ਨਵੀਂ ਦਿੱਲੀ: ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ’ਚ ਪਿੰਡ ਵਾਸੀਆਂ ਨੇ ਭਾਰੀ ਹਥਿਆਰਾਂ ਨਾਲ ਲੈੱਸ ਲਸ਼ਕਰ-ਏ-ਤੋਇਬਾ (ਐਲ.ਈ.ਟੀ.) ਦੇ 2 ਅਤਿਵਾਦੀਆਂ, ਜਿਨ੍ਹਾਂ ’ਚੋਂ ਇਕ ਮੋਸਟ ਵਾਂਟੇਡ ਕਮਾਂਡਰ ਵੀ ਸ਼ਾਮਲ ਸੀ ਨੂੰ ਕਾਬੂ ਕਰ ਕੇ ਪੁਲਿਸ ਨੂੰ ਸੌਂਪ ਦਿਤਾ। ਗ੍ਰਿਫਤਾਰ ਅੱਤਵਾਦੀ ਦੀ ਪਛਾਣ ਤਾਲਿਬ ਹੁਸੈਨ ਸ਼ਾਹ ਵਜੋਂ ਹੋਈ ਹੈ।
ਪੁਲਿਸ ਮੁਤਾਬਕ ਗ੍ਰਿਫਤਾਰ ਅੱਤਵਾਦੀ ਕਿਸੇ ਸਮੇਂ ਜੰਮੂ 'ਚ ਭਾਜਪਾ ਦੇ ਘੱਟ ਗਿਣਤੀ ਮੋਰਚੇ ਦਾ ਸੋਸ਼ਲ ਮੀਡੀਆ ਇੰਚਾਰਜ ਸੀ। ਐਤਵਾਰ ਸਵੇਰੇ ਤਾਲਿਬ ਹੁਸੈਨ ਸ਼ਾਹ ਅਤੇ ਉਸ ਦੇ ਸਾਥੀਆਂ ਨੂੰ ਪਿੰਡ ਵਾਸੀਆਂ ਨੇ ਰਿਹਾਇਸ਼ੀ ਇਲਾਕੇ ਵਿਚ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੂੰ ਅੱਤਵਾਦੀਆਂ ਕੋਲੋਂ ਦੋ ਏਕੇ 47 ਰਾਈਫਲਾਂ, ਕਈ ਗ੍ਰਨੇਡ ਅਤੇ ਕਈ ਹੋਰ ਹਥਿਆਰ ਅਤੇ ਵੱਡੀ ਗਿਣਤੀ ਵਿਚ ਗੋਲੀਆਂ ਬਰਾਮਦ ਹੋਈਆਂ ਹਨ।
ਭਾਜਪਾ ਦੇ ਬੁਲਾਰੇ ਆਰਐਸ ਪਠਾਨੀਆ ਨੇ ਕਿਹਾ ਕਿ ਆਨਲਾਈਨ ਮੈਂਬਰਸ਼ਿਪ ਲੈਣ ਦਾ ਇੱਕੋ-ਇੱਕ ਨੁਕਸਾਨ ਇਹ ਹੈ ਕਿ ਤੁਸੀਂ ਬਿਨ੍ਹਾਂ ਕਿਸੇ ਦੇ ਪਿਛੋਕੜ ਦੀ ਜਾਂਚ ਕੀਤੇ ਪਾਰਟੀ ਦੀ ਮੈਂਬਰਸ਼ਿਪ ਦੇ ਦਿੰਦੇ ਹੋ। ਇਸ ਅੱਤਵਾਦੀ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਇਕ ਵੱਡਾ ਮੁੱਦਾ ਬਣ ਕੇ ਸਾਹਮਣੇ ਆਇਆ ਹੈ।
