ਚੰਡੀਗੜ੍ਹ : ਸਿਟੀ ਬਿਊਟੀਫਲ ਚੰਡੀਗੜ੍ਹ ਵਿਚ ਕੁੱਝ ਅਜਿਹਾ ਹੋਣ ਜਾ ਰਿਹਾ ਹੈ ਜੋ ਪਿਛਲੇ 68 ਸਾਲਾਂ ਵਿਚ ਨਹੀਂ ਹੋ ਪਾਇਆ। ਦਰਅਸਲ ਜਦੋਂ ਫਰਾਂਸ ਦੇ ਇੰਜੀਨਿਅਰ ਲੀ ਕਾਰਬੂਜ਼ੀਏ ਨੇ 68 ਸਾਲ ਪਹਿਲਾਂ ਚੰਡੀਗੜ੍ਹ ਦਾ ਨਕਸ਼ਾ ਤਿਆਰ ਕੀਤਾ ਸੀ ਤਾਂ ਉਸ ਵੇਲੇ 'ਸੈਕਟਰ 13' ਨੂੰ ਮਨਫੀ ਕਰ ਦਿੱਤਾ ਗਿਆ ਸੀ ਕਿਉਂਕਿ ਸ਼ਾਇਦ '13 ਨੰਬਰ' ਨੂੰ ਬਦਸ਼ਗਨਾ ਮੰਨਿਆ ਜਾਂਦਾ ਸੀ ਪਰ ਹੁਣ ਪੂਰੇ 68 ਸਾਲਾਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਇੱਥੇ 'ਸੈਕਟਰ 13' ਬਣਾਉਣ ਦਾ ਫ਼ੈਸਲਾ ਕੀਤਾ ਹੈ। ਇਸ ਤਜਵੀਜ਼ ਮੁਤਾਬਕ ਮਨੀਮਾਜਰਾ ਨੂੰ 'ਸੈਕਟਰ 13' ਦਾ ਰੂਪ ਦਿੱਤਾ ਜਾਵੇਗਾ।
ਚੰਡੀਗੜ੍ਹ ਪ੍ਰਸ਼ਾਸਨ ਨੇ ਸਾਰੰਗਪੁਰ, ਧਨਾਸ, ਮਲੋਆ, ਡੱਡੂਮਾਜਰਾ, ਮਨੀਮਾਜਰਾ ਦਾ ਨਾਮ ਤਬਦੀਲ ਕਰਨ ਦਾ ਫ਼ੈਸਲਾ ਕੀਤਾ ਹੈ। ਪ੍ਰਸ਼ਾਸਨ ਵੱਲੋਂ 16 ਦਸੰਬਰ ਤੱਕ ਲੋਕਾਂ ਦੇ ਸੁਝਾਅ ਮੰਗੇ ਗਏ ਹਨ। ਸੂਤਰਾਂ ਮੁਤਾਬਕ ਮਨੀਮਾਜਰਾ ਨੂੰ 'ਸੈਕਟਰ 13' ਐਲਾਨਣ ਦਾ ਫ਼ੈਸਲਾ ਲਿਆ ਗਿਆ ਹੈ। ਕਿਉਂਕਿ ਚੰਡੀਗੜ੍ਹ ਵਿਚ 'ਸੈਕਟਰ 13' ਨਹੀਂ ਹੈ। ਇਸੇ ਤਰ੍ਹਾਂ ਸਾਰੰਗਪੁਰ ਇੰਸਟੀਚਿਊਟ ਏਰੀਆ ਨੂੰ ਸੈਕਟਰ 12 ਵੈਸਟ, ਧਨਾਸ ਮਿਲਕ ਕਾਲੋਨੀ, ਪਰਵਾਸੀ ਕਲੌਨੀ ਨੂੰ ਸੈਕਟਰ 56 ਵੈਸਟ ਜਦਕਿ ਇੰਡਸਟਰੀਅਲ ਏਰੀਆ-1 ਨੂੰ ਬਿਜ਼ਨੈੱਸ ਐਂਡ ਇੰਡਸਟਰੀਅਲ ਪਾਰਕ-1 ਇੰਡਸਟਰੀਅਲ ਏਰੀਆ-2 ਨੂੰ ਬਿਜ਼ਨੈੱਸ ਐਂਡ ਇੰਡਸਟਰੀਅਲ ਪਾਰਕ-2 ਨਾਮ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।ਇਸ ਸਬੰਧੀ ਪ੍ਰਸ਼ਾਸਨ ਦੇ ਸਲਾਹਕਾਰ ਨੇ 16 ਦਸੰਬਰ ਤੱਕ ਲੋਕਾਂ ਦੇ ਸੁਝਾਅ ਮੰਗੇ ਹਨ, ਜਦਕਿ ਹੋਰ ਸਹੂਲਤਾਂ ਇਨ੍ਹਾਂ ਨੂੰ ਪਿੰਡ ਵਾਲੀਆਂ ਹੀ ਮਿਲਣਗੀਆਂ।