ਕੰਧਾਰ : ਲਗਭਗ 20 ਸਾਲ ਪਹਿਲਾਂ ਭਾਰਤੀ ਜਹਾਜ਼ IC-814 ਨੂੰ ਹਾਈਜੈਕ ਕਰਨ ਵਾਲੇ ਅੱਤਵਾਦੀਆਂ ਵਿੱਚੋਂ ਇੱਕ ਅੱਤਵਾਦੀ ਜ਼ਹੂਰ ਮਿਸਤਰੀ ਉਰਫ ਜਾਹਿਦ ਅਖੁੰਦ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ।
ਅੱਤਵਾਦੀ ਜ਼ਹੂਰ ਮਿਸਤਰੀ ਉਰਫ਼ ਜਾਹਿਦ ਅਖੁੰਦ ਦੀ ਮੌਤ ਦੇ ਨਾਲ ਹੀ ਲੰਮੇ ਸਮੇਂ ਤੋਂ ਇਨਸਾਫ ਦੀ ਰਾਹ ਵੇਖ ਰਹੇ ਰੁਪਿਨ ਕਾਤਿਆਲ ਦੇ ਪਰਿਵਾਰ ਨੂੰ ਅਖੀਰ ਇਨਸਾਫ ਮਿਲ ਗਿਆ।
ਦਰਅਸਲ 25 ਸਾਲ ਪਹਿਲਾਂ 25 ਦਸੰਬਰ 1999 ਨੂੰ ਹਨੀਮੂਨ ਮਨਾ ਕੇ ਕਾਠਮਾਂਡੂ ਤੋਂ ਵਾਪਿਸ ਦਿੱਲੀ ਪਰਤ ਰਹੇ ਇੱਕ ਯਾਤਰੀ ਰੂਪਿਨਕਾਤਿਆਲ ਦਾ ਜ਼ਹੂਰ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ।
ਇਹੀ ਨਹੀਂ ਅੱਤਵਾਦੀ ਨੇ ਕਤਲ ਤੋਂ ਬਾਅਦ ਉਸ ਦੀ ਲਾਸ਼ ਨੂੰ ਯੂ.ਏ.ਈ. ਵਿੱਚ ਜਹਾਜ਼ ਤੋਂ ਬਾਹਰ ਸੁੱਟ ਦਿੱਤਾ ਸੀ। ਉਸ ਵੇਲੇ ਰੂਪਿਨ ਦੀ ਪਤਨੀ ਵੀ ਨਾਲ ਸੀ। ਇਸ ਦੌਰਾਨ ਹਵਾਈ ਜਹਾਜ਼ ਨੂੰ ਹਾਈਜੈਕ ਕਰ ਲਿਆ ਗਿਆ ਸੀ।
ਰਿਪੋਰਟਾਂ ਮੁਤਾਬਕ ਅੱਤਵਾਦੀ ਜ਼ਹੂਰ ਮਿਸਤਰੀ ਦਾ ਕਤਲ ਪਾਕਿਸਤਾਨ ਦੇ ਕਰਾਚੀ ਵਿੱਚ ਗੋਲੀ ਮਾਰ ਕੇ ਕੀਤਾ ਗਿਆ ਹੈ। ਇੱਕ ਮਾਰਚ ਨੂੰ ਦੋ ਬਾਈਕ ਸਵਾਰ ਹਮਲਾਵਰਾਂ ਨੇ ਟਾਰਗੇਟ ਦੇ ਤਹਿਤ ਮਿਸਤਰੀ ਦੇ ਘਰ ਵਿੱਚ ਜਾ ਕੇ ਉਸ ਨੂੰ ਗੋਲੀ ਮਾਰ ਦਿੱਤੀ।
ਮਿਲੀ ਜਾਣਕਾਰੀ ਮੁਤਾਬਕ ਇਹ ਪੂਰੀ ਘਟਨਾ ਕੋਲ ਹੀ ਲੱਗੇ ਇੱਕ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਹਾਲਾਂਕਿ ਬਾਈਕਸਵਾਰ ਲੋਕਾਂ ਦੇ ਚਿਹਰੇ ਢਕੇ ਹੋਏ ਸਨ। ਇਹੀ ਕਾਰਨ ਹੈ ਕਿ ਹੁਣ ਤੱਕ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ।
ਦੱਸ ਦੇਈਏ ਕਿ ਇਸ ਹਾਈਜੈਕ ਨੂੰ ਅੰਜਾਮ ਦੇਣ ਵਾਲੇ ਪੰਜ ਵਿੱਚੋਂ ਸਿਰਫ ਦੋ ਅੱਤਵਾਦੀ ਜਿਊਂਦੇ ਬਚੇ ਹਨ। ਇਹ ਦੋਵੇਂ ਫਿਲਹਾਲ ਪਾਕਿਸਤਾਨ ਵਿੱਚ ਹਨ ਤੇ ਵੱਡੇ ਅੱਤਵਾਦੀ ਸੰਗਠਨ ਦੇ ਸਰਗਣਾ ਹਨ।
ਦੂਜੇ ਪਾਸੇ ਇਸ ਕਤਲ ਨੇ ਪੂਰੇ ਜੈਸ਼ ਦੇ ਅੱਤਵਾਦੀਆਂ ਵਿੱਚ ਭਾਜੜਾਂ ਮਚਾ ਦਿੱਤੀਆਂ ਹਨ। ਖੁਫੀਆ ਏਜੰਸੀ ISIS ਵੀ ਇਸ ਕਤਲਕਾਂਡ ਤੋਂ ਹੈਰਾਨ ਹੈ।
ਪਾਕਿਸਤਾਨ ਮੀਡੀਆ ਮੁਤਾਬਕ ਇਸ ਮਾਮਲੇ ਦੀ ਕੋਈ ਕਵਰੇਜ ਨਹੀਂ ਹੋਈ ਹੈ। ਪਾਕਿਸਤਾਨ ਦੇ ਇੱਕ ਟੀਵੀ ਨੇ ਇਸ ਕਤਲ ਦੀ ਰਿਪੋਰਟਿੰਗ ਤਾਂ ਕੀਤੀ ਪਰ ਅੱਤਵਾਦੀ ਦਾ ਨਾਂ ਬਦਲ ਦਿੱਤਾ।
ਦਰਅਸਲ ਜੈਸ਼ ਦੇ ਅੱਤਵਾਦੀਆਂ ਨੇ ਤਿੰਨ ਅੱਤਵਾਦੀਆਂ ਦੀ ਰਿਹਾਈ ਲਈ 178 ਯਾਤਰੀਆਂ ਦੀ ਜਾਨ ਦਾ ਸੌਦਾ ਕੀਤਾ ਸੀ। ਭਾਰਤ ਸਰਕਾਰ ਨੇ ਯਾਤਰੀਆਂ ਨੂੰ ਬਚਾਉਣ ਲਈ ਤਿੰਨਾਂ ਅੱਤਵਾਦੀਆਂ ਨੂੰ ਛੱਡ ਦਿੱਤਾ ਸੀ ਪਰ ਅੱਤਵਾਦੀਆਂ ਨੇ ਰੁਪਿਨ ਕਤਿਆਲ ਦਾ ਕਤਲ ਕਰ ਦਿੱਤਾ ਸੀ।