱਢਿਆ ਜਾਏਗਾ ਪਰ 18 ਸਾਲ ਦਾ ਹਿਸਾਬ ਜ਼ਰੂਰ ਲਿਆ ਜਾਵੇਗਾ। {ਨੋਟ: ਅਰੂੜ ਸਿੰਘ ਨੂੰ ਇਕ ਵਾਰ ਮੁਆਫ਼ੀ ਮੰਗਣ ਵਾਸਤੇ ਕਿਹਾ ਗਿਆ ਸੀ; ਉਸ ਨੇ ਦੇਰ ਨਹੀਂ ਕੀਤੀ ਅਤੇ ਨਾਲ ਹੀ ਸਮਾਗਮ ਵਿਚ ਆ ਕੇ ਅਸਤੀਫ਼ਾ ਵੀ ਦੇ ਦਿੱਤਾ ਸੀ। ਅੱਜ ਦੇ ਗੁਰਬਚਨ ਸਿੰਘ ਤੇ ਹਰਪ੍ਰੀਤ ਸਿੰਘ ਵਰਗੇ ਸਰਬਰਾਹ ਰੋਜ਼ ਦਸ-ਦਸ ਵਾਰ ਗੱਲ੍ਹਾਂ ਅਤੇ ਜੁੱਤੀਆਂ ਖਾਣ ਦੇ ਬਾਵਜੂਦ ਅਖੌਤੀ ਜਥੇਦਾਰੀ ਨਹੀਂ ਛੱਡਦੇ}.
.
ਇਸ ਮਗਰੋਂ ਅਰੂੜ ਸਿੰਘ ਸਿੱਖ ਸਿਆਸਤ ਤੋਂ ਦੂਰ ਰਿਹਾ ਤੇ ਆਪਣੀ ਮੌਤ (1926) ਤਕ ਇਕ ਆਮ ਰਈਸ ਵਾਂਗ ਜ਼ਿੰਦਗੀ ਜੀਂਦਾ ਰਿਹਾ.
ਮੈਂ ਹੈਰਾਨ ਹਾਂ ਕਿ ਕੁਝ ਘਟੀਆ ਲੋਕ ਅਰੂੜ ਸਿੰਘ ਸਿਮਰਨਜੀਤ ਸਿੰਘ ਮਾਨ ਦਾ ਨਾਨਾ ਹੋਣ ਕਰ ਕੇ ਅਰੂੜ ਸਿੰਘ ਦੇ ਗੁਨਾਹ (ਜਿਸ ਦੀ ਉਸ ਨੇ ਮੁਆਫ਼ੀ ਵੀ ਮੰਗ ਲਈ ਸੀ) ਦਾ ਨਾਂ ਲੈ ਕੇ ਸਿਮਰਨਜੀਤ ਸਿੰਘ 'ਤੇ ਹਮਲੇ ਕਰਦੇ ਹਨ। ਐਨੇ ਘਟੀਆ ਹਨ ਕੁਝ ਨੀਚ ਲੋਕ!
-- ਲਿਖਾਰੀ : ਹਰਜਿੰਦਰ ਸਿੰਘ ਦਿਲਗੀਰ
('ਨਵਾਂ ਤੇ ਵੱਡਾ ਮਹਾਨ ਕੋਸ਼', ਜਿਲਦ ਪਹਿਲੀ ਵਿਚੋਂ)