ਨਵੀਂ ਦਿੱਲੀ: ਦੇਸ਼ ਦੁਨੀਆਂ ਵਿਚ ਸਮੇਂ-ਸਮੇਂ ‘ਤੇ ਧਾਰਮਿਕ ਏਕਤਾ ਦੀਆਂ ਮਿਸਾਲਾਂ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ। ਹਰ ਨਵੀਂ ਮਿਸਾਲ ਸਿੱਖਾਂ ਦੇ ਦਿਲਾਂ ਨੂੰ ਖੁਸ਼ ਕਰ ਦਿੰਦੀ ਹੈ। ਅਜਿਹੀ ਹੀ ਇਕ ਨਵੀਂ ਮਿਸਾਲ ਪਾਕਿਸਤਾਨ ਦੇ ਇਕ ਪਿੰਡ ਵਿਚ ਦੇਖਣ ਨੂੰ ਮਿਲੀ ਹੈ। ਬਾਬੇ ਨਾਨਕ ਦੇ ਸਿੱਖ ਪੂਰੀ ਦੁਨੀਆਂ ਵਿਚ ਫੈਲੇ ਹੋਏ ਹਨ ਅਤੇ ਗੁਰੂ ਸਾਹਿਬ ਦੇ ਸਿੱਖ ਦੁਨੀਆਂ ਭਰ ਵਿਚ ਉਹਨਾਂ ਦੀਆਂ ਸਿੱਖਿਆਵਾਂ ‘ਤੇ ਅਮਲ ਕਰ ਰਹੇ ਹਨ। ਪਾਕਿਸਤਾਨ ਦੇ ਸਿੰਧ ਸੂਬੇ ਵਿਚ ਇਕ ਗੁਰਦੁਆਰਾ ਦੇਸ਼ ਦੀ ਵੰਡ ਦੇ ਸਮੇਂ ਤੋਂ ਬੰਦ ਪਿਆ ਸੀ। ਪਰ ਹੁਣ ਇਸ ਗੁਰਦੁਆਰਾ ਸਾਹਿਬ ਦੀ ਸੂਰਤ ਬਦਲ ਗਈ ਹੈ। ਇਸ ਦੇ ਨਾਲ ਹੀ ਇੱਥੇ ਇਕ ਭਗਵਦ ਗੀਤਾ ਰੱਖੀ ਗਈ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਾਕਿਸਤਾਨ ਹਿੰਦੂ ਕਾਂਊਸਲ ਦੇ ਮੈਂਬਰ ਦੇਵਾ ਸਿਕੰਦਰ ਕਹਿੰਦੇ ਹਨ, ਸੁਕੂਰ ਜ਼ਿਲ੍ਹੇ ਦੇ ਜਨੋਜੀ ਪਿੰਡ ਵਿਚ ਭਾਰਤ-ਪਾਕਿਸਤਾਨ ਵੰਡ ਦੇ ਸਮੇਂ ਤੋਂ ਇਹ ਗੁਰਦੁਆਰਆ ਬੰਦ ਪਿਆ ਸੀ ਪਰ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇਸ ਨੂੰ ਫਿਰ ਤੋਂ ਖੋਲਿਆ ਗਿਆ ਹੈ। ਇਹ ਉਪਰਾਲਾ ਹਿੰਦੂ ਅਤੇ ਮੁਸਲਿਮ ਭਾਈਚਾਰੇ ਵੱਲੋਂ ਮਿਲ ਕੇ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਗੁਰਦੁਆਰਾ ਬਾਬਾ ਨਾਨਕ ਵਿਚ 1 ਸਾਲ ਮੁਰੰਮਤ ਦਾ ਕੰਮ ਚੱਲਿਆ। ਇਹ ਪੂਰਾ ਕੰਮ ਨਾਨਕ ਨਾਮ ਲੇਵਾ ਸੰਗਤਾਂ ਦੀ ਸੇਵਾ ਨਾਲ ਹੋਇਆ। ਗੁਰਦੁਆਰਾ ਸਾਹਿਬ ਦੇ 2 ਕਮਰਿਆਂ ਲਈ ਲਗਭਗ 6 ਲੱਖ ਦਾ ਖਰਚਾ ਆਇਆ ਅਤੇ ਖ਼ਾਸ ਗੱਲ਼ ਇਹ ਹੈ ਕਿ ਇਸ ਗੁਰਦੁਆਰੇ ਦੀ ਮੁਰੰਮਤ ਲਈ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਵੀ ਪੈਸੇ ਦਿੱਤੇ ਹਨ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇੱਥੇ ਕੋਈ ਵੀ ਸਿੱਖ ਨਹੀਂ ਹੈ। ਇਹ ਪੂਰਾ ਕੰਮ ਹਿੰਦੂ ਅਚੇ ਮੁਸਲਿਮ ਭਾਈਚਾਰੇ ਦੇ ਲੋਕ ਮਿਲ ਕੇ ਕਰਦੇ ਹਨ। ਸਥਾਨਕ ਮੁਸਲਮਾਨਾਂ ਦੇ ਪਿੰਡ ਦੇ ਲੋਕ ਲੰਗਰ ਤਿਆਰ ਕਰਦੇ ਹਨ ਅਤੇ ਗੁਰਦੁਆਰਾ ਸਾਹਿਬ ਦੀ ਸੰਭਾਲ ਕਰਦੇ ਹਨ। ਇਸ ਅਸਥਾਨ ‘ਤੇ ਹਮੇਸ਼ਾਂ ਹੀ ਇਕ ਸੇਵਾਦਾਰ ਰਹਿੰਦਾ ਹੈ ਅਤੇ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਨੂੰ ਚੰਗੀ ਤਰ੍ਹਾਂ ਨਿਭਾਇਆ ਜਾਂਦਾ ਹੈ। ਪਾਕਿਸਤਾਨ ਪੀਪਲਜ਼ ਪਾਰਟੀ ਦੇ ਆਗੂ ਸਈਦ ਖੁਰਸ਼ੀਦ ਅਹਿਮਦ ਸ਼ਾਹ ਜੋ ਕਿ ਸੁਕੂਰ ਦੇ ਹੀ ਰਹਿਣ ਵਾਲੇ ਹਨ, ਉਹਨਾਂ ਨੇ ਵੀ ਗੁਰਦੁਆਰੇ ਲਈ 2 ਲੱਖ ਰੁਪਏ ਦਾਨ ਕੀਤਾ ਹਨ। ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿਚ, ਜਿਥੇ ਹਿੰਦੂਆਂ ਦੀ ਸਭ ਤੋਂ ਵੱਧ ਆਬਾਦੀ ਹੈ, ਲੋਕ ਨਾਨਕਪੰਥੀ ਸਭਿਆਚਾਰ ਨੂੰ ਮੰਨਦੇ ਹਨ ਅਤੇ ਹਿੰਦੂ ਹੋਣ ਦੇ ਬਾਵਜੂਦ ਵੀ ਨਾਨਕ ਦੇ ਪੈਰੋਕਾਰ ਹਨ।