Saturday, January 18, 2025
 

ਲਿਖਤਾਂ

ਪੰਜਾਬੀ ਸੂਬਾ : 12 ਜੂਨ 1960 ਦਾ ਦਿਲੀ ਦਾ ਜਲੂਸ

June 13, 2022 09:47 AM

17 ਜਨਵਰੀ 1960 ਦੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ। ਅਕਾਲੀ ਦਲ ਨੇ 140 ਵਿਚੋਂ 137 ਸੀਟਾਂ ਜਿੱਤੀਆਂ। ਇਹ ਚੋਣਾਂ ਅਕਾਲੀ ਦਲ ਨੇ ਪੰਜਾਬੀ ਸੂਬਾ ਬਣਾਉਣ ਦੇ ਨਾਂ 'ਤੇ ਲੜੀਆਂ ਸਨ। ਇਸ ਕਰ ਕੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਪੰਜਾਬੀ ਸੂਬੇ ਦੀ ਮੁਹਿੰਮ ਦੇ ਸਬੰਧ ਵਿਚ 22 ਮਈ 1960 ਦੇ ਦਿਨ ਅੰਮ੍ਰਿਤਸਰ ਵਿਚ ਪੰਜਾਬੀ ਸੂਬਾ ਕਨਵੈਨਸ਼ਨ ਬੁਲਾਈ। ਇਸ ਕਨਵੈਨਸ਼ਨ ਵਿਚ ਡਾ: ਸੈਫ਼-ਉਦ-ਦੀਨ ਕਿਚਲੂ ਅਤੇ ਬਹੁਤ ਸਾਰੇ ਹਿੰਦੂ ਤੇ ਮੁਸਲਮਾਨ ਆਗੂ ਵੀ ਸ਼ਾਮਿਲ ਹੋਏ। ਇਸ ਮੌਕੇ ’ਤੇ 20 ਹਜ਼ਾਰ ਤੋਂ ਵਧ ਸਰਗਰਮ ਵਰਕਰ ਤੇ ਆਗੂ ਹਾਜ਼ਰ ਸਨ। ਇਸ ਕਨਵੈਨਸ਼ਨ ਨੇ ਪੰਜਾਬੀ ਸੂਬੇ ਦੇ ਹੱਕ ਵਿਚ ਮਤਾ ਪਾਸ ਕੀਤਾ। ਇਹ ਮਤਾ ਕਨਵੈਨਸ਼ਨ ਦੇ ਪ੍ਰਧਾਨ ਪੰਡਤ ਸੁੰਦਰ ਦਾਸ ਨੇ ਪੇਸ਼ ਕੀਤਾ।

