ਵਿਧਾਇਕ ਕੁਲਵੰਤ ਸਿੰਘ ਨੇ ਮੋਹਾਲੀ ਦੀਆਂ ਮੰਗਾਂ ਮੰਨਣ ਲਈ ਮੁੱਖ ਮੰਤਰੀ ਤੇ ਵਿੱਤ ਮੰਤਰੀ ਦਾ ਕੀਤਾ ਧੰਨਵਾਦ
ਐਸ.ਏ.ਐਸ ਨਗਰ, ਮੋਹਾਲੀ 27 ਜੂਨ ()- ਮੋਹਾਲੀ ਦੇ "ਆਪ" ਵਿਧਾਇਕ ਕੁਲਵੰਤ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਧੰਨਵਾਦ ਕੀਤਾ ਹੈ | ਵਿਧਾਇਕ ਕੁਲਵੰਤ ਸਿੰਘ ਨੇ ਬਜਟ ਸੈਸ਼ਨ 'ਚ ਮੋਹਾਲੀ ਦੇ ਵਿਕਾਸ ਲਈ ਕੁਝ ਮੰਗਾਂ ਦੀ ਤਜਵੀਜ਼ ਰੱਖੀ ਸੀ ਜਿਨ੍ਹਾਂ ਨੂੰ ਅੱਜ ਬਜਟ ਸੈਸ਼ਨ 'ਚ ਪ੍ਰਵਾਨਗੀ ਦੇ ਦਿੱਤੀ ਗਈ ਹੈ|
ਦਰਅਸਲ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਸੈਸ਼ਨ 'ਚ ਸਰਕਾਰ ਸਾਹਮਣੇ ਕੁਝ ਮੰਗਾਂ ਰੱਖਿਆ ਸਨ, ਜਿਨ੍ਹਾਂ ਮੁਤਾਬਕ ਐਸ.ਏ.ਐਸ ਨਗਰ ਵਿਖੇ ਅਤਿ ਆਧੁਨਿਕ ਪੰਜਾਬ ਇੰਸਟੀਚਿਊਟ ਆਫ ਲੀਵਰ ਐਂਡ ਬਾਇਲਰੀ ਸੈਂਸਿਜ਼ ਦੀ ਸਥਾਪਨਾ ਕੀਤਾ ਜਾਣ ਦੀ ਮੰਗ ਸੀ, ਸ਼ਹਿਰ ਦੇ ਨੇੜੇ ਫਿਨਟੈੱਕ ਸਿਟੀ ਸਥਾਪਿਤ ਕਰਨ ਦੀ ਤਜਵੀਜ਼ ਹੈ ਜਿੱਥੇ ਫਿਨਟੈੱਕ, ਬਲਾਕ-ਚੇਨ ਤਕਨੀਕ ਅਤੇ ਆਰਟੀਫੀਸ਼ੀਅਲ ਇਨਟੈਲੀਜੈਂਸ ਵਰਗੇ ਖੇਤਰਾਂ ਵਿੱਚ ਨਿੱਜੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ, ਆਮ ਲੋਕਾਂ ਦੀ ਸੁਰੱਖਿਆ ਲਈ ਪੂਰੇ ਰਾਜ ਵਿੱਚ ਸੀ.ਸੀ.ਟੀ.ਵੀ ਨੈੱਟਵਰਕ ਲਗਾਏ ਜਾਣ, ਜਿਸ ਦਾ ਆਰੰਭ ਮੌਜੂਦਾ ਵਿੱਤੀ ਸਾਲ ਦੌਰਾਨ ਮੋਹਾਲੀ ਅਤੇ ਪੰਜਾਬ ਪੁਲਿਸ ਮਹਿਲਾ ਮਿੱਤਰ ਕੇਂਦਰ ਵਿੱਚ 5 ਕਰੋੜ ਦੀ ਲਾਗਤ ਨਾਲ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾਣਗੇ, ਐਸ.ਏ.ਐਸ ਨਗਰ ਵਿਖੇ ਆਧੁਨਿਕ ਜ਼ਿਲ੍ਹਾ ਜੇਲ ਦੀ ਉਸਾਰੀ ਲਈ ਪਿੰਡ ਕੁਰੜਾ ਵਿਖੇ 17.5 ਏਕੜ ਜ਼ਮੀਨ ਦੀ ਸਿਫਾਰਸ਼ ਕੀਤੀ ਗਈ ਹੈ ਅਤੇ ਚਾਲੂ ਵਿੱਤੀ ਸਾਲ ਦੌਰਾਨ ਜੇਲ ਦੀ ਉਸਾਰੀ ਲਈ ਮੁੱਢਲੇ ਤੌਰ ਤੇ 10 ਕਰੋੜ ਰੁਪਏ ਰੱਖੇ ਗਏ।
