ਕਾਬੁਲ: ਅਫਗਾਨਿਸਤਾਨ ਦੇ ਤਾਲਿਬਾਨ ਸ਼ਾਸਕਾਂ ਵੱਲੋਂ ਇਕ ਵਾਰ ਫਿਰ ਅਜੀਬ ਫ਼ਰਮਾਨ ਜਾਰੀ ਕੀਤਾ ਗਿਆ ਹੈ। ਅਫਗਾਨਿਸਤਾਨ ਦੇ ਤਾਲਿਬਾਨ ਸ਼ਾਸਕਾਂ ਨੇ ਸਾਰੀਆਂ ਮਹਿਲਾ ਐਂਕਰਾਂ ਨੂੰ ਟੀਵੀ ਚੈਨਲਾਂ 'ਤੇ ਖਬਰਾਂ ਪੜ੍ਹਦੇ ਸਮੇਂ ਮੂੰਹ ਢਕਣ ਦਾ ਹੁਕਮ ਦਿੱਤਾ ਹੈ।
ਇਸ ਮਹੀਨੇ ਦੇ ਸ਼ੁਰੂ ਵਿਚ ਤਾਲਿਬਾਨ ਨੇ ਜਨਤਕ ਤੌਰ 'ਤੇ ਸਾਰੀਆਂ ਔਰਤਾਂ ਨੂੰ ਸਿਰ ਤੋਂ ਪੈਰਾਂ ਤੱਕ ਕੱਪੜੇ ਪਹਿਨਣ ਦਾ ਹੁਕਮ ਦਿੱਤਾ ਸੀ। ਤਾਲਿਬਾਨ ਨੇ ਛੇਵੀਂ ਜਮਾਤ ਤੋਂ ਬਾਅਦ ਲੜਕੀਆਂ ਦੇ ਸਕੂਲ ਜਾਣ 'ਤੇ ਰੋਕ ਲਗਾਉਣ ਦਾ ਫਰਮਾਨ ਵੀ ਜਾਰੀ ਕੀਤਾ ਸੀ।
ਨਿਊਜ਼ ਏਜੰਸੀ ਮੁਤਾਬਕ ਟੋਲੋਨਿਊਜ਼ ਚੈਨਲ ਨੇ ਇਕ ਟਵੀਟ 'ਚ ਕਿਹਾ ਕਿ ਇਹ ਹੁਕਮ ਤਾਲਿਬਾਨ ਦੇ ਸੂਚਨਾ ਅਤੇ ਸੱਭਿਆਚਾਰ ਦੇ ਉਪ ਮੰਤਰਾਲੇ ਨੇ ਜਾਰੀ ਕੀਤਾ ਹੈ। ਚੈਨਲ ਦਾ ਕਹਿਣਾ ਹੈ ਕਿ ਇਸ ਹੁਕਮ ਨੂੰ ਹਰ ਕੀਮਤ 'ਤੇ ਮੰਨਣ ਲਈ ਕਿਹਾ ਗਿਆ ਹੈ ਅਤੇ ਇਸ 'ਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ।
ਸਾਰੇ ਮੀਡੀਆ ਸਮੂਹਾਂ 'ਤੇ ਲਾਗੂ ਇਹ ਬਿਆਨ ਤਾਲਿਬਾਨ ਸ਼ਾਸਕਾਂ ਵੱਲੋਂ ਮੋਬੀ ਗਰੁੱਪ ਨੂੰ ਭੇਜਿਆ ਗਿਆ ਸੀ। ਜਿਸ ਵਿਚ ਟੋਲੋਨਿਊਜ਼ ਅਤੇ ਹੋਰ ਕਈ ਟੀਵੀ ਅਤੇ ਰੇਡੀਓ ਨੈੱਟਵਰਕ ਹਨ। ਟਵੀਟ 'ਚ ਕਿਹਾ ਗਿਆ ਹੈ ਕਿ ਇਸ ਨੂੰ ਹੋਰ ਅਫਗਾਨ ਮੀਡੀਆ 'ਤੇ ਵੀ ਲਾਗੂ ਕੀਤਾ ਜਾ ਰਿਹਾ ਹੈ। ਮੀਡੀਆ ਵੱਲੋਂ ਦੱਸਿਆ ਗਿਆ ਕਿ ਸਾਡੇ ਕੋਲ ਇਸ ਨੂੰ ਸਵੀਕਾਰ ਕਰਨ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੈ।
ਕਈ ਮਹਿਲਾ ਐਂਕਰਾਂ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਪੋਸਟ ਕੀਤੀਆਂ ਹਨ, ਜਿਸ 'ਚ ਉਹ ਸ਼ੋਅ ਨੂੰ ਪੇਸ਼ ਕਰਦੇ ਸਮੇਂ ਮਾਸਕ ਨਾਲ ਮੂੰਹ ਢੱਕਦੀਆਂ ਨਜ਼ਰ ਆ ਰਹੀਆਂ ਹਨ। ਟੋਲੋ ਨਿਊਜ਼ ਦੀ ਇਕ ਐਂਕਰ ਨੇ ਇਕ ਕੈਪਸ਼ਨ ਦੇ ਨਾਲ ਫੇਸ ਮਾਸਕ ਪਹਿਨੇ ਹੋਏ ਇਕ ਵੀਡੀਓ ਪੋਸਟ ਕੀਤਾ ਹੈ। ਉਹਨਾਂ ਨੇ ਕੈਪਸ਼ਨ 'ਚ ਲਿਖਿਆ, ਉਪ ਮੰਤਰਾਲਾ ਦੇ ਹੁਕਮਾਂ 'ਤੇ ਇਕ ਔਰਤ ਨੂੰ ਖਤਮ ਕੀਤਾ ਜਾ ਰਿਹਾ ਹੈ।