ਨਵੀਂ ਦਿੱਲੀ - ਸ਼ੁੱਕਰਵਾਰ ਰਾਤ ਨੂੰ ਦਿੱਲੀ 'ਚ ਖ਼ਰਾਬ ਮੌਸਮ ਕਾਰਨ ਸਾਰੀਆਂ ਉਡਾਣਾਂ ਅੰਮ੍ਰਿਤਸਰ, ਲਖਨਊ, ਅਹਿਮਦਾਬਾਦ ਅਤੇ ਨੇੜਲੇ ਹਵਾਈ ਅੱਡਿਆਂ 'ਤੇ ਉਤਾਰੀਆਂ ਗਈਆਂ। ਦਿੱਲੀ ਜਾਣ ਵਾਲੀਆਂ 10 ਦੇ ਕਰੀਬ ਫਲਾਈਟਾਂ ਅੰਮ੍ਰਿਤਸਰ 'ਚ ਉਤਰੀਆਂ ਪਰ ਹਫੜਾ-ਦਫੜੀ ਕਾਰਨ ਯਾਤਰੀਆਂ ਨੂੰ ਪੂਰੀ ਰਾਤ ਰਨਵੇ 'ਤੇ ਹੀ ਬਿਤਾਉਣੀ ਪਈ। ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਫਲਾਈਟ ਵੀ ਦਿੱਲੀ ਏਅਰਪੋਰਟ 'ਤੇ ਲੈਂਡ ਨਹੀਂ ਕਰ ਸਕੀ।
ਯੂਨਾਈਟਿਡ ਏਅਰਵੇਜ਼ UA82 ਨਿਊਯਾਰਕ ਦਿੱਲੀ, ਥਾਈ ਏਅਰਵੇਜ਼ TG-315 ਬੈਂਕਾਕ ਦਿੱਲੀ, ਏਅਰ ਇੰਡੀਆ AI-812 ਲਖਨਊ ਦਿੱਲੀ, ਵਿਸਤਾਰਾ UK992 ਪਟਨਾ-ਦਿੱਲੀ, UK870 ਹੈਦਰਾਬਾਦ ਦਿੱਲੀ, UK-988 ਮੁੰਬਈ-ਦਿੱਲੀ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ, ਅੰਮ੍ਰਿਤਸਰ, 6E2126 ਪਟਨਾ ਦਿੱਲੀ, ਸਪਾਈਸ ਜੈੱਟ SG8189 ਪੁਣੇ ਦਿੱਲੀ SG8710 ਮੁੰਬਈ ਦਿੱਲੀ ਫਲਾਈਟ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਾਰਿਆ ਗਿਆ।
ਅੰਮ੍ਰਿਤਸਰ ਹਵਾਈ ਅੱਡੇ 'ਤੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਜ਼ਿਆਦਾਤਰ ਯਾਤਰੀਆਂ ਨੂੰ ਰਨਵੇ 'ਤੇ ਹੀ ਰਾਤ ਕੱਟਣੀ ਪਈ। ਪਹਿਲਾਂ ਤਾਂ ਸਪਾਈਸ ਜੈੱਟ ਦੇ ਯਾਤਰੀ ਜਹਾਜ਼ 'ਚ ਬੈਠੇ ਰਹੇ ਪਰ ਜਦੋਂ ਜ਼ਿਆਦਾ ਸਮਾਂ ਬੀਤ ਗਿਆ ਅਤੇ ਯਾਤਰੀਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਨੂੰ ਬਾਹਰ ਕੱਢ ਲਿਆ ਗਿਆ।
ਹਰੀ ਝੰਡੀ ਮਿਲਣ ਤੋਂ ਬਾਅਦ ਇਕ-ਇਕ ਕਰਕੇ ਉਡਾਣਾਂ ਨੂੰ ਦਿੱਲੀ ਲਈ ਰਵਾਨਾ ਕੀਤਾ ਗਿਆ। UK870 ਹੈਦਰਾਬਾਦ ਦਿੱਲੀ ਦੀ ਫਲਾਈਟ ਦੁਪਹਿਰ 2 ਵਜੇ ਦੇ ਕਰੀਬ ਦਿੱਲੀ ਲਈ ਰਵਾਨਾ ਹੋਈ ਪਰ ਕਈ ਉਡਾਣਾਂ ਨੂੰ ਰੱਦ ਕਰਨਾ ਪਿਆ। ਇਸ ਕਾਰਨ ਉਨ੍ਹਾਂ ਦੇ ਯਾਤਰੀਆਂ ਨੂੰ ਸੜਕ ਰਾਹੀਂ ਦਿੱਲੀ ਭੇਜ ਦਿੱਤਾ ਗਿਆ ਹੈ।