ਕਾਬੁਲ: ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਗੁਰਦੁਆਰਾ ਕਰਤੇ ਪਰਵਾਨ ਸਾਹਿਬ 'ਤੇ ਅੱਤਵਾਦੀ ਹਮਲੇ 'ਚ ਇਕ ਸਿੱਖ ਅਤੇ ਇਕ ਤਾਲਿਬਾਨੀ ਸੁਰੱਖਿਆ ਗਾਰਡ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ।
ਮ੍ਰਿਤਕਾਂ ਦੀ ਪਛਾਣ 60 ਸਾਲਾ ਸਵਿੰਦਰ ਸਿੰਘ ਵਾਸੀ ਗਜ਼ਨੀ ਅਤੇ ਗੁਰਦੁਅਰੇ ਦੇ ਗਾਰਡ ਅਹਿਮਦ ਵਜੋਂ ਹੋਈ ਹੈ। ਕਾਬੁਲ ਪੁਲਿਸ ਦੇ ਬੁਲਾਰੇ ਖ਼ਾਲਿਦ ਜ਼ਦਰਾਨ ਨੇ ਕਿਹਾ ਕਿ ਹਮਲਾ ਖਤਮ ਹੋ ਗਿਆ ਹੈ ਅਤੇ ਹਮਲਾਵਰ ਮਾਰੇ ਗਏ ਹਨ।
ਇਹ ਹਮਲਾ ਸ਼ਨੀਵਾਰ ਸਵੇਰੇ ਹੋਇਆ। ਇਸ ਤੋਂ ਪਹਿਲਾਂ ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਅਬਦੁਲ ਨਫੀ ਟਕੂਰ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਕਈ ਧਮਾਕੇ ਹੋਏ, ਜਿਸ ਤੋਂ ਬਾਅਦ ਕਈ ਹਥਿਆਰਬੰਦ ਕੱਟੜਪੰਥੀ ਗੁਰਦੁਆਰਾ ਕੰਪਲੈਕਸ ਦੇ ਅੰਦਰ ਚਲੇ ਗਏ।
ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਸਥਾਨਕ ਅਧਿਕਾਰੀ ਗੁਰਨਾਮ ਸਿੰਘ ਨੇ ਨਿਊਜ਼ ਏਜੰਸੀ ਰਾਇਟਰਜ਼ ਨੂੰ ਦੱਸਿਆ ਕਿ ਧਮਾਕੇ ਦੇ ਸਮੇਂ ਗੁਰਦੁਆਰਾ ਸਾਹਿਬ ਦੇ ਅੰਦਰ ਕਰੀਬ 30 ਲੋਕ ਮੌਜੂਦ ਸਨ। ਗੁਰਦੁਆਰਾ ਸਾਹਿਬ ਕਰਤੇ ਪਰਵਾਨ 'ਚ ਹੋਏ ਹਮਲੇ ਮਗਰੋਂ ਸਥਾਨਕ ਸਿੱਖਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਗੁਰੂ ਮਰਿਆਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਸੁਰੱਖਿਅਤ ਆਪਣੇ ਘਰਾਂ 'ਚ ਲਿਆਂਦਾ।