ਸੰਯੁਕਤ ਰਾਸ਼ਟਰ : ਭਾਰਤ ਨੇ 193 ਮੈਂਬਰੀ ਸੰਯੁਕਤ ਰਾਸ਼ਟਰ ਮਹਾਸਭਾ (UNGA) ’ਚ ਯੂਕਰੇਨ (Ukraine) ਵਿਰੁੱਧ ਰੂਸ (Russia) ਦੇ ਹਮਲੇ ਦੀ ਸਖ਼ਤ ਨਿੰਦਾ ਕਰਨ ਵਾਲੇ ਮਤੇ ’ਤੇ ਵੋਟਿੰਗ (Voting) ’ਚ ਹਿੱਸਾ ਨਹੀਂ ਲਿਆ।
ਮਹਾਸਭਾ ਨੇ ਬੁੱਧਵਾਰ ਨੂੰ ਆਪਣੀਆਂ ਕੌਮਾਂਤਰੀ ਪੱਧਰ ’ਤੇ ਮਾਨਤਾ ਪ੍ਰਾਪਤ ਸਰਹੱਦਾਂ ਅੰਦਰ ਯੂਕਰੇਨ ਦੀ ਖ਼ੁਦਮਖਤਿਆਰੀ, ਆਜ਼ਾਦੀ, ਏਕਤਾ ਤੇ ਖੇਤਰੀ ਅਖੰਡਤਾ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਨ ਲਈ ਵੋਟਿੰਗ ਕੀਤੀ ਤੇ ਯੂਕਰੇਨ (Ukraine) ’ਤੇ ਰੂਸ (Russia) ਵੱਲੋਂ ਕੀਤੇ ਗਏ ਹਮਲੇ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ।
ਅਮਰੀਕਾ (America), ਬਰਤਾਨੀਆ, ਜਰਮਨੀ ਤੇ ਫਰਾਂਸ (France) ਸਮੇਤ ਕਰੀਬ 100 ਮੈਂਬਰ ਦੇਸ਼ਾਂ ਨੇ ‘ਯੂਕਰੇਨ (Ukraine) ਵਿਰੁੱਧ ਹਮਲਾ’ ਨਾਂ ਦੇ ਮਤੇ ਨੂੰ ਪੇਸ਼ ਕੀਤਾ। ਕੁੱਲ 141 ਮੈਂਬਰਾਂ ਨੇ ਮਤੇ ਦੇ ਹੱਕ ’ਚ ਵੋਟਾਂ ਪਾਈਆਂ ਜਦਕਿ ਪੰਜ ਨੇ ਇਸ ਦਾ ਵਿਰੋਧ ਕੀਤਾ।
ਭਾਰਤ (India) ਉਨ੍ਹਾਂ 35 ਦੇਸ਼ਾਂ ’ਚ ਸ਼ਾਮਲ ਹੈ ਜਿਨ੍ਹਾਂ ਨੇ ਵੋਟਿੰਗ ਤੋਂ ਪਰਹੇਜ਼ ਕੀਤਾ। ਸੰਯੁਕਤ ਰਾਸ਼ਟਰ ਦਾ ਮਤਾ ਪਿਛਲੇ ਸ਼ੁੱਕਰਵਾਰ ਨੂੰ 15 ਦੇਸ਼ਾਂ ਦੀ ਸੁਰੱਖਿਆ ਪ੍ਰੀਸ਼ਦ ’ਚ ਪਾਸ ਕੀਤੇ ਗਏ ਮਤੇ ਵਰਗਾ ਸੀ।