ਜੇਨੇਵਾ : ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਨੇ ਕਿਹਾ ਹੈ ਕਿ ਯੁੱਧ ਕਾਰਨ ਗੁਆਂਢੀ ਦੇਸ਼ਾਂ ’ਚ ਪਹੁੰਚ ਰਹੇ ਨਾਗਰਿਕਾਂ ਦੀ ਗਿਣਤੀ 3, 68, 000 ਹੋ ਗਈ ਹੈ।
ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀ ਹਾਈ ਕਮਿਸ਼ਨਰ ਵੱਲੋਂ ਐਤਵਾਰ ਨੂੰ ਦੱਸਿਆ ਗਿਆ ਕਿ ਸ਼ਰਨਾਰਥੀਆਂ (refugees) ਦੀ ਗਿਣਤੀ ਸ਼ਨੀਵਾਰ ਦੇ ਅੰਦਾਜ਼ੇ ਦੀ ਤੁਲਨਾ ’ਚ ਦੁੱਗਣੀ ਤੋਂ ਵੀ ਵੱਧ ਹੈ।
ਸ਼ਨੀਵਾਰ ਨੂੰ ਏਜੰਸੀ ਨੇ ਅੰਦਾਜ਼ਾ ਲਗਾਇਆ ਸੀ ਕਿ ਯੂਕ੍ਰੇਨ ਦੇ ਘੱਟੋ-ਘੱਟ 1, 50, 000 ਨਾਗਰਿਕ ਭੱਜ ਕੇ ਪੋਲੈਂਡ (Poland), ਹੰਗਰੀ ਅਤੇ ਰੋਮਾਨੀਆ (Romania) ਸਮੇਤ ਹੋਰ ਦੇਸ਼ਾਂ ’ਚ ਚਲੇ ਗਏ ਹਨ।
ਬੁਲਾਰੇ ਕ੍ਰਿਸ ਮੀਜ਼ਰ ਨੇ ਟਵਿੱਟਰ ’ਤੇ ਕਿਹਾ ਕਿ ਪੋਲੈਂਡ-ਯੂਕ੍ਰੇਨ ਕ੍ਰਾਸਿੰਗ ’ਤੇ ਵਾਹਨਾਂ ਦੀ 14 ਕਿਲੋਮੀਟਰ ਲੰਬੀ ਲਾਈਨ ਦੇਖੀ ਗਈ।
ਯੂਕ੍ਰੇਨ (Ukraine) ਤੋਂ ਭੱਜਣ ਵਾਲਿਆਂ ’ਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ, ਜਿਨ੍ਹਾਂ ਨੂੰ ਰਾਤ ਭਰ ਠੰਡੇ ਤਾਪਮਾਨ ’ਚ ਲੰਬੀ ਉਡੀਕ ਕਰਨੀ ਪਈ।
ਪੋਲੈਂਡ ਦੀ ਸਰਕਾਰ (Poland Government) ਨੇ ਸ਼ਨੀਵਾਰ ਕਿਹਾ ਕਿ ਯੂਕ੍ਰੇਨ ਦੇ ਇਕ ਲੱਖ ਤੋਂ ਵੱਧ ਲੋਕਾਂ ਨੇ ਪਿਛਲੇ 48 ਘੰਟਿਆਂ ’ਚ ਪੋਲੈਂਡ-ਯੂਕ੍ਰੇਨ (Poland-Ukraine) ਸਰਹੱਦ ਪਾਰ ਕੀਤੀ ਹੈ।