22 ਮਈ ਦੀ ਅੰਮ੍ਰਿਤਸਰ ਦੀ ਕਨਵੈਨਸ਼ਨ ਵਿਚ ਪੰਜਾਬੀ ਸੂਬੇ ਬਾਰੇ ਮੋਰਚਾ ਲਾਉਣ ਦਾ ਜ਼ਿਕਰ ਤਕ ਨਹੀਂ ਸੀ। ਅਕਾਲੀ ਦਲ ਨੇ ਸਿਰਫ਼ ਇਹ ਐਲਾਨ ਹੀ ਕੀਤਾ ਸੀ ਕਿ ਪੰਜਾਬੀ ਸੂਬੇ ਦੇ ਸਬੰਧ ਵਿਚ ਲੋਕਾਂ ਨੂੰ ਜਾਣਕਾਰੀ ਦੇਣ ਵਾਸਤੇ ਪ੍ਰਚਾਰ ਕੀਤਾ ਜਾਏ ਅਤੇ ਇਸ ਸਬੰਧ ਵਿਚ 12 ਜੂਨ 1960 ਦੇ ਦਿਨ ਦਿੱਲੀ ਵਿਚ ਇਕ ਜਲੂਸ ਕੱਢਿਆ ਜਾਏ। ਇਸ ਜਲੂਸ ਵਿਚ ਸ਼ਾਮਿਲ ਹੋਣ ਵਾਸਤੇ ਮਾਸਟਰ ਤਾਰਾ ਸਿੰਘ ਨੇ 29 ਮਈ 1960 ਦੇ ਦਿਨ 11 ਸਿੱਖਾਂ ਦਾ ਇਕ ਜਥਾ ਲੈ ਕੇ ਜਾਣਾ ਸੀ। ਇਸ ਜਥੇ ਨੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚੋਂ ਹੋ ਕੇ 12 ਜੂਨ ਨੂੰ ਦਿੱਲੀ ਵਿਚ ਪਹੁੰਚ ਕੇ ਜਲੂਸ ਦੀ ਅਗਵਾਈ ਕਰਨੀ ਸੀ।
ਪੰਜਾਬ ਵਿਚ ਕੈਰੋਂ ਦੀ ਸਰਕਾਰ ਸੀ। ਉਹ ਦਿੱਲੀ ਸਰਕਾਰ, ਖ਼ਾਸ ਕਰ ਕੇ ਜਵਾਹਰ ਲਾਲ ਨਹਿਰੂ, ਨੂੰ ਖੁਸ਼ ਕਰਨ ਵਾਸਤੇ ਕੋਈ ਐਕਸ਼ਨ ਕਰ ਕੇ ਦਿਖਾਉਣਾ ਚਾਹੁੰਦਾ ਸੀ। ਇਸ ਕਰ ਕੇ ਉਸ ਨੇ 24-25 ਮਈ ਦੀ ਦਰਮਿਆਨੀ ਰਾਤ 10 ਤੋਂ 11 ਵਜੇ ਦੇ ਵਿਚਕਾਰ ਇਕ ਵੱਡੀ ਪੁਲਿਸ ਫ਼ੋਰਸ ਭੇਜ ਕੇ ਮਾਸਟਰ ਤਾਰਾ ਸਿੰਘ ਦੇ ਘਰ ਨੂੰ ਘੇਰ ਲਿਆ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਰਾਤੋ-ਰਾਤ ਧਰਮਸਾਲਾ ਜੇਲ੍ਹ ਵਿਚ ਬੰਦ ਕਰ ਦਿੱਤਾ। ਮਾਸਟਰ ਤਾਰਾ ਸਿੰਘ ਦੀ ਗ੍ਰਿਫ਼ਤਾਰੀ ‘ਨਜ਼ਰਬੰਦੀ ਕਾਨੂੰਨ’ ਹੇਠ ਕੀਤੀ ਗਈ ਸੀ। ਇਸ ਗ੍ਰਿਫ਼ਤਾਰੀ ਨਾਲ ਸਰਕਾਰ ਨੂੰ ਉਮੀਦ ਸੀ ਕਿ ਅਕਾਲੀ ਵਰਕਰਾਂ ਵਿਚ ਡਰ ਫੈਲ ਜਾਵੇਗਾ ਅਤੇ ਦਿੱਲੀ ਦਾ 12 ਜੂਨ ਦਾ ਜਲੂਸ ਕਾਮਯਾਬ ਨਹੀਂ ਹੋ ਸਕੇਗਾ। ਹਾਲਾਂ ਕਿ ਕੈਰੋਂ ਅਤੇ ਨਹਿਰੂ ਫ਼ਰਵਰੀ 1949 ਵਿਚ ਅਕਾਲੀ ਦਲ ਵਲੋਂ ਦਿੱਲੀ ਵਿਚ ਕੀਤੀ ਜਾਣ ਵਾਲੀ ਕਨਵੈਨਸ਼ਨ ਵੇਲੇ ਸਿੱਖਾਂ ਦਾ ਸਿਰੜ ਵੇਖ ਚੁੱਕੇ ਸਨ ਪਰ ਕੈਰੋਂ ਆਪਣੀ ਵਫ਼ਾਦਾਰੀ ਸਾਬਤ ਕਰਨ ਵਾਸਤੇ ਕੋਈ ਕਾਰਵਾਈ ਕਰ ਕੇ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
ਮਾਸਟਰ ਜੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਸਰਕਾਰ ਨੇ ਸਾਰੇ ਸੂਬੇ ਵਿਚ ਚਾਰ ਹਜ਼ਾਰ ਦੇ ਕਰੀਬ ਅਕਾਲੀ ਵਰਕਰ ਗ੍ਰਿਫ਼ਤਾਰ ਕਰ ਲਏ। ਗ੍ਰਿਫ਼ਤਾਰ ਕੀਤੇ ਆਗੂਆਂ ਵਿਚ ਜਲੰਧਰ ਤੋਂ ਗੋਪਾਲ ਸਿੰਘ ਕੌਮੀ, ਗਿਆਨੀ ਭਜਨ ਸਿੰਘ, ਜਥੇਦਾਰ ਕਲਿਆਣ ਸਿੰਘ ਨਿਧੜਕ, ਗਿਆਨੀ ਰਜਿੰਦਰ ਸਿੰਘ ਬੱਲ; ਜ਼ਿਲ੍ਹਾ ਹੁਸ਼ਿਆਰਪੁਰ ਤੋਂ ਜਗਿੰਦਰ ਸਿੰਘ ਮੁਕੇਰੀਆਂ, ਚੌਧਰੀ ਕਰਤਾਰ ਸਿੰਹ; ਰੋਪੜ ਤੋਂ ਅਜੀਤ ਸਿੰਘ ਬਾਲਾ (ਪ੍ਰਧਾਨ ਸ਼੍ਰੋਮਣੀ ਕਮੇਟੀ); ਕਰਨਾਲ ਤੋਂ ਉਜਾਗਰ ਸਿੰਘ, ਆਤਮਾ ਸਿੰਘ, ਮਾਸਟਰ ਪ੍ਰਤਾਪ ਸਿੰਘ, ਊਧਮ ਸਿੰਘ ਭਾਰਸਿੰਘਪੁਰੀ, ਧੰਨਾ ਸਿੰਘ (ਪੰਜੇ ਐਮ.ਐਲ.ਏ.) ਵੀ ਗ੍ਰਿਫ਼ਤਾਰ ਕਰ ਲਏ ਗਏ। ਇਸੇ ਦਿਨ ਬੂਟਾ ਸਿੰਘ ਤੇ ਗਿਆਨੀ ਕੇਹਰ ਸਿੰਘ ਵੈਰਾਗੀ ਵੀ ਫੜ ਲਏ ਗਏ।
25 ਮਈ ਨੂੰ ਪੁਲਿਸ ਦੀ ਇਕ ਵੱਡੀ ਧਾੜ ਨੇ ਅਕਾਲੀ ਦਲ ਦੀਆਂ ਅਖ਼ਬਾਰਾਂ ਅਕਾਲੀ ਤੇ ਪਰਭਾਤ ਦੇ ਪਬਲਿਸ਼ਰ ਮੋਹਨ ਸਿੰਘ (ਪੁਤਰ ਮਾਸਟਰ ਤਾਰਾ ਸਿੰਘ) ਵੀ ਇਸੇ ਅੱਧੀ ਰਾਤ ਨੂੰ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਸਨ। 25 ਤਾਰੀਖ ਨੂੰ ਸ਼ਾਮ 5 ਵਜੇ ਪੁਲਿਸ ਨੇ ਸਾਰੇ ਐਡੀਟਰ, ਕਾਤਿਬ, ਕੰਪੋਜ਼ੀਟਰ, ਮੈਨੇਜਰ ਵੀ ਗ੍ਰਿਫ਼ਤਾਰ ਕਰ ਲਏ। ਉਨ੍ਹਾਂ ਵਿਚ ਅਕਾਲੀ ਅਖ਼ਬਾਰ ਦੇ ਐਡੀਟਰ ਇੰਚਾਰਜ ਕਰਮ ਸਿੰਘ ਜ਼ਖ਼ਮੀ, ਪ੍ਰਭਾਤ ਦੇ ਐਡੀਟਰ ਮਿ: ਭਨੋਟ, ਮਿ: ਸਰੂਰ ਅਤੇ ਕਾਤਿਬ ਸ਼ਿਵਦੇਵ ਸਿੰਘ ਵੀ ਸ਼ਾਮਿਲ ਸਨ। ਇਨ੍ਹਾਂ ਸਾਰਿਆਂ 12 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਜਲੰਧਰ ਕੋਤਵਾਲੀ ਤੋਂ ਹਵਾਲਾਤ ਵਿਚ ਭੇਜ ਦਿੱਤਾ ਗਿਆ। ਅਗਲੇ ਦਿਨ ਰਾਤ ਵੇਲੇ ਪੁਲਿਸ ਨੇ ਦੋਂਹਾਂ ਅਖ਼ਬਾਰਾਂ ਦੀਆਂ ਪ੍ਰੈੱਸਾਂ ਵੀ ਸੀਲ ਦਰ ਦਿੱਤੀਆਂ ਅਤੇ ਨਾਲ ਹੀ ਐਲਾਨ ਕਰ ਦਿਤਾ ਕੇ ਜਿਹੜੀ ਪ੍ਰੈੱਸ ਵੀ ਇਹਨਾਂ ਅਖ਼ਬਾਰਾਂ ਨੂੰ ਛਾਪੇਗੀ ਉਸ ਨੂੰ ਵੀ ਬੰਦ ਕਰ ਦਿੱਤਾ ਜਾਵੇਗਾ। ਉਨ੍ਹਾਂ ਸਾਰੇ ਸਟਾਫ਼ ਮੈਂਬਰਾਂ ਨੂੰ 107-51 ਹੇਠ ਗ੍ਰਿਫ਼ਤਾਰੀ ਦਿਖਾ ਕੇ ਜੇਲ੍ਹ ਭੇਜ ਦਿੱਤਾ ਗਿਆ। ਕਿਉਂਕਿ ਗ੍ਰਿਫ਼ਤਾਰ ਕੀਤੇ ਐਡੀਟਰ ਅਤੇ ਕਾਤਿਬਾਂ ਵਿਚੋਂ ਕੁਝ ਹਿੰਦੂ ਵੀ ਸਨ ਇਸ ਲਈ ਜਨਰਲਿਸਟ ਯੂਨੀਅਨ ਨੇ ਰੌਲਾ ਪਾ ਕੇ ਕੈਰੋਂ ਨੂੰ ਮਜਬੂਰ ਦਿੱਤਾ ਕਿ ਉਹ ਅਖ਼ਬਾਰਾਂ ਦੇ ਮੁਲਾਜ਼ਮਾਂ ਦੇ ਖ਼ਿਲਾਫ਼ ਦਰਜ ਕੀਤਾ ਮੁਕੱਦਮਾ ਵਾਪਸ ਲੈ ਲਵੇ ਅਤੇ ਉਹਨਾਂ ਐਡੀਟਰਾਂ ਨੂੰ ਰਿਹਾ ਕਰ ਦੇਵੇ। ਆਖ਼ਿਰ ਮਜਬੂਰ ਹੋ ਕੇ ਸਰਕਾਰ ਨੇ ਪ੍ਰੈੱਸ ਮੁਲਾਜ਼ਮਾਂ ਨੂੰ ਰਿਹਾ ਕਰ ਦਿੱਤਾ ਪਰ ਪ੍ਰੈੱਸ ਸੀਲ ਕੀਤੀ ਰੱਖੀ। ਇਸ ਸਬੰਧ ਵਿਚ ਹਾਈਕੋਰਟ ਵਿਚ ਇਕ ਕੇਸ ਦਾਇਰ ਕੀਤਾ ਗਿਆ। (8 ਜੂਨ ਦੇ ਦਿਨ ਹਾਈਕੋਰਟ ਦੇ ਹੁਕਮ ਨਾਲ ਅਕਾਲੀ ਅਖ਼ਬਾਰ ਛਪਣੀ ਸ਼ੁਰੂ ਹੋ ਗਈ ਪਰ ਜਦੋਂ 16 ਜੂਨ ਨੂੰ ਅਪੀਲ ਰੱਦ ਕਰ ਦਿੱਤੀ ਗਈ ਤਾਂ ਇਹ ਪ੍ਰੈੱਸਾਂ ਫਿਰ ਸੀਲ ਹੋ ਗਈਆਂ।) ਸਿਰਫ਼ ਅਕਾਲੀ ਅਤੇ ਪ੍ਰਭਾਤ ਹੀ ਨਹੀਂ ਅਕਾਲੀ ਪੱਤਰਕਾ ਜਲੰਧਰ, ਸੇਵਕ ਅੰਮ੍ਰਿਤਸਰ ਅਤੇ ਅੰਗਰੇਜ਼ੀ ਦੇ ਪੰਜਾਬ ਗਾਰਡੀਅਨ ’ਤੇ ਵੀ ਪਾਬੰਦੀ ਲਾ ਦਿੱਤੀ ਗਈ। ਸਭ ਤੋਂ ਧੱਕੇਸ਼ਾਹੀ ਵਾਲੀ ਗਲ ਇਹ ਸੀ ਕਿ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰੈੱਸ ਵੀ ਸੀਲ ਕਰ ਦਿੱਤੀ ਸੀ। ਸਰਕਾਰ ਨੇ ਇਸ ਸੰਬਧ ਵਿਚ ਇਹ ਬਹਾਨਾ ਬਣਾ ਲਿਆ ਸੀ ਕਿ ਇਕ ਆਦਮੀ ਨੇ ਪੁਲਿਸ ਨੂੰ ਲਿਖ ਕੇ ਦਿੱਤਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਪ੍ਰੈਸ ਵਿਚ ਉਸ ਦੀ ਹਿੱਸੇਦਾਰੀ ਹੈ।
ਸਰਕਾਰ ਨੇ ਪ੍ਰੈੱਸ ਦੀ ਆਜ਼ਾਦੀ ਦਾ ਗਲਾ ਘੁਟਣ ਵਾਸਤੇ ਇਹੋ ਜਿਹੀਆਂ ਹੋਛੀਆਂ ਅਤੇ ਹਾਸੋਹੀਣੀਆਂ ਹਰਕਤਾਂ ਕੀਤੀਆਂ। ਇਸ ਸਾਰੇ ਦਾ ਮਕਸਦ ਇਹ ਸੀ ਕਿ ਅਕਾਲੀ ਵਰਕਰਾਂ ਵਿਚ ਦਹਿਸ਼ਤ ਫੈਲ ਜਾਵੇ ਅਤੇ ਪੰਜਾਬੀ ਸੂਬੇ ਦੇ ਸਬੰਧੀ 12 ਜੂਨ ਨੂੰ ਜਲੂਸ ਨਾ ਨਿਕਲ ਸਕੇ। ਅਖ਼ਬਾਰ ਬੰਦ ਹੋਣ ਨਾਲ ਅਕਾਲੀ ਵਰਕਰਾਂ ਅਤੇ ਆਮ ਸਿੱਖਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦੀਆਂ ਗ੍ਰਿਫ਼ਤਾਰੀਆਂ ਬਾਰੇ ਖ਼ਬਰਾਂ ਤੇ ਹੋਰ ਜਾਣਕਾਰੀ ਮਿਲਣੀ ਵੀ ਬੰਦ ਹੋ ਗਈ। ਇਸ ਨਾਲ ਅਕਾਲੀ ਦਲ ਦੇ ਪੈਗ਼ਾਮ ਭਾਵੇਂ ਲੋਕਾਂ ਵਿਚ ਨਾ ਪੁਜ ਸਕੇ ਪਰ ਇਸ ਦੇ ਬਾਵਜੂਦ ਲੋਕਾਂ ਵਿਚ ਦਲ ਵਾਸਤੇ ਯਕੀਨ ਪੂਰੀ ਤਰ੍ਹਾਂ ਕਾਇਮ ਰਿਹਾ। ਸਗੋਂ ਉਲਟਾ ਇਹ ਹੋਇਆ ਕਿ ਸਿੱਖਾਂ ਵਿਚ ਭਾਰੀ ਰੋਸ ਜਾਗਿਆ ਅਤੇ ਚੋਖੀ ਗਿਣਤੀ ਵਿਚ ਅਕਾਲੀ ਵਰਕਰ ਦਰਬਾਰ ਸਾਹਿਬ ਪੁਜਣੇ ਸ਼ੁਰੂ ਹੋ ਗਏ।
ਪੰਜਾਬੀ ਸੂਬੇ ਦੇ ਮੋਰਚੇ ਵਿਚ ਗ੍ਰਿਫ਼ਤਾਰੀਆਂ ਸ਼ੁਰੂ
ਮਿੱਥੇ ਹੋਏ ਐਲਾਨ ਮੁਤਾਬਿਕ 29 ਮਈ ਨੂੰ ਜਥਾ ਦਿਲੀ ਦੇ 12 ਜੂਨ ਦੇ ਜਲੂਸ ਦੀ ਅਗਵਾਈ ਕਰਨ ਵਾਸਤੇ ਅਕਾਲ ਤਖ਼ਤ ਸਾਹਿਬ ਤੋਂ ਟੋਰਿਆ ਗਿਆ। ਇਸ ਜਥੇ ਦੀ ਅਗਵਾਈ ਪ੍ਰਿੰਸੀਪਲ ਇਕਬਾਲ ਸਿੰਘ ਬੋਪਾਰਾਏ ਨੇ ਕੀਤੀ। ਜਥੇ ਦੇ ਟੁਰਨ ਵੇਲੇ ਦਰਬਾਰ ਸਾਹਿਬ ’ਤੇ 40 ਹਜ਼ਾਰ ਤੋਂ ਵੱਧ ਸਿੱਖ ਹਾਜ਼ਰ ਸਨ। ਇਸ ਜਥੇ ਨੇ ਪੁਰਅਮਨ ਰਹਿਣ ਦਾ ਪ੍ਰਣ ਕੀਤਾ ਅਤੇ ਅਰਦਾਸ ਕਰਨ ਮਗਰੋਂ ਹਜ਼ਾਰਾਂ ਸੰਗਤਾਂ ਨਾਲ ਇਹ ਜਥਾ ਜਲੂਸ ਦੀ ਸ਼ਕਲ ਵਿਚ ਦਰਬਾਰ ਸਾਹਿਬ ਤੋਂ ਚਲਿਆ। ਜਥਾ ਚਾਟੀਵਿੰਡ ਫਾਟਕ ਤਕ ਪੈਦਲ ਗਿਆ ਅਤੇ ਇਸ ਤੋਂ ਬਾਅਦ ਉਹ ਟਾਂਗਿਆਂ ਤੇ ਸਵਾਰ ਹੋ ਕੇ ਤਰਨਤਾਰਨ ਦੀ ਸੜਕ ਵਲ ਚਲ ਪਏ। ਉਸ ਵੇਲੇ ਤਕ ਸਰਕਾਰ ਨੇ ਜਥੇ ਦੀ ਗ੍ਰਿਫ਼ਤਾਰੀ ਵਾਸਤੇ ਕੋਈ ਤਿਆਰੀ ਨਹੀਂ ਕੀਤੀ ਹੋਈ ਸੀ। ਹੋਰ ਤਾਂ ਹੋਰ ਅਜੇ ਤਕ ਦਫ਼ਾ 144 ਵੀ ਨਹੀਂ ਸੀ ਲੱਗੀ। ਜਥਾ ਵਧਦਾ-ਵਧਦਾ ਕਾਹਮਾ ਦੇ ਪੁਲ ਤਕ ਪਹੁੰਚ ਪਿਆ। ਉਸ ਵੇਲੇ ਤਕ ਤਕਰੀਬਨ 10 ਹਜ਼ਾਰ ਸਿੱਖ ਵੀ ਜਥੇ ਦੇ ਨਾਲ ਚਲ ਰਹੇ ਸਨ।
ਜਦੋਂ ਜਥਾ ਗੁਰਦੁਆਰਾ ਸੰਗਰਾਣਾ ਸਾਹਿਬ ਦੇ ਕੋਲ ਪਹੁੰਚਿਆ ਤਾਂ ਸੈਂਕੜਿਆਂ ਦੀ ਗਿਣਤੀ ਵਿਚ ਪੁਲਿਸ ਉੱਥੇ ਹਾਜ਼ਿਰ ਸੀ। ਪੁਲਿਸ ਨੇ ਜਥੇ ਦੇ ਟਾਂਗਿਆਂ ਨੂੰ ਰੋਕ ਲਿਆ ਅਤੇ ਪ੍ਰਿੰਸੀਪਲ ਇਕਬਾਲ ਸਿੰਘ ਨੇ ਆਖਿਆ ਕਿ ਤੁਸੀਂ ਅਤੇ ਤੁਹਾਡਾ ਜਥਾ ਗ੍ਰਿਫ਼ਤਾਰ ਹੋ ਚੁੱਕੇ ਹੋ ਅਤੇ ਇਸ ਕਰ ਕੇ ਟਾਂਗਿਆਂ ਤੋਂ ਉਤਰ ਕੇ ਪੁਲਿਸ ਦੀਆਂ ਗੱਡੀਆਂ ਵਿਚ ਬੈਠ ਜਾਓ। ਜਦ ਪ੍ਰਿੰਸੀਪਲ ਇਕਬਾਲ ਸਿੰਘ ਨੇ ਉਨ੍ਹਾਂ ਕੋਲੋਂ ਗ੍ਰਿਫ਼ਤਾਰੀ ਦੇ ਵਾਰੰਟ ਮੰਗੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਗ੍ਰਿਫ਼ਤਾਰੀ ਟ੍ਰੈਫ਼ਿਕ ਐਕਟ ਹੇਠ ਕੀਤੀ ਗਈ ਹੈ ਕਿਉਂਕਿ ਤੁਹਾਡੇ ਜਥੇ ਨੇ ਸੜਕ ਉੱਤੇ ਆਵਾਜਾਈ ਵਿਚ ਰੁਕਾਵਟ ਪਾਈ ਹੈ।
ਇਸ ਗ੍ਰਿਫ਼ਤਾਰੀ ਵੇਲੇ ਪੁਲਿਸ ਦੀ ਲਾਰੀ ’ਤੇ ਇਕ ਪੱਥਰ ਵੱਜਿਆ। ਇਹ ਪੱਥਰ ਕਿਸੇ ਮਨਚਲੇ ਸ਼ਖ਼ਸ ਨੇ ਮਾਰਿਆ ਸੀ ਜਾਂ ਪੁਲਿਸ ਨੇ ਆਪ ਸਾਜ਼ਿਸ਼ ਕਰਵਾਈ ਸੀ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਪਰ ਪੁਲਿਸ ਨੇ ਪੱਥਰ ਵੱਜਣ ਦੇ ਬਾਅਦ ਜ਼ਬਰਦਸਤ ਲਾਠੀਚਾਰਜ ਸ਼ੁਰੂ ਕਰ ਦਿੱਤਾ। ਇਸ ਲਾਠੀਚਾਰਜ ਨਾਲ ਬਹੁਤ ਸਾਰੇ ਸਿੱਖ ਜ਼ਖ਼ਮੀ ਹੋਏ। ਲਾਠੀਚਾਰਜ ਦੇ ਪਿਛੋਂ ਪੁਲਿਸ ਨੇ 33 ਸਿੱਖ ਗ੍ਰਿਫ਼ਤਾਰ ਕਰ ਲਏ। ਇਨ੍ਹਾਂ ਸਿੱਖਾਂ ਨੂੰ ਪੁਲਿਸ ਨੇ ਕਾਤਲਾਨਾ ਹਮਲੇ ਕਰਨ ਦੇ ਇਲਜ਼ਾਮ ਵਿਚ, ਦਫ਼ਾ 307 ਹੇਠ, ਚਾਰਜ ਕਰ ਲਿਆ। ਸ਼ਾਮ ਵੇਲੇ ਕੈਰੋਂ ਨੇ ਜ਼ਿਲ੍ਹਾ ਅੰਮ੍ਰਿਤਸਰ ਵਿਚ ਦਫ਼ਾ 144 ਲਾਉਣ ਦਾ ਐਲਾਨ ਕਰ ਦਿਤਾ। ਇਸ ਦੇ ਨਾਲ ਹੀ ਅਕਾਲੀ ਦਲ ਵਲੋਂ ਅਗਲੇ ਦਿਨ ਤੋਂ ਬਕਾਇਦਾ ਜਥੇ ਭੇਜਣ ਦਾ ਐਲਾਨ ਕਰ ਦਿੱਤਾ ਗਿਆ।
30 ਮਈ 1960 ਤੋਂ ਹਰ ਰੋਜ਼ 11-11 ਸਿੱਖਾਂ ਦੇ ਜਥਿਆਂ ਨੇ ਗ੍ਰਿਫ਼ਤਾਰੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਕ ਹਫ਼ਤੇ ਮਗਰੋਂ ਸਿਰਫ਼ ਅੰਮ੍ਰਿਤਸਰ ਹੀ ਨਹੀਂ ਬਲਕਿ ਲੁਧਿਆਣਾ, ਪਟਿਆਲਾ ਅਤੇ ਹੋਰ ਸ਼ਹਿਰਾਂ ਵਿਚ ਵੀ ਪੰਜਾਬੀ ਸੂਬੇ ਮੋਰਚੇ ਵਾਸਤੇ ਜਥੇ ਗ੍ਰਿਫ਼ਤਾਰੀਆਂ ਦੇਣ ਲਗ ਪਏ। ਅੰਮ੍ਰਿਤਸਰ ਅਤੇ ਲੁਧਿਆਣਾ ਤੋਂ ਤਾਂ ਜਥੇ ਹਰ ਰੋਜ਼ ਗ੍ਰਿਫ਼ਤਾਰੀ ਦੇਣ ਵਾਸਤੇ ਆਪਣੇ ਆਪ ਨੂੰ ਪੇਸ਼ ਕਰਦੇ ਸਨ। ਹਾਲਾਂ ਕਿ ਇਨ੍ਹਾਂ ਗ੍ਰਿਫ਼ਤਾਰੀਆਂ ਦਾ ਕੋਈ ਮਤਲਬ ਨਹੀਂ ਸੀ ਕਿਉਂਕਿ ਅਕਾਲੀ ਦਲ ਨੇ ਕੋਈ ਮੋਰਚਾ ਨਹੀਂ ਲਾਇਆ ਸੀ ਅਤੇ ਸਿਰਫ਼ 12 ਜੂਨ 1960 ਦੇ ਦਿਨ ਦਿਲੀ ਵਿਚ ਇਕ ਜਲੂਸ ਕੱਢਣ ਦਾ ਐਲਾਨ ਕੀਤਾ ਸੀ। ਪਰ ਜਦ ਪੁਲਿਸ ਨੇ ਧੱਕੇਸ਼ਾਹੀ ਤੇ ਜ਼ੁਲਮ ਦੀ ਹੱਦ ਕਰ ਦਿਤੀ ਤਾਂ ਅਕਾਲੀ ਦਲ ਨੇ 8 ਜੂਨ ਦੇ ਦਿਨ ਪੰਜਾਬ ਵਿਚ ਹੜਤਾਲ ਕਰਨ ਦਾ ਐਲਾਨ ਦਰ ਦਿੱਤਾ। ਇਸ ਹੜਤਾਲ ਦੇ ਨਾਂ ’ਤੇ ਛੋਟੇ ਤੋਂ ਛੋਟਾ ਕਾਂਗਰਸੀ ਅਤੇ ਜਨਸੰਘੀ ਜਿਸ ਵੀ ਸਿੱਖ ਵਲ ਉਂਗਲ ਕਰਦੇ, ਕੈਰੋਂ ਦੀ ਪੁਲਿਸ ਉਸ ਨੂੰ ਹੀ ਅਕਾਲੀ ਆਖ ਕੇ ਗ੍ਰਿਫ਼ਤਾਰ ਕਰ ਕੇ ਜੇਲ੍ਹ ਵਿਚ ਡੱਕ ਦਿੱਦੀ ਸੀ। ਪੰਜਾਬ ਵਿਚ ਗ੍ਰਿਫ਼ਤਾਰੀਆਂ ਏਨੀ ਤੇਜ਼ੀ ਨਾਲ ਹੋ ਰਹੀਆਂ ਸਨ 7 ਜੂਨ ਤਕ ਤਕਰੀਬਨ 5 ਹਜ਼ਾਰ ਸਿੱਖ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਸਨ। ਇਨ੍ਹਾਂ ਗ੍ਰਿਫ਼ਤਾਰੀਆਂ ਦੇ ਬਾਵਜੂਦ ਸਿੱਖਾਂ ਦੇ ਹੌਸਲੇ ਬਹੁਤ ਬੁਲੰਦ ਸਨ। 8 ਜੂਨ ਦੇ ਦਿਨ ਪੰਜਾਬ ਦੇ ਹਰ ਸ਼ਹਿਰ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪੁਲਿਸ ਦੇ ਸਿਪਾਹੀ ਚੱਕਰ ਕੱਢਦੇ ਰਹੇ ਤਾਂ ਜੋ ਦੁਕਾਨਾਂ ਬੰਦ ਕਰਨ ਵਾਲੇ ਦੁਕਾਨਦਾਰਾਂ ਨੂੰ ਡਰਾ-ਧਮਕਾ ਕੇ ਦੁਕਾਨਾਂ ਖੁਲ੍ਹਵਾਈਆਂ ਜਾਣ। ਪੁਲਿਸ ਦੇ ਇਸ ਧੱਕੇ ਦੇ ਬਾਵਜੂਦ ਪੰਜਾਬ ਦੇ ਅੱਧੇ ਤੋਂ ਵੱਧ ਸਿੱਖ ਦੁਕਾਨਦਾਰਾਂ ਨੇ ਹੜਤਾਲ ਵਿਚ ਪੂਰਾ ਹਿੱਸਾ ਲਿਆ। (ਜਿਨ੍ਹਾਂ ਨੂੰ ਮਗਰੋਂ ਜੱਟ ਲੀਡਰਾਂ ਨੇ ‘ਭਾਪੇ’ ਆਖ ਕੇ ਭੰਡਿਆ, ਉਨ੍ਹਾਂ ਵੱਲੋਂ ਇਹ ਹੜਤਾਲ ਕਰਨ ਦੀ ਜੁਰਅਤ ਬਦਲੇ ਉਨ੍ਹਾਂ ਨੂੰ ਕੈਰੋਂ ਦਾ ਬੜਾ ਜ਼ੁਲਮ ਸਹਿਣਾ ਪਿਆ)।

