ਲੰਡਨ : ਲੰਡਨ ਵਿੱਚ ਇੱਕ ਭਾਰਤੀ ਵਿਦਿਆਰਥੀ, ਜੋ ਇੱਕ ਮਹੀਨਾ ਪਹਿਲਾਂ ਹੀ ਇੱਥੇ ਆਈ ਸੀ, ਹੁਣ ਇੱਕ ਹਸਪਤਾਲ ਵਿੱਚ ਜ਼ਿੰਦਗੀ ਲਈ ਸੰਘਰਸ਼ ਕਰ ਰਹੀ ਹੈ। ਕੇਰਲ ਦੀ ਰਹਿਣ ਵਾਲੀ 22 ਸਾਲਾ ਸੋਨਾ ਬੀਜੂ ਯੂਨੀਵਰਸਿਟੀ ਆਫ ਈਸਟ ਲੰਡਨ ਤੋਂ ਮਾਸਟਰ ਡਿਗਰੀ ਕਰ ਰਹੀ ਹੈ। ਪੜ੍ਹਾਈ ਦੇ ਨਾਲ-ਨਾਲ ਉਹ ਇੱਕ ਰੈਸਟੋਰੈਂਟ ਵਿੱਚ ਪਾਰਟ ਟਾਈਮ ਵੇਟਰੈਸ ਵਜੋਂ ਕੰਮ ਕਰਦੀ ਹੈ।
ਸ਼ੁੱਕਰਵਾਰ ਨੂੰ ਰੈਸਟੋਰੈਂਟ ‘ਚ ਭਾਰਤੀ ਮੂਲ ਦੇ ਗਾਹਕ ਨੇ ਉਸ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ। 23 ਸਾਲਾ ਭਾਰਤੀ ਸ਼੍ਰੀਰਾਮ ਅੰਬਰਲਾ ‘ਤੇ ਕੇਰਲ ਦੀ ਰਹਿਣ ਵਾਲੀ ਵਿਦਿਆਰਥਣ ਸੋਨਾ ਬੀਜੂ ਨੂੰ ਚਾਕੂ ਮਾਰਨ ਦਾ ਦੋਸ਼ ਹੈ। ਇਹ ਘਟਨਾ ਲੰਡਨ ਦੇ ਈਸਟ ਹੈਮ ਜ਼ਿਲ੍ਹੇ ਦੇ ਇੱਕ ਹੈਦਰਾਬਾਦੀ ਰੈਸਟੋਰੈਂਟ ਵਿੱਚ ਵਾਪਰੀ। ਇਹ ਘਟਨਾ ਰੈਸਟੋਰੈਂਟ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਜੋ ਹੁਣ ਵਾਇਰਲ ਹੋ ਰਹੀ ਹੈ।
ਸੀਸੀਟੀਵੀ ਕੈਮਰੇ ਦੀ ਫੁਟੇਜ ਵਿੱਚ ਸ਼੍ਰੀਰਾਮ ਅੰਬਰਲਾ ਨਾਂ ਦਾ ਵਿਅਕਤੀ ਲੜਕੀ ਦਾ ਸਿਰ ਫੜ ਕੇ, ਚਾਕੂ ਕੱਢਦਾ ਅਤੇ ਹੇਠਾਂ ਡਿੱਗਣ ਤੱਕ ਉਸ ਨੂੰ ਚਾਕੂ ਮਾਰਦਾ ਦੇਖਿਆ ਜਾ ਸਕਦਾ ਹੈ। ਵੀਡੀਓ ‘ਚ ਉਹ ਸਟਾਫ ਨੂੰ ਧਮਕਾਉਂਦਾ ਵੀ ਨਜ਼ਰ ਆ ਰਿਹਾ ਹੈ, ਜੋ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਲੜਕੀ ਨੂੰ ਲਗਾਤਾਰ ਚਾਕੂ ਮਾਰ ਰਿਹਾ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸ਼੍ਰੀਰਾਮ ਇੱਥੇ ਗਾਹਕ ਬਣ ਕੇ ਗਿਆ ਸੀ। ਸੋਨਾ ਖਾਣਾ ਪਰੋਸ ਰਹੀ ਸੀ, ਜਦੋਂ ਉਸ ਨੇ ਚਾਕੂ ਕੱਢ ਕੇ ਉਸ ‘ਤੇ ਹਮਲਾ ਕਰ ਦਿੱਤਾ। ਉਸ ਨੇ ਰੈਸਟੋਰੈਂਟ ਦੇ ਸਟਾਫ਼ ਅਤੇ ਗਾਹਕਾਂ ਨੂੰ ਰੁਕਾਵਟ ਨਾ ਪਾਉਣ ਦੀ ਧਮਕੀ ਵੀ ਦਿੱਤੀ। ਚਾਕੂ ਨਾਲ ਬੁਰੀ ਤਰ੍ਹਾਂ ਜ਼ਖਮੀ ਹੋਈ ਸੋਨਾ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਪਰ ਸਥਿਰ ਬਣੀ ਹੋਈ ਹੈ।
ਦੋਸ਼ੀ, ਜਿਸ ਦਾ ਲੰਡਨ ਵਿੱਚ ਕੋਈ ਪੱਕਾ ਪਤਾ ਨਹੀਂ ਹੈ, ਸੋਮਵਾਰ ਨੂੰ ਮੈਟਰੋਪੋਲੀਟਨ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਹੋਇਆ। ਜਿੱਥੋਂ ਅਦਾਲਤ ਨੇ ਮੁਲਜ਼ਮ ਨੂੰ ਅਗਲੀ ਪੇਸ਼ੀ 25 ਅਪ੍ਰੈਲ ਤੱਕ ਦੇ ਲਈ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਪੁਲਿਸ ਅਜੇ ਤੱਕ ਹਮਲੇ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਉਣ ਵਿੱਚ ਅਸਫਲ ਰਹੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ, ਕਿ ਜਿਨ੍ਹਾਂ ਕੋਲ ਇਸ ਸਬੰਧੀ ਜਾਣਕਾਰੀ ਹੈ, ਉਹ ਚੈਰਿਟੀ ‘ਕ੍ਰਾਈਮਸਟੌਪਰਸ’ ਨਾਲ ਸੰਪਰਕ ਕਰਨ। ਯੂਨੀਵਰਸਿਟੀ ਆਫ ਈਸਟ ਲੰਡਨ, ਜਿੱਥੇ ਪੀੜਤਾ ਪੜ੍ਹ ਰਹੀ ਹੈ, ਨੇ ਕਿਹਾ ਕਿ ਉਹ ਪੁਲਿਸ ਨਾਲ ਸਹਿਯੋਗ ਕਰ ਰਹੀ ਹੈ।
ਯੂਨੀਵਰਸਿਟੀ ਆਫ ਈਸਟ ਲੰਡਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਯੂਨੀਵਰਸਿਟੀ ਆਫ ਈਸਟ ਲੰਡਨ ਨੂੰ 25 ਮਾਰਚ ਨੂੰ ਈਸਟ ਹੈਮ ਦੇ ਹੈਦਰਾਬਾਦ ਵਾਲਾ ਰੈਸਟੋਰੈਂਟ ਵਿੱਚ ਇੱਕ ਵਿਦਿਆਰਥੀ ਨਾਲ ਵਾਪਰੀ ਘਟਨਾ ਤੋਂ ਜਾਣੂ ਹੈ। ਅਸੀਂ ਇਸ ਵਿੱਚ ਸ਼ਾਮਿਲ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰ ਰਹੇ ਹਾਂ ਅਤੇ ਘਟਨਾ ਦੀ ਜਾਂਚ ਕਰ ਰਹੀ ਮੈਟਰੋਪੋਲੀਟਨ ਪੁਲਿਸ ਨਾਲ ਸਹਿਯੋਗ ਕਰ ਰਹੇ ਹਾਂ।”