ਨਵੀਂ ਦਿੱਲੀ : ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (DGCA) ਨੇ 7 ਮਈ ਨੂੰ ਰਾਂਚੀ ਹਵਾਈ ਅੱਡੇ 'ਤੇ ਇਕ ਅਪਾਹਜ ਬੱਚੇ ਨੂੰ ਜਹਾਜ਼ ਵਿਚ ਚੜ੍ਹਨ ਤੋਂ ਰੋਕਣ ਲਈ ਇੰਡੀਗੋ 'ਤੇ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।
ਡੀਜੀਸੀਏ ਨੇ ਕਿਹਾ ਹੈ ਕਿ ਉਸ ਵੱਲੋਂ ਕੀਤੀ ਗਈ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਏਅਰਲਾਈਨ ਸਟਾਫ਼ ਵੱਲੋਂ ਬੱਚੇ ਨਾਲ ਮਾੜਾ ਸਲੂਕ ਕੀਤਾ ਗਿਆ, ਜਿਸ ਕਾਰਨ ਮਾਮਲਾ ਵਧ ਗਿਆ।
ਡੀਜੀਸੀਏ ਨੇ ਕਿਹਾ ਹੈ ਕਿ ਉਹ ਆਪਣੇ ਦਿਸ਼ਾ-ਨਿਰਦੇਸ਼ਾਂ ਵਿੱਚ ਬਦਲਾਅ ਕਰੇਗਾ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ। ਡੀਜੀਸੀਏ ਦੇ ਅਨੁਸਾਰ, "ਜੇਕਰ ਮਾਮਲੇ ਨੂੰ ਤਰਸ ਨਾਲ ਨਜਿੱਠਿਆ ਗਿਆ ਹੁੰਦਾ, ਤਾਂ ਮਾਮਲਾ ਇਸ ਹੱਦ ਤੱਕ ਨਹੀਂ ਵਧਦਾ ਸੀ ਕਿ ਯਾਤਰੀ ਨੂੰ ਸਵਾਰ ਹੋਣ ਤੋਂ ਇਨਕਾਰ ਕਰ ਦਿੱਤਾ ਜਾਂਦਾ।"
ਡੀਜੀਸੀਏ ਨੇ ਕਿਹਾ ਕਿ ਵਿਸ਼ੇਸ਼ ਹਾਲਾਤ ਬਿਹਤਰ ਜਵਾਬ ਦੀ ਮੰਗ ਕਰਦੇ ਹਨ। ਪਰ ਏਅਰਲਾਈਨ ਦਾ ਸਟਾਫ ਸਥਿਤੀ ਨੂੰ ਸੰਭਾਲ ਨਹੀਂ ਸਕਿਆ ਅਤੇ ਨਾਗਰਿਕ ਹਵਾਬਾਜ਼ੀ ਨਿਯਮਾਂ ਦੀ ਭਾਵਨਾ ਨੂੰ ਬਰਕਰਾਰ ਰੱਖਣ ਵਿੱਚ ਅਸਫਲ ਰਿਹਾ।
ਏਅਰਲਾਈਨਜ਼ ਦੇ ਗਰਾਊਂਡ ਸਟਾਫ ਵੱਲੋਂ ਅਪਾਹਜ ਬੱਚੇ ਨੂੰ ਬੋਰਡਿੰਗ ਤੋਂ ਰੋਕੇ ਜਾਣ ਦੀ ਖ਼ਬਰ ਸੁਣਦਿਆਂ ਹੀ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਫੈਸਲੇ ਦੀ ਚਾਰੇ ਪਾਸੇ ਆਲੋਚਨਾ ਹੋ ਰਹੀ ਸੀ, ਜਿਸ ਤੋਂ ਬਾਅਦ ਸਿਵਲ ਐਵੀਏਸ਼ਨ ਅਥਾਰਟੀ ਨੇ ਇਸ ਦਾ ਨੋਟਿਸ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਸੀ।
ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਰਾਂਚੀ-ਹੈਦਰਾਬਾਦ ਫਲਾਈਟ ਦੀ ਯਾਤਰੀ ਮਨੀਸ਼ਾ ਗੁਪਤਾ ਨੇ ਗਰਾਊਂਡ ਸਟਾਫ ਵੱਲੋਂ ਬੱਚੇ ਅਤੇ ਉਸ ਦੇ ਮਾਤਾ-ਪਿਤਾ ਨੂੰ ਪਰੇਸ਼ਾਨ ਕੀਤੇ ਜਾਣ ਦੀ ਕਹਾਣੀ ਸੁਣਾਈ।
ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਇੰਡੀਗੋ ਏਅਰਲਾਈਨ ਦੇ CEO ਰੋਨਜੋਏ ਦੱਤਾ ਨੇ ਕਿਹਾ ਕਿ ਬੱਚਾ ਬੋਰਡਿੰਗ ਦੇ ਸਮੇਂ ਘਬਰਾਹਟ ਵਿੱਚ ਸੀ ਅਤੇ ਏਅਰਪੋਰਟ ਸਟਾਫ ਨੂੰ ਇਸ ਕਾਰਨ ਸਖ਼ਤ ਕਾਰਵਾਈ ਕਰਨੀ ਪਈ। ਇਸ ਦੇ ਨਾਲ ਹੀ ਏਅਰਲਾਈਨ ਨੇ ਕਿਹਾ ਸੀ ਕਿ ਪਰਿਵਾਰ ਨੂੰ ਹੋਟਲ 'ਚ ਠਹਿਰਾਇਆ ਗਿਆ ਸੀ ਅਤੇ ਅਗਲੀ ਸਵੇਰ ਉਨ੍ਹਾਂ ਨੂੰ ਉਨ੍ਹਾਂ ਦੀ ਮੰਜ਼ਿਲ 'ਤੇ ਪਹੁੰਚਾਇਆ ਗਿਆ ਸੀ।