12 ਜੂਨ 1960 ਦਾ ਦਿਲੀ ਦਾ ਜਲੂਸ
ਉਧਰ ਭਾਰਤ ਅਤੇ ਪੰਜਾਬ ਸਰਕਾਰ ਨੇ 12 ਜੂਨ ਨੂੰ ਦਿਲੀ ਵਿਚ ਕੱਢੇ ਜਾਣ ਵਾਲੇ ਜਲੂਸ ਨੂੰ ਰੋਕਣ ਵਾਸਤੇ ਸਕੀਮਾਂ ਘੜਨੀਆਂ ਸ਼ੁਰੂ ਕਰ ਦਿੱਤੀਆਂ। ਹਾਲਾਂਕਿ 15 ਦਿਨ ਪਹਿਲਾਂ ਡਿਪਟੀ ਕਮਿਸ਼ਨਰ ਦਿੱਲੀ ਨੂੰ ਜਲੂਸ ਕੱਢਣ ਵਾਸਤੇ ਦਰਖ਼ਾਸਤ ਦਿਤੀ ਜਾ ਚੁੱਕੀ ਸੀ ਪਰ ਪੰਜਾਬ ਦੇ ਮੁਖ ਮੰਤਰੀ ਪ੍ਰਤਾਪ ਸਿੰਘ ਕੈਰੋਂ, ਪੰਡਤ ਜਵਾਹਰ ਲਾਲ ਨਹਿਰੂ, ਪੰਡਤ ਪੰਤ ਵਗੈਰਾ ਸਾਰੇ ਜ਼ੋਰ ਲਾ ਰਹੇ ਸਨ ਕਿ ਜਾਂ ਤਾਂ ਇਹ ਜਲੂਸ ਨਿਕਲਣ ਨਾ ਦਿੱਤਾ ਜਾਵੇ ਅਤੇ ਜੇ ਜਲੂਸ ਨਿਕਲਣਾ ਸ਼ੁਰੂ ਵੀ ਹੋਵੇ ਤਾਂ ਉਸ ਜਲੂਸ ਵਿਚ ਸ਼ਾਮਲ ਹੋਣ ਵਾਲੇ ਸਿਖਾਂ ਨੂੰ ਏਨੀ ਕੁਟ-ਮਾਰ ਕੀਤੀ ਜਾਏ ਕਿ ਉਹ ਅਕਾਲੀ ਦਲ ਦੇ ਮੋਰਚਿਆਂ ਤੋਂ ਤੌਬਾ ਕਰ ਜਾਣ। (ਬੀ.ਐਨ. ਮਲਿਕ, ਮਾਈ ਡੇਅਜ਼ ਵਿਦ ਨਹਿਰੂ, ਸਫ਼ਾ 437 ਅਤੇ ਗੁਰਮੁਖ ਸਿੰਘ ਮੁਸਾਫ਼ਿਰ ਦਾ ਲੇਖ, ਪੰਜ ਪਾਣੀ, ਜੁਲਾਈ 1974)।
ਪੰਜਾਬ ਸਰਕਾਰ ਨੇ ਪੰਜਾਬ ਵਿਚ ਹਰ ਰੇਲਵੇ ਸਟੇਸ਼ਨ ’ਤੇ ਪੁਲਿਸ ਦਾ ਪਹਿਰਾ ਬਿਠਾ ਦਿੱਤਾ। ਜਿਹੜਾ ਸਿੱਖ ਵੀ ਦਿੱਲੀ ਦੀ ਟਿਕਟ ਲੈਂਦਾ ਸੀ ਉਸ ਨੂੰ ਰੋਕ ਕੇ ਉਸ ਦੀ ਪੁਛ-ਪੜਤਾਲ ਕੀਤੀ ਜਾਂਦੀ ਸੀ ਅਤੇ ਜੇ ਉਹ ਪੁਲਿਸ ਦੀ ਤੱਸਲੀ ਨਾ ਕਰਵਾ ਸਕਦਾ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਜਾਂਦਾ ਸੀ। ਅਜਿਹੇ ਪੁਲਿਸ ਪਹਿਰੇ ਬੱਸਾਂ ਦੇ ਅੱਡਿਆਂ ਤੇ ਵੀ ਲਾਏ ਗਏ ਸਨ। 9 ਤੋਂ 12 ਜੂਨ ਤਕ ਹਜ਼ਾਰਾਂ ਸਿੱਖਾਂ ਨੂੰ ਸਟੇਸ਼ਨਾਂ ਅਤੇ ਬੱਸ ਅੱਡਿਆਂ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਕੱਲੀ 11 ਤਾਰੀਖ਼ ਨੂੰ ਦੋ ਹਜ਼ਾਰ ਤੋਂ ਵੱਧ ਸਿੱਖ ਸਿਰਫ਼ ਦਿੱਲੀ-ਪੰਜਾਬ ਸਰਹੱਦ ’ਤੇ ਗ੍ਰਿਫ਼ਤਾਰ ਕੀਤੇ ਗਏ ਸਨ।
ਦਿੱਲੀ ਵਿਚ ਵੀ ਸੈਂਕੜਿਆਂ ਦੀ ਗਿਣਤੀ ਵਿਚ ਅਕਾਲੀ ਲੀਡਰ ਅਤੇ ਵਰਕਰ ਗ੍ਰਿਫ਼ਤਾਰ ਕਰ ਕੇ ਜੇਲ੍ਹ ਵਿਚ ਭੇਜ ਦਿੱਤੇ ਗਏ ਪਰ ਰਛਪਾਲ ਸਿੰਘ ਜਥੇਦਾਰ ਜਗਤਾਰ ਸਿੰਘ ਅਤੇ ਉਨ੍ਹਾਂ ਦੇ ਕਈ ਹੋਰ ਸਾਥੀ ਪੁਲਿਸ ਨੂੰ ਝਕਾਨੀ ਦੇ ਕੇ ਗੁਰਦੁਆਰਾ ਸੀਸ ਗੰਜ ਵਿਚ ਪਹੁੰਚ ਗਏ ਅਤੇ ਐਲਾਨ ਕੀਤਾ ਕਿ 12 ਜੂਨ ਦਾ ਜਲੂਸ ਹਰ ਹਾਲਤ ਵਿਚ ਕੱਢਿਆ ਜਾਵੇਗਾ। 10 ਜੂਨ ਨੂੰ ਦਿੱਲੀ ਦੇ ਡਿਪਟੀ ਕਮਿਸ਼ਨਰ ਬੈਨਰਜੀ ਨੇ ਸਿੱਖਾਂ ਦੇ ਜਲੂਸ ’ਤੇ ਪਾਬੰਦੀ ਲਾ ਦਿਤੀ। ਉਧਰ ਪੰਜਾਬ ਸਰਕਾਰ ਨੇ ਵੀ ਇਸ ਜਲੂਸ ਨੂੰ ਨਾ ਨਿਕਲਣ ਦੇਣ ਦਾ ਐਲਾਨ ਕਰ ਦਿੱਤਾ ਅਤੇ ਇਸ ਦੇ ਨਾਲ ਹੀ ਪੰਜਾਬ ਅਤੇ ਦਿੱਲੀ ਵਿਚਕਾਰਲੀ ਸਰਹੱਦ ਸੀਲ ਕਰ ਦਿੱਤੀ ਗਈ। ਦਿੱਲੀ ਦੇ ਸਾਰੇ ਪਾਸੇ ਪੁਲੀਸ ਨੇ ਨਾਕੇ ਲਾ ਲਏ। ਸਿਰਫ਼ ਗੱਡੀਆਂ ਅਤੇ ਬੱਸਾਂ ਹੀ ਨਹੀਂ, ਬਲਕਿ ਦਿੱਲੀ ਵਲ ਸਾਈਕਲਾਂ ’ਤੇ ਆਉਣ ਵਾਲੇ ਅਤੇ ਪੈਦਲ ਦਾਖ਼ਿਲ ਹੋਣ ਵਾਲੇ ਵੀ ਗ੍ਰਿਫ਼ਤਾਰ ਕੀਤੇ ਜਾਣ ਲੱਗ ਪਏ। ਹੋਰ ਤਾਂ ਹੋਰ ਕਚਹਿਰੀਆਂ ਵਿਚ ਪੇਸ਼ੀ ’ਤੇ ਆਉਣ ਵਾਲੇ ਸਿੱਖ ਵੀ ਗ੍ਰਿਫ਼ਤਾਰ ਹੁੰਦੇ ਰਹੇ।
ਪੁਲਿਸ ਦੀ ਇਸ ਧੱਕੇਸ਼ਾਹੀ ਨੂੰ ਵੇਖ ਕੇ ਕਈ ਸਿੱਖਾਂ ਨੇ ਚਾਲਾਕੀ ਵਾਲੇ ਤਰੀਕੇ ਅਪਣਾਉਣੇ ਸ਼ੁਰੂ ਕਰ ਦਿੱਤੇ। ਕਈਆਂ ਨੇ ਇਕ ਨੌਜਵਾਨ ਮੁੰਡੇ ਨੂੰ ਸਿਹਰਾ ਬੰਨ੍ਹ ਕੇ ਅਤੇ ਬਰਾਤੀਆਂ ਦੀ ਸ਼ਕਲ ਵਿਚ, ਬੱਸ ਭਰ ਕੇ, ਜਥੇ ਲਿਆਉਣੇ ਸ਼ੁਰੂ ਕਰ ਕਿਤੇ। ਪੁਲਿਸ ਇਸ ਚਾਲ ਨੂੰ ਸਮਝ ਨਾ ਸਕੀ ਅਤੇ ਇਸ ਤਰ੍ਹਾਂ ਹਜ਼ਾਰਾਂ ਸਿੱਖ ਜਾਂਞੀਆਂ ਦੀ ਸ਼ਕਲ ਵਿਚ ਦਿੱਲੀ ਵਿਚ ਦਾਖਿਲ ਹੋਣ ਵਿਚ ਕਾਮਯਾਬ ਹੋ ਗਏ। 12 ਜੂਨ ਦੀ ਸਵੇਰ ਤਕ ਸੀਸ ਗੰਜ ਗੁਰਦੁਆਰੇ ਦੇ ਨੇੜੇ ਦੀ ਗਰਾਊਂਡ ਦੇ ਨੇੜੇ ਸਿੱਖਾਂ ਦੇ ਸਿਰਾਂ ਦਾ ਠਾਠਾ ਮਾਰਦਾ ਸਮੁੰਦਰ ਨਜ਼ਰ ਆ ਰਿਹਾ ਸੀ।