ਐਸ.ਏ.ਐਸ ਨਗਰ ਵਿਖੇ ਅਨੁਸੂਚਿਤ ਜਾਤੀ ਨਾਲ ਸਬੰਧਤ ਭਲਾਈ ਸੇਵਾਵਾਂ ਇੱਕ ਹੀ ਛੱਤ ਹੇਠ ਪ੍ਰਦਾਨ ਕਰਨ ਲਈ ਡਾ. ਬੀ.ਆਰ. ਅੰਬੇਦਕਰ ਭਵਨ ਦੀ ਸਥਾਪਨਾ ਕੀਤੀ ਜਾਵੇਗੀ, ਜਲ ਸਪਲਾਈ ਸਕੀਮਾਂ ਦੇ ਬੁਨਿਆਦੀ ਢਾਂਚੇ ਦੀ ਮੁਰੰਮਤ ਅਤੇ ਰੱਖ-ਰਖਾਵ ਨੂੰ ਮਜ਼ਬੂਤ ਕਰਨ ਲਈ ਐਸ.ਏ.ਐਸ ਨਗਰ ਵਿਖੇ 10 ਕਰੋੜ ਰੁਪਏ ਦੀ ਲਾਗਤ ਨਾਲ ਜਲ ਭਵਨ ਦੀ ਉਸਾਰੀ ਮੌਜੂਦਾ ਵਿੱਤੀ ਸਾਲ ਦੌਰਾਨ ਕੀਤੀ ਜਾਵੇਗੀ, ਚਾਲੂ ਵਿੱਤੀ ਸਾਲ ਦੌਰਾਨ ਐਸ.ਏ.ਐਸ ਨਗਰ ਵਿਖੇ ਸਾਬਕਾ ਸੈਨਿਕਾਂ ਲਈ ਇੱਕ ਬਿਰਧ ਆਸ਼ਰਮ ਬਣਾਉਣ ਲਈ ਸਰਕਾਰ ਪ੍ਰਤੀਬੱਧ ਹੈ।
ਜਾਣਕਾਰੀ ਮੁਤਾਬਕ ਇਹ ਸਾਰੀਆਂ ਮੰਗਾਂ ਇਲਾਕੇ ਦੇ ਲੋਕਾਂ ਨਾਲ ਰਾਇ ਮਸ਼ਵਰੇ ਤੋਂ ਬਾਅਦ ਸਰਕਾਰ ਦੇ ਸਨਮੁੱਖ ਕੀਤੀਆਂ ਗਈਆਂ ਹਨ | ਇਨ੍ਹਾਂ ਮੰਗਾਂ ਦੇ ਪੂਰੀਆਂ ਹੋਣ ਮਗਰੋਂ ਇਲਾਕੇ ਨੂੰ ਵੱਡੀ ਸਹੂਲਤ ਪ੍ਰਦਾਨ ਹੋਵੇਗੀ, ਇਹ ਸਾਰੀ ਜਾਣਕਾਰੀ ਸਾਂਝੀ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਖੁਸ਼ੀ ਜ਼ਾਹਿਰ ਕੀਤੀ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਉਤਰ ਰਹੀ ਹੈ।
ਕੁਲਵੰਤ ਸਿੰਘ ਨੇ ਕਿਹਾ ਕਿ ਮੋਹਾਲੀ ਅਤੇ ਪੂਰੇ ਪੰਜਾਬ ਲਈ ਅੱਜ ਬਜਟ ਵਿੱਚ ਦਿੱਤੀਆਂ ਗਈਆਂ ਸੌਗਾਤਾਂ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਲ 'ਚ ਪੰਜਾਬ ਲਈ ਪਿਆਰ ਦੀ ਬਦੌਲਤ ਹੈ | ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀ ਸਮੂਹ ਲੀਡਰਸ਼ਿਪ ਅਤੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ |