ਨਿਊਯਾਰਕ : ਅਮਰੀਕਾ ਵਿਚ ਇਕ ਵਾਰ ਫਿਰ ਤੋਂ ਸਿੱਖਾਂ ਉਪਰ ਹਮਲਾ ਹੋਇਆ ਹੈ। ਤਾਜ਼ਾ ਮਿਲੀ ਖ਼ਬਰ ਮੁਤਾਬਕ ਸਵੇਰੇ ਸੈਰ ਕਰਦੇ ਸਮੇਂ ਦੋ ਸਿੱਖਾਂ ਉਤੇ ਹਮਲਾ ਹੋਇਆ ਹੈ। ਦਰਅਸਲ ਅਮਰੀਕੀ ਸ਼ਹਿਰ ਨਿਊਯਾਰਕ ਦੇ ਰਿਚਮੰਡ ਹਿੱਲ 'ਚ ਦੋ ਸਿੱਖਾਂ 'ਤੇ ਹਮਲਾ ਹੋਇਆ ਹੈ। ਸ਼ਿਕਾਇਤ ਦਰਜ ਕਰਕੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਨਿਊਯਾਰਕ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਇਸ ਨੂੰ ਨਿੰਦਣਯੋਗ ਕਰਾਰ ਦਿੱਤਾ ਤੇ ਕਿਹਾ ਕਿ ਉਹ ਘਟਨਾ ਦੀ ਜਾਂਚ ਕਰ ਰਹੀ ਪੁਲਿਸ ਦੇ ਸੰਪਰਕ ਵਿੱਚ ਹਨ।
ਦੂਤਾਵਾਸ ਨੇ ਕਿਹਾ ਕਿ ਅਪਰਾਧ ਦੇ ਸਬੰਧ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੀੜਤ ਸਿੱਖਾਂ 'ਤੇ ਉਸ ਸਮੇਂ ਅਚਾਨਕ ਹਮਲਾ ਹੋਇਆ ਜਦੋਂ ਸਵੇਰ ਦੀ ਸੈਰ ਕਰ ਰਹੇ ਸੀ। ਕਥਿਤ ਤੌਰ 'ਤੇ ਇਹ ਹਮਲਾ ਉਸੇ ਥਾਂ 'ਤੇ ਹੋਇਆ ਜਿੱਥੇ 10 ਦਿਨ ਪਹਿਲਾਂ ਭਾਈਚਾਰੇ ਦੇ ਇੱਕ ਮੈਂਬਰ 'ਤੇ ਹਮਲਾ ਹੋਇਆ ਸੀ।
ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਦੋ ਸ਼ੱਕੀਆਂ ਨੇ ਸਿੱਖ ਵਿਅਕਤੀਆਂ ਨੂੰ ਡੰਡਿਆਂ ਨਾਲ ਮਾਰਿਆ ਤੇ ਉਨ੍ਹਾਂ ਦੀਆਂ ਪੱਗਾਂ ਲਾਹ ਦਿੱਤੀਆਂ। ਨਿਊਯਾਰਕ ਦੇ ਅਟਾਰਨੀ ਜਨਰਲ ਲੈਟੀਆ ਜੇਮਸ ਨੇ ਇਸ ਹਮਲੇ ਦੀ ਨਿੰਦਾ ਕਰਦੇ ਹੋਏ ਟਵੀਟ ਕੀਤਾ ਤੇ ਲਿਖਿਆ ਕਿ ਰਿਚਮੰਡ ਹਿੱਲ 'ਚ ਸਾਡੇ ਸਿੱਖ ਭਾਈਚਾਰੇ 'ਤੇ ਇੱਕ ਹੋਰ ਘਿਨਾਉਣਾ ਹਮਲਾ। ਦੋਵਾਂ ਵਿਅਕਤੀਆਂ ਨੂੰ ਇਨਸਾਫ਼ ਦਿੱਤਾ ਜਾਵੇ।
ਨਿਊਯਾਰਕ ਸਟੇਟ ਆਫਿਸ ਲਈ ਚੁਣੀ ਗਈ ਪਹਿਲੀ ਪੰਜਾਬੀ ਅਮਰੀਕਨ ਜੈਨੀਫਰ ਰਾਜਕੁਮਾਰ ਨੇ ਕਿਹਾ ਕਿ ਹਾਲ ਹੀ ਦੇ ਸਾਲਾਂ ਵਿੱਚ ਸਿੱਖ ਭਾਈਚਾਰੇ ਵਿਰੁੱਧ ਨਫ਼ਰਤੀ ਅਪਰਾਧਾਂ ਵਿੱਚ ਚਿੰਤਾਜਨਕ 200 ਫੀਸਦੀ ਵਾਧਾ ਹੋਇਆ ਹੈ।
ਦੱਸ ਦਈਏ ਕਿ ਇਹ ਹਮਲਾ ਉਸੇ ਇਲਾਕੇ 'ਚ ਇੱਕ ਬਜ਼ੁਰਗ ਸਿੱਖ ਵਿਅਕਤੀ 'ਤੇ ਕਥਿਤ ਤੌਰ 'ਤੇ ਹਮਲਾ ਕਰਨ ਦੇ ਕਰੀਬ 10 ਦਿਨ ਬਾਅਦ ਹੋਇਆ ਹੈ। 4 ਅਪ੍ਰੈਲ ਦੇ ਹਮਲੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿੱਚ ਇੱਕ ਬਜ਼ੁਰਗ ਸਿੱਖ ਵਿਅਕਤੀ ਖੂਨ ਨਾਲ ਲੱਥਪੱਥ ਦਿਖਾਈ ਦੇ ਰਿਹਾ ਹੈ।