ਦਿੱਲੀ ਵਿਚ ਸਿੱਖਾਂ ’ਤੇ ਕਹਿਰ
12 ਜੂਨ ਦੇ ਦਿਨ ਜਲੂਸ ਸ਼ਾਮ ਚਾਰ ਵਜੇ ਨਿਕਲਣਾ ਸੀ। ਦੁਪਹਿਰੇ 12 ਵਜੇ ਦੇ ਕਰੀਬ 10 ਤੋਂ 20 ਹਜ਼ਾਰ ਤਕ ਸਿੱਖ ਗੁਰਦੁਆਰਾ ਸੀਸ ਗੰਜ ਪੁੱਜ ਚੁਕੇ ਸਨ। ਸੀਸ ਗੰਜ ਦੇ ਨੇੜੇ ਦੀ ਗਰਾਊਂਡ ਵਿਚ ਇਕ ਧਾਰਮਿਕ ਸਮਾਗਮ ਚਲ ਰਿਹਾ ਸੀ। ਅੱਧੇ ਘੰਟੇ ਮਗਰੋਂ ਪੁਲੀਸ ਨੇ ਇਸ ਗਰਾਊਂਡ ਨੂੰ ਵੀ ਘੇਰਾ ਪਾ ਲਿਆ।
ਪੁਲਿਸ ਸਮਾਗਮ ਵਿਚ ਲੱਗੇ ਲਾਊਡ ਸਪੀਕਰ ਵੀ ਖੋਹ ਕੇ ਲੈ ਗਈ। ਪੁਲੀਸ ਨੇ ਬਹਾਨਾ ਲਾਇਆ ਕਿ ਸਿੱਖਾਂ ਨੇ ਲਾਊਡ ਸਪੀਕਰ ਵਜਾਉਣ ਦੀ ਇਜਾਜ਼ਤ ਨਹੀਂ ਲਈ ਹੋਈ। ਉਧਰ ਸਵੇਰ ਤੋਂ ਹੀ ਗੁਰਦੁਆਰਾ ਸੀਸ ਗੰਜ ਵਿਚ ਸਿੱਖਾਂ ਦੀ ਗਿਣਤੀ ਵੱਧਦੀ ਜਾ ਰਹੀ ਸੀ। ਦੁਪਹਿਰ ਇਕ ਵਜੇ ਤਕ ਹਾਲਤ ਇਹ ਹੋ ਗਈ ਸੀ ਕਿ ਗੁਰਦੁਆਰੇ ਦੇ ਅੰਦਰ ਤਿਲ ਧਰਨ ਦੀ ਜਗ੍ਹਾ ਵੀ ਨਹੀਂ ਬਚੀ ਸੀ। ਜਲੂਸ ਦਾ ਵਕਤ ਸ਼ਾਮ 4 ਵਜੇ ਦਾ ਐਲਾਨ ਕੀਤਾ ਗਿਆ ਸੀ। ਇਕ ਵਜੇ ਤਕ ਗੁਰਦੁਆਰੇ ਦੇ ਨਾਲ ਲਗਦੀ ਕੋਤਵਾਲੀ ਵਿਚ ਭਾਰੀ ਗਿਣਤੀ ਵਿਚ ਪੁਲਿਸ ਬਿਠਾ ਕੇ ਘੰਟਾ ਘਰ ਦੇ ਬਾਹਰ ਵੀ ਪੁਲੀਸ ਨੇ ਛਾਉਣੀ ਪਾ ਲਈ। ਰੇਲਵੇ ਸਟੇਸ਼ਨ ਤੋਂ ਫ਼ਤਹਿਪੁਰੀ ਤੇ ਇਧਰ ਲਾਲ ਕਿਲ੍ਹੇ ਤਕ ਸੈਂਕੜੇ ਘੋੜ ਸਵਾਰ ਪੁਲੀਸੀਏ ਦਗੜ-ਦਗੜ ਕਰਦੇ ਫਿਰ ਰਹੇ ਸਨ।
ਇਸ ਹਾਲਤ ਵਿਚ ਸਿੱਖਾਂ ਵਿਚ ਹੋਰ ਵੀ ਰੋਹ ਪੈਦਾ ਹੋ ਰਿਹਾ ਸੀ। ਸਿੱਖ ਪੁਲਿਸ ਨਾਲ ਹੱਥੋ-ਪਾਈ ਹੋਣ ਦੇ ਮੂਡ ਵਿਚ ਨਜ਼ਰ ਆਉਂਦੇ ਸਨ। ਉੱਥੇ ਕੈਰੋਂ ਸਰਕਾਰ ਦਾ ਵਜ਼ੀਰ ਗਿਆਨੀ ਕਰਤਾਰ ਸਿੰਘ, ਜਥੇਦਾਰ ਸੰਤੋਖ ਸਿੰਘ ਦਿੱਲੀ (ਉਦ ਸੰਤੋਖ ਸਿੰਘ ਕਾਂਗਰਸ ਦਾ ਹਿਮਾਇਤੀ ਸੀ) ਅਤੇ ਉਸ ਦੇ ਕੁਝ ਸਾਥੀ ਵੀ ਡੇਰਾ ਲਾਈ ਬੈਠੈ ਸਨ। ਦੁਪਹਿਰ 2 ਵਜੇ ਤਕ ਗੁਰਦੁਆਰਾ ਸੀਸ ਗੰਜ ਵਿਚ 30 ਹਜ਼ਾਰ ਤੋਂ ਵੱਧ ਸਿੱਖ ਇਕੱਠੇ ਹੋ ਚੁਕੇ ਸਨ। ਏਨੀ ਗਿਣਤੀ ਵਿਚ ਸਿੱਖਾਂ ਨੂੰ ਇਕੱਠੇ ਹੋਏ ਵੇਖ ਕੇ ਦਿੱਲੀ ਅਤੇ ਪੰਜਾਬ ਦੇ ਅਫ਼ਸਰ ਅਤੇ ਸਾਰੇ ਕਾਂਗਰਸੀ ਆਗੂ ਘਬਰਾ ਗਏ। ਉਨ੍ਹਾਂ ਅੰਦਰ ਇਕ ਤਾਂ ਡਰ ਸੀ ਕਿ ਜੇ ਸਿੱਖ ਧੱਕੇ ਨਾਲ ਜਲੂਸ ਕੱਢਣ ਵਿਚ ਕਾਮਯਾਬ ਹੋ ਗਏ ਤਾਂ ਸਰਕਾਰ ਤੇ ਪੁਲਿਸ ਦੀ ਬੇਇਜ਼ਤੀ ਹੋਵੇਗੀ ਅਤੇ ਜੇ ਜਲੂਸ ਰੋਕਣ ਵਾਸਤੇ ਲਾਠੀਚਾਰਜ, ਅਥਰੂ ਗੈਸ ਜਾਂ ਗੋਲੀ ਚਲਾਉਣ ਦੀ ਹਰਕਤ ਕੀਤੀ ਗਈ ਤਾਂ ਇਸ ਕਾਰਵਾਈ ਦਾ ਵੀ ਸਿੱਖਾਂ ਨੂੰ ਫ਼ਾਇਦਾ ਹੋਵੋਗਾ ਅਤੇ ਸਰਕਾਰ ਦੇ ਖ਼ਿਲਾਫ਼ ਰੋਸ ਹੋਰ ਵਧੇਗਾ। ਕਾਬਲੇ-ਜ਼ਿਕਰ ਗੱਲ ਤਾਂ ਇਹ ਹੈ ਕਿ ਇਸ ਮੌਕੇ ’ਤੇ ਦੁਨੀਆਂ ਭਰ ਦੇ ਅਖ਼ਬਾਰਾਂ ਦੇ ਨਾਮਾਨਿਗਾਰ ਤੇ ਪ੍ਰੈੱਸ ਫ਼ੋਟੋਗਰਾਫ਼ਰ ਪੁੱਜੇ ਹੋਏ ਸਨ। ਉਸ ਜਗ੍ਹਾ ਲਗੇ ਇਕ ਸਪੀਕਰ ਤੋਂ ਅਚਾਨਕ ਐਲਾਨ ਕੀਤਾ ਗਿਆ ਕਿ ਸਰਕਾਰ ਨੇ ਜਲੂਸ ਕੱਢਣ ਦੀ ਇਜਾਜ਼ਤ ਦੇ ਦਿੱਤੀ ਹੈ।
ਇਸ ’ਤੇ ਸਿੱਖ ਜੈਕਾਰੇ ਗਜਾਉਂਦੇ ਹੋਏ ਲਾਲ ਕਿਲ੍ਹੇ ਵਲ ਵਧੇ। ਥੋੜ੍ਹੀ ਦੂਰ ’ਤੇ ਪੁਲਿਸ ਭਾਰੀ ਗਿਣਤੀ ਵਿਚ ਖੜੀ ਹੋਈ ਸੀ। ਜਿਉਂ ਹੀ ਜਲੂਸ ਉੱਥੇ ਪਹੁੰਚਿਆ ਪੁਲਿਸ ਨੇ ਸਿੱਖਾਂ ਨੂੰ ਫੜ ਕੇ ਪੁਲਿਸ ਦੀਆਂ ਗੱਡੀਆਂ ਵਿਚ ਭਰਨਾ ਸ਼ੁਰੂ ਕਰ ਦਿੱਤਾ। ਕੁਝ ਹੀ ਮਿੰਟਾਂ ਵਿਚ ਸੈਂਕੜੇ ਸਿੱਖ ਗ੍ਰਿਫ਼ਤਾਰ ਕਰ ਕੇ ਜੇਲ੍ਹ ਪਹੁੰਚਾ ਦਿਤੇ ਗਏ। ਦਰਅਸਲ ਜਲੂਸ ਦਾ ਇਹ ਰੂਟ ਨਹੀਂ ਸੀ। ਜਲੂਸ ਨੇ ਘੰਟਾ ਘਰ ਵੱਲੋਂ ਜਾਣਾ ਸੀ। ਸ਼ਾਮ ਦੇ 4 ਵਜੇ, ਦੱਸੇ ਹੋਏ ਵਕਤ ’ਤੇ, ਹਰਬੰਸ ਸਿੰਘ (ਫ਼ਰੰਟੀਅਰ ਮੇਲ) ਦੀ ਅਗਵਾਈ ਹੇਠ 4 ਸਿੱਖਾਂ ਦਾ ਪਹਿਲਾਂ ਜਥਾ ਕਾਲੇ ਚੋਲੇ ਪਾ ਕੇ ਨਿਕਲਿਆ ਅਤੇ ਪਾਠ ਕਰਦਾ ਹੋਇਆ ਘੰਟਾਘਰ ਵਲ ਚਲ ਪਿਆ। ਥੋੜ੍ਹੀ ਦੂਰ ਜਾ ਕੇ ਉਨ੍ਹਾਂ ਦਾ ਸਾਹਮਣਾ ਪੁਲਿਸ ਦੀ ਵੱਡੀ ਧੜੇ ਨਾਲ ਹੋਇਆ। ਜਥੇ ਦੇ ਪਿਛੇ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਪਾਠ ਕਰਦੇ ਹੋਏ ਆ ਰਹੇ ਸਨ। ਦਿੱਲੀ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮਿਲੀਆਂ ਹਦਾਇਤਾਂ ਮੁਤਾਬਿਕ ਪੁਲਿਸ ਨੇ ਇਕ ਦਮ ਲਾਠੀਚਾਰਜ ਕਰਨਾ ਸ਼ੁਰੂ ਕਰ ਦਿੱਤਾ। ਘੰਟਾਘਰ ਤੋਂ ਲਾਲ ਕਿਲ੍ਹਾ ਤਕ ਇਕ ਪਾਸੇ, ਅਤੇ ਫ਼ਤਿਹਪੁਰੀ ਤਕ ਦੂਜੇ ਪਾਸੇ ਲਾਠੀਚਾਰਜ ਅਤੇ ਟੀਅਰ ਗੈਸ ਦੇ ਗੋਲਿਆਂ ਦਾ ਮੀਂਹ ਵਰ੍ਹਨ ਲਗ ਪਿਆ। ਪੁਲਿਸ ਨੇ ਇਸ ਇਲਾਕੇ ਵਿਚ ਕਿਸੇ ਵੀ ਸਿੱਖ ਨੂੰ ਨਾ ਬਖ਼ਸ਼ਿਆ। ਗੁਰਦੁਆਰਾ ਸੀਸ ਗੰਜ ਦੇ ਸਾਹਮਣੇ ਆ ਕੇ ਵੀ ਪੁਲਿਸ ਨੇ ਪੁਰਅਮਨ ਖੜੇ ਹੋਏ ਸਿੱਖਾਂ ’ਤੇ ਲਾਠੀਚਾਰਜ ਕੀਤਾ। ਇਸ ਲਾਠੀਚਾਰਜ ਨਾਲ ਸੈਂਕੜੇ ਸਿੱਖ ਜ਼ਖ਼ਮੀ ਹੋ ਗਏ।
ਲਾਠੀਚਾਰਚ ਅਤੇ ਟੀਅਰਗੈਸ ਤੋਂ ਬਾਅਦ ਪੁਲਿਸ ਦੇ ਸੈਂਕੜੇ ਘੋੜ-ਸਵਾਰ ਸਿਪਾਹੀਆਂ ਨੇ ਗਰਾਊਂਡ ਦੇ ਨਾਲ ਲਗਦੀਆਂ ਸਾਰੀਆਂ ਦੀਆਂ ਸੜਕਾਂ ਤੇ ਦਗੜ-ਦਗੜ ਕਰਨਾ ਸ਼ੁਰੂ ਕਰ ਦਿੱਤਾ। ਬਹੁਤ ਸਾਰੇ ਸਿੱਖ ਘੋੜਿਆਂ ਦੀਆਂ ਸੁੰਮਾਂ ਨਾਲ ਜ਼ਖ਼ਮੀ ਕੀਤੇ ਗਏ। ਇਸ ਦੇ ਨਾਲ ਹੀ ਪੈਦਲ ਅਤੇ ਜੀਪਾਂ ’ਤੇ ਸਵਾਰ ਪੁਲਿਸ ਵੀ ਸਾਰੇ ਪਾਸੇ ਲਾਠੀਚਾਰਜ ਕਰਦੀ ਰਹੀ। ਟੀਅਰ ਗੈਸ ਸ਼ਾਮ ਦੇਰ ਤਕ ਚਲਾਈ ਜਾਂਦੀ ਰਹੀ। ਪੁਲਿਸ ਦੀ ਦਹਿਸ਼ਤ ਦੀ ਹੱਦ ਏਥੋਂ ਤਕ ਸੀ ਕਿ ਜ਼ਖ਼ਮੀ ਹੋਏ ਅਤੇ ਸ਼ਹੀਦ ਹੋਏ ਸਿੱਖਾਂ ਨੂੰ ਵੀ ਪੁਲਿਸ ਨੇ ਲਾਰੀਆਂ ਵਿਚ ਸੁੱਟਿਆ ਅਤੇ ਠਾਣੇ ਲੈ ਗਈ। ਇਕ ਅੰਦਾਜ਼ੇ ਮੁਤਾਬਿਕ ਘੱਟੋ-ਘੱਟ ਇਕ ਦਰਜਨ ਸਿੱਖ ਸ਼ਹੀਦ ਹੋਏ। ਜਦਕਿ ਪੁਲਿਸ ਨੇ ਸਿਰਫ਼ 2 ਸਿੱਖਾਂ ਦੀ ਸ਼ਹੀਦੀ ਨੂੰ ਮੰਨਿਆ। ਸਿੱਖ ਸੋਮਿਆਂ ਮੁਤਾਬਿਕ ਇਕ ਹਜ਼ਾਰ ਤੋਂ 12 ਸੌ ਤਕ ਸਿੱਖ ਪੁਲਿਸ ਦੀਆਂ ਲਾਠੀਆਂ ਅਤੇ ਘੋੜਿਆਂ ਦੀਆਂ ਸੁੰਮਾਂ ਹੇਠ ਦਰੜੇ ਜਾਣ ਕਰ ਕੇ ਜ਼ਖ਼ਮੀ ਹੋਏ।
ਪੁਲਿਸ ਦੇ ਜ਼ੁਲਮ ਦੀ ਹੱਦ ਏਥੋਂ ਤਕ ਸੀ ਕਿ ਜਿੱਥੇ ਵੀ ਕੋਈ ਪੱਗ ਵਾਲਾ ਨਜ਼ਰ ਆਉਂਦਾ ਸੀ ਉਸ ਨੂੰ ਲਾਠੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਜਾਂਦਾ ਸੀ। ਇਕ ਅੰਦਾਜ਼ੇ ਮੁਤਾਬਿਕ ਸੀਸ ਗੰਜ ਗੁਰਦੁਆਰੇ ਤੋਂ ਤਿੰਨ ਕਿਲੋਮੀਟਰ ਦੂਰ ਤਕ ਸੜਕਾਂ ਅਤੇ ਗਲੀਆਂ ਵਿਚ ਪੁਲਿਸ ਨੇ ਸਿੱਖਾਂ ਦਾ ਸ਼ਿਕਾਰ ਕੀਤਾ। ਪੁਲਿਸ ਨੂੰ ਪੱਗ ਵਾਲਿਆਂ ਨਾਲ ਏਨੀ ਨਫ਼ਰਤ ਸੀ ਕਿ ਇਕ ਮੁਸਲਮਾਨ ਮੌਲਵੀ, ਜਿਸ ਨੇ ਪੱਗ ਬੰਨ੍ਹੀ ਹੋਈ ਸੀ, ਵੀ ਪੁਲਿਸ ਦੇ ਜ਼ੁਲਮ ਦਾ ਸ਼ਿਕਾਰ ਹੋਇਆ। ਪੁਲਿਸ ਪਾਗ਼ਲਾਂ ਵਾਂਗ ਸਿੱਖਾਂ ’ਤੇ ਹਮਲੇ ਕਰ ਰਹੀ ਸੀ। ਸਿੱਖਾਂ ਨੂੰ ਦੁਕਾਨਾਂ ਤੇ ਹੋਟਲਾਂ ਵਿਚੋਂ ਕੱਢ ਕੇ ਵੀ ਕੁੱਟਿਆ ਜਾ ਰਿਹਾ ਸੀ। ਇਕ ਰਿਕਸ਼ਾ ਡਰਾਈਵਰ, ਜੋ ਸਵਾਰੀਆਂ ਲੱਭ ਰਿਹਾ ਸੀ, ਨੂੰ ਵੀ ਪੁਲਿਸ ਨੇ ਬੁਰੀ ਤਰ੍ਹਾਂ ਕੁੱਟਿਆ-ਮਾਰਿਆ ਤੇ ਫਿਰ ਜੇਲ੍ਹ ਵਿਚ ਸੁੱਟ ਦਿੱਤਾ, ਜਿੱਥੇ ਉਹ ਸ਼ਹੀਦ ਹੋ ਗਿਆ। ਗੁਰਦੁਆਰਾ ਸੀਸ ਗੰਜ ਦੇ ਕੋਲ ਇਕ ਮੁਹੱਲੇ ਵਿਚ ਇਕ ਸਿੱਖ ਕਿਸੇ ਦੁਕਾਨ ਤੋਂ ਸੋਡਾ ਖਰੀਦ ਰਿਹਾ ਸੀ। ਇਕ ਪੁਲਸੀਏ ਨੇ ਉਸ ਦੇ ਕੋਲ ਜਾ ਕੇ ਉਸ ਨੂੰ ਬੁਰੀ ਤਰ੍ਹਾਂ ਮਾਰਿਆ। ਉਹ ਕਹਿਣ ਲੱਗਾ ‘‘ਮੈਂ ਇਕ ਪ੍ਰੋਫ਼ੈਸਰ ਹਾਂ ਤੇ ਮੈਂ ਜਲੂਸ ਵਿਚ ਸ਼ਾਮਿਲ ਨਹੀਂ ਹਾਂ।” ਪੁਲਿਸ ਵਾਲੇ ਨੇ ਉਸ ਨੂੰ ਮਾਰਨਾ ਜਾਰੀ ਰੱਖਿਆ ਅਤੇ ਆਖਿਆ: “ਤੁਮ ਪ੍ਰੋਫ਼ੈਸਰ ਹੋ ਜਾਂ ਕੁਛ ਔਰ, ਸਾਲੇ ਸਿੱਖ ਤੋ ਹੈ।”

