ਹੁਸ਼ਿਆਰਪੁਰ : ਪੰਜਾਬ ਵਿੱਚ ਖੁੱਲ੍ਹੇ ਬੋਰਵੈੱਲ ਨੇ ਇੱਕ ਹੋਰ ਮਾਸੂਮ ਦੀ ਜਾਨ ਲੈ ਲਈ। ਫਤਿਹਵੀਰ ਤੋਂ ਬਾਅਦ 6 ਸਾਲ ਦੇ ਰਿਤਿਕ ਨੂੰ ਨਹੀਂ ਬਚਾਇਆ ਜਾ ਸਕਿਆ।
ਉਧਰ, ਪ੍ਰਸ਼ਾਸਨ ਨੇ ਇਸ ਮਾਮਲੇ ਸਬੰਧੀ ਸਖ਼ਤ ਕਾਰਵਾਈ ਕਰਦਿਆਂ ਖੇਤ ਮਾਲਕ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਹੈ। ਗੜ੍ਹਦੀਵਾਲਾ ਪੁਲਿਸ ਵੱਲੋਂ ਧਾਰਾ 304 A, 279, 188 ਦੇ ਤਹਿਤ ਸਤਵੀਰ ਸਿੰਘ ਨਾਮਕ ਵਿਅਕਤੀ ‘ਤੇ ਮਾਮਲਾ ਦਰਜ ਕਰ ਲਿਆ ਹੈ। ਸਤਵੀਰ ਸਿੰਘ ਉਸੇ ਖੇਤ ਦਾ ਮਾਲਕ ਹੈ, ਜਿੱਥੇ ਬੋਰਵੈਲ ਵਿੱਚ ਰਿਤਿਕ ਡਿੱਗਿਆ ਸੀ।
ਦੱਸ ਦੇਈਏ ਕਿ ਹੁਸ਼ਿਆਰਪੁਰ ਦੇ ਗੜ੍ਹਦੀਵਾਲਾ ਦੇ ਪਿੰਡ ਬੈਰਾਮਪੁਰ ਵਿੱਚ 6 ਸਾਲਾ ਰਿਤਿਕ ਅਵਾਰਾ ਕੁੱਤੇ ਤੋਂ ਬਚਦੇ ਹੋਏ 100 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਗਿਆ ਸੀ। ਉਸ ਨੂੰ ਬਚਾਉਣ ਲਈ ਕਰੀਬ 8-9 ਘੰਟੇ ਬਚਾਅ ਮੁਹਿੰਮ ਚਲਾਈ ਗਈ ਪਰ ਮਾਸੂਮ ਰਿਤਿਕ ਨੂੰ ਬਚਾਇਆ ਨਹੀਂ ਗਿਆ।
ਦੂਜੇ ਪਾਸੇ ਜਿੱਥੇ ਰਿਤਿਕ ਦੀ ਮੌਤ ਕਾਰਨ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ, ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ 'ਤੇ ਦੁੱਖ ਪ੍ਰਗਟ ਕਰਦਿਆਂ ਪੀੜਤ ਪਰਿਵਾਰ ਲਈ 2 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।