ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਕੋਵਿਡ-19 ਦੇ ਵਧਦੇ ਪ੍ਰਕੋਪ ਨਾਲ ਨਜਿੱਠਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਐਲਾਨੇ ਕਰਫ਼ਿਊ ਦੌਰਾਨ ਮਿਲਕਫੈਡ ਵਲੋਂ ਸੂਬੇ ਦੇ ਲੋਕਾਂ ਲਈ ਦੁਧ ਦੀ ਸਪਲਾਈ ਨਿਰਵਿਘਨ ਜਾਰੀ ਰਹੇਗੀ ਅਤੇ ਕਿਸੇ ਵੀ ਤਰ੍ਹਾਂ ਭੈਅਭੀਤ ਹੋਣ ਦੀ ਲੋੜ ਨਹੀਂ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਵੇਰਕਾ ਵਲੋਂ ਸੁੱਕੇ ਦੁਧ ਦੇ ਪਾਊਂਡਰ ਅਤੇ ਲੰਮੇ ਮਿਆਦ ਵਾਲੇ ਦੁਧ ਦੇ ਪੈਕਟਾਂ ਦੀ ਸਪਲਾਈ ਵਿਚ ਵੀ ਵਾਧਾ ਕਰ ਦਿਤਾ ਗਿਆ ਹੈ। ਸੂਬੇ ਦੇ ਪੇਂਡੂ ਇਲਾਕਿਆਂ ਦੇ ਦੁਧ ਉਤਪਾਦਕਾਂ ਨੂੰ ਵਿਸ਼ਵਾਸ ਦਿਵਾਉਂਦਿਆਂ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਉਹ ਫ਼ਿਕਰਮੰਦ ਨਾ ਹੋਣ ਅਤੇ ਉਨ੍ਹਾਂ ਦੇ ਦੁਧ ਦੀ ਖ਼ਰੀਦ ਸਾਰੇ ਪ੍ਰਬੰਧ ਯਕੀਨੀ ਬਣਾਏ ਜਾਣਗੇ।
ਵੇਰਕਾ ਸੁੱਕੇ ਦੁੱਧ ਅਤੇ ਲੰਮੇ ਮਿਆਦ ਵਾਲੇ ਪੈਕਟਾਂ ਦੀ ਸਪਲਾਈ ਕਰੇਗਾ : ਰੰਧਾਵਾ
ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿਚ ਸ. ਰੰਧਾਵਾ ਨੇ ਕਿਹਾ ਕਿ ਕਰਫ਼ਿਊ ਦੌਰਾਨ ਹਾਲਾਂਕਿ ਵੇਰਕਾ ਵਲੋਂ ਦੁਧ ਦੀ ਸਪਲਾਈ ਨਿਰਵਿਘਨ ਜਾਰੀ ਵੀ ਰਹੇਗੀ ਪਰ ਫੇਰ ਵੀ ਲੋਕਾਂ ਦੀ ਸਹੂਲਤ ਲਈ ਕਮਰੇ ਦੇ ਤਾਪਮਾਨ ਵਿਚ 100 ਤੋਂ 180 ਦਿਨਾਂ ਤਕ ਮਿਆਦ ਵਾਲੇ ਯੂ.ਐਚ.ਟੀ. ਦੁਧ ਦਾ ਉਤਪਾਦਨ ਵਧਾ ਦਿਤਾ ਗਿਆ ਹੈ ਜਿਸ ਨੂੰ ਲੋਕ ਆਪਣੇ ਘਰਾਂ ਵਿਚ ਲੰਮੇ ਸਮੇਂ ਲਈ ਸਟੋਰ ਕਰ ਸਕਦੇ ਹਨ। ਇਸ ਤੋਂ ਇਲਾਵਾ ਇਕ ਕਿਲੋ ਦੀ ਪੈਕਿੰਗ ਵਾਲੇ ਸਕਿਮ ਅਤੇ ਸੁੱਕਾ ਦੁੱਧ ਪਾਊਂਡਰ ਦੀ ਸਪਲਾਈ ਵੀ ਵਧਾ ਦਿਤੀ ਹੈ ਜਿਸ ਨੂੰ ਲੰਬੇ ਸਮੇਂ ਤੱਕ ਵਰਤਿਆਂ ਜਾ ਸਕਦਾ ਹੈ।
ਦੁਧ ਉਤਪਾਦਕ ਫ਼ਿਕਰਮੰਦ ਨਾ ਹੋਣ, ਪਿੰਡਾਂ 'ਚੋਂ ਦੁਧ ਦੀ ਖ਼ਰੀਦ ਦੇ ਪ੍ਰਬੰਧ ਯਕੀਨੀ ਬਣਾਏ ਜਾਣਗੇ
ਮਿਲਕਫੈਡ ਦੇ ਚੇਅਰਮੈਨ ਕੈਪਟਨ ਹਰਮਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਜੇਕਰ ਉਨ੍ਹਾਂ ਦੇ ਸਬੰਧਤ ਖੇਤਰਾਂ ਵਿੱਚ ਦੁੱਧ ਦੀ ਸਪਲਾਈ ਦੀ ਘਾਟ ਆਉਂਦੀ ਹੈ ਤਾਂ ਉਹ ਵਿਭਾਗ ਦੇ ਧਿਆਨ ਵਿੱਚ ਲਿਆਉਣ ਅਤੇ ਉਹ ਇਸ ਨੂੰ ਪੂਰਾ ਕਰਨ ਲਈ ਤੁਰੰਤ ਆਦੇਸ਼ ਦੇਣਗੇ। ਉਨ੍ਹਾਂ ਕਿਹਾ ਕਿ ਵੇਰਕਾ ਗਾਹਕਾਂ ਦੀ ਹਰ ਮੰਗ ਨੂੰ ਪੂਰਾ ਕਰਨ ਦੀ ਸਮਰੱਥਾ ਰੱਖਦਾ ਹੈ।
ਮਿਲਕਫੈਡ ਦੇ ਐਮ.ਡੀ. ਸ੍ਰੀ ਕਮਲਦੀਪ ਸਿੰਘ ਸੰਘਾ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਦੁੱਧ ਦੀ ਪੈਕਿੰਗ ਅਤੇ ਇਸ ਦੀ ਢੋਆ-ਢੋਆਈ ਆਦਿ ਸਭ ਸਾਫ ਸੁਥਰੇ ਢੰਗ ਨਾਲ ਕੀਤੀ ਜਾ ਰਹੀ ਹੈ ਅਤੇ ਸਬੰਧਤ ਖੇਤਰਾਂ ਵਿੱਚ ਸੈਨੀਟਾਈਜ਼ਰ ਦੀ ਵਰਤੋਂ ਨਾਲ ਕੀਟਾਣੂ ਮੁਕਤ ਕੀਤਾ ਗਿਆ ਹੈ।