ਸ਼ਾਮ ਸੱਤ ਵਜੇ ਪੁਲਿਸ ਨੇ ਗੁਰਦੁਆਰਾ ਸੀਸ ਗੰਜ ਨੂੰ ਸੀਲ ਕਰ ਦਿੱਤਾ। ਇਸ ਸਬੰਧ ਵਿਚ ਆਲ ਇੰਡੀਆ ਰੇਡੀਓ ਤੋਂ ਵੀ ਖ਼ਬਰਾਂ ਦੇ ਬੁਲਿਟਨ ਵਿਚ ਐਲਾਨ ਕਰ ਦਿੱਤਾ ਗਿਆ ਸੀ। ਪਰ ਥੋੜ੍ਹੀ ਦੇਰ ਮਗਰੋਂ ਹੀ ਸਰਕਾਰ ਨੇ ਡਰਦਿਆਂ ਗੁਰਦੁਆਰੇ ਦਾ ਦਰਵਾਜ਼ਾ ਖੋਲ੍ਹ ਦਿੱਤਾ।
12 ਜੂਨ ਦੀ ਅੱਧੀ ਰਾਤ ਤੱਕ ਸਿੱਖਾਂ ਦੇ ਜਥੇ ਗ੍ਰਿਫ਼ਤਾਰੀ ਵਾਸਤੇ ਜਾਂਦੇ ਰਹੇ।

