ਜੰਮੂ-ਸ੍ਰੀਨਗਰ ਹਾਈਵੇਅ ਅੱਜ ਤੀਜੇ ਦਿਨ ਵੀ ਠੱਪ ਰਿਹਾ। ਇਸ ਕਾਰਨ ਸੈਂਕੜੇ ਲੋਕ ਅਜੇ ਵੀ ਸੜਕ ਦੇ ਵਿਚਕਾਰ ਫਸੇ ਹੋਏ ਹਨ ਅਤੇ ਕਈ ਯਾਤਰੀ ਜੰਮੂ, ਸ੍ਰੀਨਗਰ ਅਤੇ ਹੋਰ ਬੱਸ ਸਟੈਂਡਾਂ ‘ਤੇ ਹਾਈਵੇਅ ਬਹਾਲ ਹੋਣ ਦੀ ਉਡੀਕ ਕਰ ਰਹੇ ਹਨ। ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਂਹ ਕਾਰਨ ਹਾਈਵੇਅ ਨੂੰ ਹੋਏ ਨੁਕਸਾਨ ਕਾਰਨ ਸੜਕ ਨੂੰ ਬਹਾਲ ਹੋਣ ਵਿੱਚ ਸਮਾਂ ਲੱਗ ਸਕਦਾ ਹੈ।
ਜੰਮੂ-ਕਸ਼ਮੀਰ ‘ਚ ਮੌਨਸੂਨ ਤੋਂ ਪਹਿਲਾਂ ਦੀ ਭਾਰੀ ਬਾਰਿਸ਼ ਅਤੇ ਉੱਚੇ ਪਹਾੜੀ ਇਲਾਕਿਆਂ ‘ਚ ਬਰਫਬਾਰੀ ਨੇ ਭਾਰੀ ਨੁਕਸਾਨ ਪਹੁੰਚਾਇਆ ਹੈ। ਊਧਮਪੁਰ ਤੋਂ 16 ਕਿਲੋਮੀਟਰ ਦੂਰ ਸਮਰੋਲੀ ਦੇ ਦੇਵਾਲ ਵਿਖੇ ਪਹਾੜ ਤੋਂ ਮਲਬੇ ਦੇ ਨਾਲ-ਨਾਲ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਦਾ 150 ਫੁੱਟ ਦਾ ਹਿੱਸਾ ਤਵੀ ਨਦੀ ਵਿੱਚ ਡੁੱਬ ਗਿਆ।
ਊਧਮਪੁਰ ਤੋਂ ਰਾਮਬਨ ਤੱਕ 33 ਥਾਵਾਂ ‘ਤੇ ਜ਼ਮੀਨ ਖਿਸਕਣ ਕਾਰਨ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ। ਰੂਟ ਨੂੰ ਬਹਾਲ ਕਰਨ ਲਈ ਕੰਮ ਜਾਰੀ ਹੈ। ਬੀਤੀ ਦੇਰ ਸ਼ਾਮ ਟਰੈਫਿਕ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਮੁਤਾਬਕ ਜੰਮੂ-ਸ਼੍ਰੀਨਗਰ ਹਾਈਵੇਅ ਅੱਜ ਵੀ ਬੰਦ ਰਹੇਗਾ।
ਹਾਈਵੇਅ ’ਤੇ ਹੋਏ ਨੁਕਸਾਨ ਕਾਰਨ ਆਵਾਜਾਈ ਬਹਾਲ ਹੋਣ ’ਚ ਸਮਾਂ ਲੱਗੇਗਾ। ਹਾਈਵੇਅ ‘ਤੇ ਸਥਿਤੀ ਸਪੱਸ਼ਟ ਹੋਣ ਤੋਂ ਬਾਅਦ ਹੀ ਲੋਕਾਂ ਨੂੰ ਯਾਤਰਾ ਲਈ ਰਵਾਨਾ ਹੋਣ ਦੀ ਸਲਾਹ ਦਿੱਤੀ ਗਈ ਹੈ।