ਗੁਰਦਾਸਪੁਰ : ਕੇਂਦਰੀ ਜੇਲ੍ਹ ਗੁਰਦਾਸਪੁਰ ਵਿਚ ਬੰਦ ਤਿੰਨ ਕੈਦੀਆਂ ਵਿਚ ਮਾਮੂਲੀ ਤਕਰਾਰ ਮਗਰੋਂ ਝੜਪ ਹੋ ਗਈ। ਇਸ ਦੌਰਾਨ ਦੋ ਕੈਦੀਆਂ ਨੂੰ ਜ਼ਿਆਦਾ ਸੱਟਾਂ ਲੱਗੀਆਂ ਹਨ ਜਿਸ ਕਾਰਨ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਲਿਜਾਣਾ ਪਿਆ।
ਜਾਣਕਾਰੀ ਮੁਤਾਬਕ ਕੈਦੀ ਕੁਲਵਿੰਦਰ ਸਿੰਘ ਵਾਸੀ ਪਿੰਡ ਖੋਖਰ, ਫਤਿਹਗੜ੍ਹ ਚੂੜੀਆਂ ਇਸ ਜੇਲ੍ਹ ਦੀ ਬੈਰਕ ਨੰਬਰ ਚਾਰ ਵਿਚ ਸਜ਼ਾ ਕੱਟ ਰਿਹਾ ਹੈ। ਉਸ ਖ਼ਿਲਾਫ਼ ਥਾਣਾ ਕੰਬੋਹ ਵਿਖੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ, ਜਿਸ ਵਿਚ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਸੀ।
ਇਸੇ ਜੇਲ੍ਹ ਦੀ ਬੈਰਕ ਨੰਬਰ ਛੇ ਵਿਚ ਦੋ ਵਿਚਾਰ ਅਧੀਨ ਕੈਦੀ ਮਨੀ ਸਿੰਘ ਮੌ ਵਾਸੀ ਭੰਡਾਰੀ ਮੁਹੱਲਾ ਬਟਾਲਾ ਤੇ ਹਰਪ੍ਰਰੀਤ ਸਿੰਘ ਤੋਲਕੀ ਵਾਸੀ ਗੋਤ ਪੋਖਰ ਵੀ ਬੰਦ ਹਨ। ਬੁੱਧਵਾਰ ਦੁਪਹਿਰੇ ਜਦੋਂ ਉਪਰੋਕਤ ਵਿਅਕਤੀ ਬੈਰਕ ਤੋਂ ਬਾਹਰ ਨਿਕਲੇ ਤਾਂ ਕੈਦੀ ਕੁਲਵਿੰਦਰ ਸਿੰਘ ਦੀ ਕਿਸੇ ਗੱਲ ਨੂੰ ਲੈ ਕੇ ਦੋ ਕੈਦੀਆਂ ਨਾਲ ਝੜਪ ਹੋ ਗਈ।
ਤਿੰਨਾਂ ਵਿਚਕਾਰ ਜਬਰਦਸਤ ਲੜਾਈ ਹੋਈ, ਜਿਸ ਵਿਚ ਮਨੀ ਤੇ ਹਰਪ੍ਰਰੀਤ ਦੇ ਹੋਰ ਸੱਟਾਂ ਲੱਗੀਆਂ। ਸੂਚਨਾ ਮਿਲਦੇ ਹੀ ਜੇਲ੍ਹ ਦੇ ਸੁਰੱਖਿਆ ਅਧਿਕਾਰੀ ਮੌਕੇ 'ਤੇ ਪੁੱਜ ਗਏ। ਦੋ ਜ਼ਖ਼ਮੀ ਕੈਦੀਆਂ ਮਨੀ ਸਿੰਘ ਤੇ ਹਰਪ੍ਰਰੀਤ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਕੇ ਗਏ। ਇਸ ਮਾਮਲੇ ਦੀ ਸੂਚਨਾ ਜੇਲ੍ਹ ਸੁਪਰਡੈਂਟ ਵੱਲੋਂ ਸਿਟੀ ਪੁਲਿਸ ਨੂੰ ਦੇ ਦਿੱਤੀ ਗਈ ਹੈ।