ਪੰਡਤ ਨਹਿਰੂ ਦੇ ਸੈਕਟਰੀ ਬੀ.ਐਨ. ਮਲਿਕ ਨੇ ਅੱਖੀਂ ਡਿੱਠੇ ਹਾਲ ਵਿਚ ਦੱਸਿਆ ਹੈ ਕਿ “ਹੋਮ ਸੈਕਟਰੀ ਝਾਅ ਚਾਹੁੰਦਾ ਸੀ ਕਿ ਸਿੱਖਾਂ ਦਾ ਇਹ ਜਲੂਸ ਨਿਕਲ ਲੈਣ ਦੇਣਾ ਚਾਹੀਦਾ ਹੈ ਕਿਊਂਕਿ ਇਸ ਦੇ ਨਾਲ ਕੋਈ ਫ਼ਰਕ ਨਹੀਂ ਪਵੇਗਾ। ਪਰ ਪੰਡਤ ਨਹਿਰੂ ਨੇ ਹੋਮ ਸੈਕਟਰੀ ਨੂੰ ਝਿੜਕ ਮਾਰੀ ਕਿ ਉਹ ਮਨਿਸਟਰ ਪੰਡਿਤ ਪੰਤ ਨੂੰ ਕਮਜ਼ੋਰ ਨਾ ਕਰੇ। ਕੈਰੋਂ ਨੇ ਇਸ ਜਲੂਸ ਤੇ ਪਾਬੰਦੀ ਲਾਈ ਹੋਈ ਹੈ ਅਤੇ ਅਸੀਂ ਇਸ ਦੀ ਇਜਾਜ਼ਤ ਨਹੀਂ ਦੇਵਾਂਗੇ।” ਉਹ ਮੰਨਦਾ ਹੈ ਕਿ ਪੁਲਿਸ ਦਾ ਬੇਹਿਸਾਬ ਜ਼ੁਲਮ ਵੀ ਸਿੱਖਾਂ ਦੇ ਰੋਹ ਨੂੰ ਰੋਕ ਨਾ ਸਕਿਆ (ਬੀ.ਐਨ. ਮਲਿਕ, ਮਾਈ ਡੇਅਜ਼ ਵਿਦ ਨਹਿਰੂ, ਸਫ਼ਾ 437)।
ਇਸ ਜ਼ੁਲਮ ਨੇ 1922 ਵਿਚ ਸਿੱਖਾਂ ਤੇ ਗੁਰੂ ਦਾ ਬਾਗ (ਜ਼ਿਲ੍ਹਾ ਅੰਮ੍ਰਿਤਸਰ) ਵਿਚ ਹੋਏ ਜ਼ੁਲਮ ਦੀ ਯਾਦ ਤਾਜ਼ਾ ਕਰਵਾ ਦਿੱਤੀ। ਦੁਨੀਆਂ ਭਰ ਦੇ ਪ੍ਰੈਸ ਨੇ ਇਸ ਦੀ ਜ਼ਬਰਦਸਤ ਨਿੰਦਾ ਕੀਤੀ।

