ਇਸਲਾਮਾਬਾਦ : ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦਾ ਕਹਿਣਾ ਹੈ ਕਿ ਕਸ਼ਮੀਰ ਮੁੱਦੇ 'ਤੇ ਕਦੇ ਕਈ ਸਮਝੌਤਾ ਨਹੀਂ ਕੀਤਾ ਜਾਵੇਗਾ। ਸੋਮਵਾਰ ਨੂੰ ਬਾਜਵਾ ਮੁਜ਼ਫਰਾਬਾਦ ਦੇ ਮਿਲਟਰੀ ਹਸਪਤਾਲ ਪਹੁੰਚੇ ਸਨ। ਇੱਥੇ ਉਹਨਾਂ ਨੇ ਕਿਹਾ, ''ਅਸੀਂ ਆਪਣੀ ਮਾਤਭੂਮੀ ਦੀ ਰੱਖਿਆ ਦੇ ਲਈ ਕਿਸੇ ਵੀ ਹਮਲੇ ਨੂੰ ਅਸਫਲ ਕਰਨ ਵਿਚ ਸਮੱਰਥ ਹਾਂ। ਨਾਲ ਹੀ ਅਜਿਹੀ ਸਥਿਤੀ ਲਈ ਪੂਰੀ ਤਰ੍ਹਾਂ ਤਿਆਰ ਹਾਂ।'' ਬਾਜਵਾ ਨੇ ਕੰਟਰੋਲ ਰੇਖਾ ਅਤੇ ਮਕਬੂਜ਼ਾ ਕਸ਼ਮੀਰ ਦੀ ਰਾਜਧਾਨੀ ਮੁਜ਼ਫਰਾਬਾਦ ਵਿਚ ਜਵਾਨਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਅਸੀਂ ਕਸ਼ਮੀਰ ਮੁੱਦੇ ਨੂੰ ਲੈਕੇ ਸ਼ਾਂਤੀ ਚਾਹੁੰਦੇ ਹਾਂ ਪਰ ਇਸ ਨੂੰ ਸਾਡੀ ਕਮਜੋਰੀ ਨਾ ਸਮਝਿਆ ਜਾਵੇ। ਉੱਥੇ ਰੂਸ ਦਾ ਕਹਿਣਾ ਹੈ ਕਿ ਕਸ਼ਮੀਰ ਮੁੱਦੇ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ (ਯੂ.ਐੱਨ.ਐੱਸ.ਸੀ.) ਵਿਚ ਚੁੱਕਣ ਵਿਚ ਉਸ ਦੀ ਕੋਈ ਦਿਲਚਸਪੀ ਨਹੀਂ ਹੈ। ਰੂਸ ਦੇ ਉਪ ਰਾਜਦੂਤ ਰੋਮਨ ਬਾਬੁਸ਼ਕਿਨ ਨੇ ਸੋਮਵਾਰ ਨੂੰ ਕਿਹਾ ਕਿ ਕਸ਼ਮੀਰ ਮੁੱਦੇ ਨੂੰ ਲੈ ਕੇ ਸਾਡੀ ਸਥਿਤੀ ਬਿਲਕੁਲ ਸਾਫ ਹੈ। ਸ਼ਿਮਲਾ ਸਮਝੌਤਾ ਅਤੇ ਲਾਹੌਰ ਘੋਸ਼ਣਾ ਪੱਤਰ ਦੇ ਮੁਤਾਬਕ ਭਾਰਤ ਅਤੇ ਪਾਕਿਸਤਾਨ ਨੂੰ ਆਪਣੇ ਕਿਸੇ ਵੀ ਮੁੱਦੇ ਨੂੰ ਦੋ-ਪੱਖੀ ਆਧਾਰ 'ਤੇ ਹੱਲ ਕਰਨਾ ਚਾਹੀਦਾ ਹੈ। ਹਾਲ ਹੀ ਵਿਚ ਚੀਨ ਨੇ ਸੰਯੁਕਤ ਰਾਸ਼ਟਰ ਦੀ ਬੈਠਕ ਵਿਚ ਕਸ਼ਮੀਰ ਮਾਮਲੇ 'ਤੇ ਬੈਠਕ ਬੁਲਾਉਣ ਦਾ ਪ੍ਰਸਤਾਵ ਦਿੱਤਾ ਸੀ। ਭਾਵੇਂਕਿ ਅਮਰੀਕਾ, ਫਰਾਂਸ, ਬ੍ਰਿਟੇਨ ਅਤੇ ਰੂਸ ਨੇ ਚੀਨ ਦੀ ਇਸ ਕੋਸ਼ਿਸ਼ ਨੂੰ ਸਵੀਕਾਰ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ 5 ਅਗਸਤ ਨੂੰ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਹਟਾਉਣ ਦੇ ਬਾਅਦ ਤੋਂ ਹੀ ਪਾਕਿਸਤਾਨ ਬੌਖਲਾਇਆ ਹੋਇਆ ਹੈ। ਉਦੋਂ ਤੋਂ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਬਹੁਤ ਵੱਧ ਗਿਆ ਹੈ।