ਚੰਡੀਗੜ੍ਹ: ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ ਰਣਧੀਰ ਦੇ ਸ਼ੈਲਰ ਮਾਲਕ ਵੱਲੋਂ ਬਾਰਦਾਨੇ ’ਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਲਾਉਣ ਖ਼ਿਲਾਫ਼ ਸਿੱਖ ਜਥੇਬੰਦੀਆਂ ’ਚ ਰੋਸ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਸ਼ੈਲਰ ਮਾਲਕਾਂ ਖ਼ਿਲਾਫ਼ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ।
ਧਰਮਕੋਟ ਦੇ ਪੁਲਿਸ ਅਧਿਕਾਰੀ ਰਾਵਿੰਦਰ ਸਿੰਘ ਨੇ ਦੱਸਿਆ ਕਿ ਚੌਲ ਮਿੱਲ ਅੰਦਰੋਂ 50 ਹਜ਼ਾਰ ਦੇ ਕਰੀਬ ਪਲਾਸਟਿਕ ਦੇ ਵਿਵਾਦਤ ਖਾਲੀ ਲਿਫ਼ਾਫ਼ੇ ਵੀ ਬਰਾਮਦ ਹੋਏ ਹਨ। ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਪਿੰਡ ਖੋਸਾ ਰਣਧੀਰ ਦੇ ਇੱਕ ਸ਼ੈੱਲਰ ’ਚੋਂ ਪੈਕਿੰਗ ਲਈ ਖਾਲੀ ਬਾਰਦਾਨੇ ਦੀਆਂ ਬੋਰੀਆਂ ਤੇ ਲਿਫ਼ਾਫ਼ਿਆਂ ਉੱਪਰ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਲਾ ਕੇ ਬੇਅਦਬੀ ਕੀਤੀ ਜਾ ਰਹੀ ਹੈ।
ਇਸ ਨੂੰ ਲੈ ਕੇ ਭਾਈ ਜਗਜੀਤ ਸਿੰਘ ਦਲ ਖ਼ਾਲਸਾ, ਰਾਜਾ ਸਿੰਘ ਖੁਖਰਾਣਾ, ਹਰਦੀਪ ਸਿੰਘ ਲੰਢੇਕੇ, ਮੱਘਰ ਸਿੰਘ ਖ਼ਾਲਸਾ, ਜਗਦੇਵ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਲੋਕਾਂ ਨੇ ਮਿੱਲ ਪ੍ਰਬੰਧਕਾਂ ਖ਼ਿਲਾਫ਼ ਰੋਸ ਜਤਾਇਆ। ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂ ਵੀ ਪੁੱਜੇ।
ਇਸ ਬਾਰੇ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਰਾਜਾ ਖੁਖਰਾਣਾ, ਸਤਪਾਲ ਸਿੰਘ ਡਗਰੂ ਨੇ ਕਿਹਾ ਕਿ ਸ਼ੈਲਰ ਮਾਲਕਾਂ ਵੱਲੋਂ ਦਰਬਾਰ ਸਾਹਿਬ ਦੀ ਤਸਵੀਰ ਵਾਲੇ ਥੈਲਿਆਂ ਵਿੱਚ ਚੌਲਾਂ ਦੀ ਪੈਕਿੰਗ ਕਰਕੇ ਬੇਅਦਬੀ ਕੀਤੀ ਗਈ।