ਬੀ.ਬੀ.ਸੀ. ਨੇ ਸਿੱਖਾਂ ’ਤੇ ਜ਼ੁਲਮ ਦੀ ਤਸਵੀਰ ਲੋਕਾਂ ਤਕ ਪਹੁੰਚਾਈ।

ਪਾਕਿਸਤਾਨ ਦੀਆਂ ਅਖ਼ਬਾਰਾਂ ਇਮਰੋਜ਼ ਅਤੇ ਪਾਕਿਸਤਾਨ ਟਾਈਮਜ਼ ਲਗਾਤਾਰ ਤਿੰਨ ਦਿਨ ਇਸ ਜ਼ੁਲਮ ਬਾਰੇ ਲਿਖਦੀਆਂ ਰਹੀਆਂ।
ਨਿਊਯਾਰਕ ਟਾਈਮਜ਼ ਨੇ ਲਿਖਿਆ:‘‘ਮੇਰੀਆਂ ਅੱਖਾਂ ਸਾਹਮਣੇ ਬੇਗੁਨਾਹ ਸਿੱਖਾਂ ਨੂੰ ਬੇਰਹਿਮੀ ਨਾਲ ਕੁੱਟਿਆ-ਮਾਰਿਆ ਗਿਆ।

ਵਾਸ਼ਿੰਗਟਨ ਪੋਸਟ ਅਖ਼ਬਾਰ ਨੇ ਵੀ ਲਿਖਿਆ: ‘‘ਪੁਲਿਸ ਨੇ ਗਰਾਊਂਡ ਵਿਚ ਵਰਤ ਰਹੇ ਲੰਗਰ ਵਿਚ ਵੜ ਕੇ ਸਿੱਖਾਂ ਨੂੰ ਕੁੱਟਿਆ-ਮਾਰਿਆ।”
ਅੰਗਰੇਜ਼ੀ ਅਖ਼ਬਾਰ ਗਾਰਡੀਅਨ ਨੇ ਲਿਖਿਆ ਕਿ ‘‘12 ਜੂਨ ਦੀ ਘਟਨਾ ਪੰਡਤ ਨਹਿਰੂ ਦੀ ਦੇਖ-ਰੇਖ ਵਿਚ ਹੋਈ।”

ਭਾਰਤ ਦੀ ਅਖ਼ਬਾਰ ਬਲਿਟਜ਼ ਨੇ ਲਿਖਿਆ: ਸਰਕਾਰ ਵੱਲੋਂ ਪਾਬੰਦੀ ਬੇਵਕੂਫ਼ੀ ਭਰੀ ਅਤੇ ‘ਸਿੱਖਾਂ ਨੂੰ ਸਬਕ ਸਿਖਾਉਣ’ ਵਾਸਤੇ ਲਾਈ ਗਈ ਸੀ। 5 ਹਜ਼ਾਰ ਸਿਪਾਹੀਆਂ ਵਲੋਂ ਗੁਰਦੁਆਰੇ ਦੇ ਆਲੇ ਦੁਆਲੇ ਘੇਰਾ ਪਾ ਕੇ ਧੱਕਸ਼ਾਹੀ ਕੀਤੀ ਗਈ। ਇਹ ਸਾਰਾ ਕੁਝ ਦੀ ਤਿਆਰੀ ਸਰਕਾਰ ਨੇ ਪਹਿਲਾਂ ਹੀ ਕੀਤੀ ਹੋਈ ਸੀ।”
ਜਾਪਾਨ ਦੇ ਅਖ਼ਬਾਰ ਮੈਚੀਨੀ ਨੇ ਟਾਈਟਲ ’ਤੇ ਪੁਲਿਸ ਵਲੋਂ ਸਿੱਖਾਂ ਨੂੰ ਲੱਤਾਂ ਤੋਂ ਧੂਹ ਕੇ ਗੱਡੀਆਂ ਤੇ ਲੱਦਦਿਆਂ ਦੀ ਫ਼ੋਟੋ ਛਾਪੀ ਅਤੇ ਲਿਖਿਆ ਕਿ ‘‘ਭਾਰਤ ਦੀ ਪੁਲਿਸ ਨੇ ਸਿੱਖਾਂ ਨੂੰ ਉਂਵੇਂ ਹੀ ਮਾਰਿਆ ਜਿਵੇਂ ਅੰਗਰੇਜ਼ ਹਿੰਦੁਸਤਾਨੀਆਂ ਨੂੰ ਮਾਰਦਾ ਹੁੰਦਾ ਸੀ।”

ਅਮਰੀਕਾ ਅਤੇ ਹੋਰ ਮੁਲਕਾਂ ਦੀਆਂ ਅਖ਼ਬਾਰਾਂ ਨੇ ਵੀ ਇਸ ਜ਼ੁਲਮ ਦੀ ਜ਼ਬਰਦਸਤ ਨਿੰਦਾ ਕੀਤੀ।

ਕਾਹਿਰਾ ਦੀ ਅਖ਼ਬਾਰ ਅਲਜ਼ਾਰ ਨੇ ਆਪਣੇ ਐਡੀਟੋਰੀਅਲ ’ਚ ਇਸ ਜ਼ੁਲਮ ਦੀ ਭਾਰੀ ਮੁਜ਼ੰਮਤ ਕੀਤੀ।

ਮਲੇਸ਼ੀਆ, ਅਫ਼ਰੀਕਾ ਅਤੇ ਯੂਰਪ ਦੀਆਂ ਹੋਰ ਅਖ਼ਬਾਰਾਂ ਨੇ ਵੀ ਇਸ ਜ਼ੁਲਮ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕੀਤਾ। ਦੁਨੀਆਂ ਭਰ ਦੇ ਰੇਡੀਓ ਬੁਲਿਟਨਾਂ ਵਿਚ ਵੀ ਇਸ ਧੱਕੇਸ਼ਾਹੀ ਦੀ ਨਿੰਦਾ ਕੀਤੀ ਗਈ।

ਦਿੱਲੀ ਦੇ ਸਿੱਖਾਂ ਨੇ 25 ਜੂਨ ਪੰਡਤ ਨਹਿਰੂ ਨੂੰ ਇਕ ਮੈਮੋਰੰਡਮ ਦਿੱਤਾ ਜਿਸ ਵਿਚ ਸਰਕਾਰੀ ਜ਼ੁਲਮ ਦੀ ਨਿੰਦਾ ਕਰਦਿਆਂ ਹੋਇਆਂ ਇਸ ਘਟਨਾ ਦੀ ਅਦਾਲਤੀ ਜਾਂਚ ਕਰਾਉਣ ਦੀ ਮੰਗ ਕੀਤੀ ਗਈ। ਇਸ ਮੈਮੋਰੰਡਮ ’ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗਿਆਨ ਸਿੰਘ ਵੋਹਰਾ, ਗੁਰਚਰਨ ਸਿੰਘ ਮੈਂਬਰ ਗੁਰਦੁਆਰਾ ਕਮੇਟੀ, ਮਾਨ ਸਿੰਘ ਐਡੀਟਰ ਮਾਨਸਰੋਵਰ, ਮਹਿਤਾਬ ਸਿੰਘ, ਪ੍ਰੀਤਮ ਸਿੰਘ ਬਾਗੀ, ਚਰਨਜੀਤ ਸਿੰਘ, ਹੁਕਮ ਸਿੰਘ, ਕਿਸ਼ਨ ਸਿੰਘ ਦੇ ਦਸਤਖ਼ਤ ਸਨ।
12 ਜੂਨ ਦੇ ਦਿਨ ਦਿੱਲੀ ਵਿਚ ਜੋ ਕੁਝ ਕੀਤਾ ਗਿਆ ਸੀ ਉਹ ਸਿੱਖਾਂ ਨੂੰ ਸਬਕ ਸਿਖਾਉਣ ਵਾਸਤੇ ਸੀ। ਇਸ ਦਾ ਮਤਲਬ ਤਾਂ ਇਹ ਸੀ ਕਿ ਸਿੱਖ ਦਹਿਸ਼ਤ ਤੋਂ ਡਰ ਜਾਣਗੇ ਅਤੇ ਮੁੜ ਕੇ ਮੋਰਚੇ ਜਾਂ ਜਲੂਸ ਦਾ ਰਸਤਾ ਨਹੀਂ ਚੁਣਨਗੇ। ਇਨ੍ਹਾਂ ਦਿਨੀਂ ਸਰਕਾਰ ਦੇ ਨਾਲ-ਨਾਲ ਫ਼ਿਰਕਾਪ੍ਰਸਤ ਹਿੰਦੂਆਂ ਨੇ ਵੀ ਸਿੱਖਾਂ ਦੇ ਖ਼ਿਲਾਫ਼ ਬਹੁਤ ਘਟੀਆ ਬਿਆਨਬਾਜ਼ੀ ਕੀਤੀ। 16 ਜੂਨ ਦੇ ਦਿਨ ਮਹਾਸ਼ਾ ਵਰਿੰਦਰ, ਲਾਲਾ ਜਗਤ ਨਰਾਇਣ, ਇੰਦਰ ਸੈਨ, ਅਚਾਰੀਆ ਰਾਮਦੇਵ ਨੇ ਪੰਡਤ ਨਹਿਰੂ ਨੂੰ ਮਿਲ ਕੇ 12 ਜੂਨ ਦੇ ਦਿਨ ਸਿੱਖਾਂ ’ਤੇ ਕੀਤੇ ਧੱਕੇ ਦੀ ਹਮਾਇਤ ਕੀਤੀ ਅਤੇ ਅੱਗੇ ਵਾਸਤੇ ਵੀ ਸਿੱਖਾਂ ਦੇ ਖ਼ਿਲਾਫ਼ ਸਰਕਾਰ ਦੀ ਪੂਰੀ ਮਦਦ ਕਰਨ ਦਾ ਪੂਰਾ ਯਕੀਨ ਦਿਵਾਇਆ।
(ਸਿੱਖ ਤਵਾਰੀਖ਼ ਕਿਤਾਬ ਵਿਚੋਂ)

 

Have something to say? Post your comment

Subscribe