ਅਲਬਰਟਾ : ਕੈਨੇਡੀਅਨ ਸੂਬੇ ਅਲਬਰਟਾ 'ਚ ਵਸਦੇ ਸਿੱਖਾਂ ਨੂੰ ਹੁਣ ਨੌਕਰੀ ਦੌਰਾਨ ਦਾੜ੍ਹੀ ਰੱਖਣ ਦੀ ਛੋਟ ਮਿਲ ਗਈ ਹੈ। ਜਿਸ ਤੋਂ ਬਾਅਦ ਹੁਣ ਸਿੱਖ ਕਰੈਕਸ਼ਨਲ ਪੀਸ ਅਫਸਰ ਦੀ ਪੋਸਟ ਲਈ ਅਪਲਾਈ ਕਰ ਸਕਣਗੇ, ਕਿਉਂਕਿ ਸੂਬਾ ਸਰਕਾਰ ਨੇ ਇਸ ਅਫ਼ਸਰ ਦੀ ਪੋਸਟ ਲਈ ਕਲੀਨ-ਸ਼ੇਵ ਦੀ ਸ਼ਰਤ ਹਟਾ ਦਿੱਤੀ ਹੈ। ਅਲਬਰਟਾ ਸੂਬਾ ਸਰਕਾਰ ਨੇ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਹੁਣ ਦਾੜ੍ਹੀ ਰੱਖਣ ਵਾਲੇ ਲੋਕ ਵੀ ਕਰੈਕਸ਼ਨਲ ਪੀਸ ਅਫ਼ਸਰਾਂ ਦੀ ਪੋਸਟ ਲਈ ਅਪਲਾਈ ਕਰ ਸਕਦੇ ਹਨ।
ਇਸ ਤੋਂ ਪਹਿਲਾਂ ਇਸ ਅਹੁਦੇ ਲਈ ਸਿਰਫ਼ ਕਲੀਨ-ਸ਼ੇਵ ਲੋਕ ਹੀ ਅਪਲਾਈ ਕਰ ਸਕਦੇ ਸੀ। ਜਿਸ ਕਾਰਨ ਸਿੱਖ ਭਾਈਚਾਰਾ ਇਸ ਅਹੁਦੇ ਲਈ ਅਪਲਾਈ ਨਹੀਂ ਕਰ ਸਕਦਾ ਸੀ, ਪਰ ਹੁਣ ਕਲੀਨਸ਼ੇਵ ਦੀ ਸ਼ਰਤ ਹਟਾ ਦਿੱਤੀ ਗਈ ਹੈ। ਅਲਬਰਟਾ ਸਰਕਾਰ ਦੇ ਇਸ ਫ਼ੈਸਲੇ 'ਤੇ ਕੈਲਗਰੀ-ਫੁਲਕਨਰਿਜ ਤੋਂ ਪੰਜਾਬੀ ਵਿਧਾਇਕ ਦਵਿੰਦਰ ਸਿੰਘ ਤੂਰ ਨੇ ਖ਼ੁਸ਼ੀ ਜ਼ਾਹਰ ਕੀਤੀ।
ਉਨਾਂ ਕਿਹਾ ਕਿ ਸਿੱਖ ਭਾਈਚਾਰੇ ਦੇ ਬਹੁਤ ਸਾਰੇ ਲੋਕ ਪਹਿਲਾਂ ਕਰੈਕਸ਼ਨਲ ਪੀਸ ਅਫ਼ਸਰ ਦੇ ਅਹੁਦੇ 'ਤੇ ਸੇਵਾਵਾਂ ਨਿਭਾਉਣ ਦੀ ਇੱਛਾ ਰੱਖਦੇ ਸਨ, ਪਰ ਕਲੀਨਸ਼ੇਵ ਦੀ ਸ਼ਰਤ ਕਾਰਨ ਉਹ ਇਸ ਦੇ ਲਈ ਅਪਲਾਈ ਨਹੀਂ ਕਰ ਸਕਦੇ ਸੀ, ਪਰ ਹੁਣ ਉਹ ਆਪਣੇ ਸੁਪਨੇ ਪੂਰੇ ਕਰ ਸਕਣਗੇ।
ਕਰੈਕਸ਼ਨਲ ਪੀਸ ਅਫ਼ਸਰਾਂ ਦੀ ਪੋਸਟ ਲਈ ਅਲਬਰਟਾ ਸਰਕਾਰ ਵਲੋਂ ਜਿਹੜਾ ਮਾਸਕ ਪਹਿਲਾਂ ਇਨ੍ਹਾਂ ਅਫ਼ਸਰਾਂ ਨੂੰ ਮੁਹੱਈਆ ਕਰਵਾਇਆ ਜਾਂਦਾ ਸੀ, ਉਹ ਦਾੜ੍ਹੀ ਰੱਖਣ ਵਾਲਿਆਂ ਦੇ ਫਿੱਟ ਨਹੀਂ ਬੈਠਦਾ ਸੀ, ਪਰ ਹੁਣ ਨਵਾਂ ਮਾਸਕ ਉਪਲੱਬਧ ਕਰਵਾਇਆ ਜਾ ਰਿਹਾ ਹੈ, ਜੋ ਦਾੜ੍ਹੀ ਰੱਖਣ ਵਾਲਿਆਂ ਲਈ ਵੀ ਸਹੀ ਹੈ।