ਮੈਂ ਕਹਾਂਗਾ ਕਿ ਇਹ ਇਕ ਨਵਾਂ ਮਾਡਲ ਹੈ, ਜਿਸ ਦੇ ਤਹਿਤ ਕੋਈ ਵੀ BJP ਵਿਚ ਸ਼ਾਮਲ ਹੁੰਦਾ ਹੈ, ਪਾਰਟੀ ਵਿਚ ਆਪਣੀ ਪ੍ਰਵੇਸ਼ ਵਧਾਉਂਦਾ ਹੈ ਅਤੇ ਰੇਕੀ ਕਰਦਾ ਹੈ। ਇਸ ਤਰ੍ਹਾਂ ਅੱਤਵਾਦੀ ਪਾਰਟੀ ਦੀ ਚੋਟੀ ਦੀ ਲੀਡਰਸ਼ਿਪ ਨੂੰ ਮਾਰਨ ਦੀ ਸਾਜ਼ਿਸ਼ ਰਚਦੇ ਹਨ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਪੁਲਿਸ ਨੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਇਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਉਸ ਸਮੇਂ ਭਾਜਪਾ ਘੱਟ ਗਿਣਤੀ ਫਰੰਟ ਜੰਮੂ ਅਤੇ ਕਸ਼ਮੀਰ ਵੱਲੋਂ ਜਾਰੀ ਕੀਤੇ ਗਏ ਹੁਕਮ ਵਿਚ ਕਿਹਾ ਗਿਆ, "ਤਾਲਿਬ ਹੁਸੈਨ ਸ਼ਾਹ, ਦਰਾਜ ਕੋਟਰਾਂਕਾ, ਬੁਧਨ, ਜ਼ਿਲ੍ਹਾ ਰਾਜੌਰੀ, ਤੁਰੰਤ ਪ੍ਰਭਾਵ ਨਾਲ ਭਾਜਪਾ ਘੱਟ ਗਿਣਤੀ ਮੋਰਚਾ ਜੰਮੂ ਸੂਬੇ ਦੇ ਨਵੇਂ ਆਈਟੀ ਅਤੇ ਸੋਸ਼ਲ ਮੀਡੀਆ ਇੰਚਾਰਜ ਹੋਣਗੇ। "
ਇਸ ਤੋਂ ਬਾਅਦ BJP ਦੇ ਸੀਨੀਅਰ ਨੇਤਾਵਾਂ ਨਾਲ ਅੱਤਵਾਦੀ ਤਾਲਿਬ ਹੁਸੈਨ ਸ਼ਾਹ ਦੀਆਂ ਕਈ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਜੰਮੂ-ਕਸ਼ਮੀਰ ਦੇ ਭਾਜਪਾ ਪ੍ਰਧਾਨ ਰਵਿੰਦਰ ਰੈਨਾ ਨਾਲ ਤਾਲਿਬ ਹੁਸੈਨ ਸ਼ਾਹ ਦੀਆਂ ਵੀ ਕਈ ਤਸਵੀਰਾਂ ਹਨ।
ਜੰਮੂ-ਕਸ਼ਮੀਰ ਦੇ ਰਾਜਪਾਲ ਅਤੇ ਪੁਲਿਸ ਮੁਖੀ ਨੇ ਅੱਤਵਾਦੀਆਂ ਨੂੰ ਫੜ ਕੇ ਪੁਲਿਸ ਹਵਾਲੇ ਕਰਨ ਲਈ ਪਿੰਡ ਵਾਸੀਆਂ ਲਈ ਇਨਾਮ ਦਾ ਐਲਾਨ ਕੀਤਾ ਹੈ। ਜੰਮੂ-ਕਸ਼ਮੀਰ ਪੁਲਿਸ ਦੇ ADG ਮੁਕੇਸ਼ ਸਿੰਘ ਨੇ ਇੱਕ ਟਵੀਟ ਵਿੱਚ ਕਿਹਾ ਕਿ ਮੈਂ ਪਿੰਡ ਵਾਸੀਆਂ ਦੇ ਹੌਂਸਲੇ ਦੀ ਸ਼ਲਾਘਾ ਕਰਦਾ ਹਾਂ। ਮੈਂ ਪਿੰਡ ਵਾਸੀਆਂ ਲਈ ਦੋ ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ।