ਮਹੋਬਾ : ਮਹੋਬਾ ਜ਼ਿਲੇ 'ਚ ਬਰਾਤ ਲੈ ਕੇ ਜਾ ਰਿਹਾ ਲਾੜਾ ਅਚਾਨਕ ਭੁੱਖ ਹੜਤਾਲ 'ਤੇ ਬੈਠ ਗਿਆ। ਇਹ ਨਜ਼ਾਰਾ ਦੇਖ ਕੇ ਬਰਾਤੀ ਅਤੇ ਸੜਕ 'ਤੇ ਜਾ ਰਹੇ ਲੋਕ ਹੈਰਾਨ ਰਹਿ ਗਏ। ਤੁਹਾਨੂੰ ਵੀ ਇਹ ਸੁਣ ਕੇ ਹੈਰਾਨੀ ਹੋਵੇਗੀ ਕਿ ਅਜਿਹਾ ਨਜ਼ਾਰਾ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਸ਼ਹਿਰ ਦੇ ਆਲਹਾ ਚੌਂਕ 'ਚ ਮੈਡੀਕਲ ਕਾਲਜ ਦੀ ਮੰਗ ਨੂੰ ਲੈ ਕੇ ਚੱਲ ਰਹੇ ਭੁੱਖ ਹੜਤਾਲ ਦੌਰਾਨ ਸੜਕ ਤੋਂ ਬਰਾਤ ਲੰਘੀ ਤਾਂ ਲਾੜਾ ਘੋੜੇ ਤੋਂ ਉਤਰ ਕੇ ਭੁੱਖ ਹੜਤਾਲ 'ਤੇ ਬੈਠ ਗਿਆ ਅਤੇ ਮੈਡੀਕਲ ਕਾਲਜ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ। ਸ਼ਹਿਰ ਦੇ ਆਲਹਾ ਚੌਕ 'ਚ ਸੱਤਿਆਮੇਵ ਜਯਤੇ ਦੇ ਪ੍ਰਦੇਸ਼ ਪ੍ਰਧਾਨ ਵਿਕਾਸ ਕੁਮਾਰ ਦੀ ਅਗਵਾਈ 'ਚ 10 ਦਿਨ ਤੋਂ ਜ਼ਿਲੇ 'ਚ ਮੈਡੀਕਲ ਕਾਲਜ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਚੱਲ ਰਹੀ ਹੈ। ਐਤਵਾਰ ਦੀ ਦੇਰ ਸ਼ਾਮ ਅੱਧਾ ਦਰਜਨ ਤੋਂ ਜ਼ਿਆਦਾ ਅਹੁਦੇਦਾਰ ਭੁੱਖ ਹੜਤਾਲ 'ਤੇ ਬੈਠੇ ਸਨ। ਉਦੋਂ ਹੀ ਗ੍ਰਾਮ ਕੁਰਾਰਾ ਤੋਂ ਮਹੋਬਾ ਆਈ ਬਰਾਤ 'ਚ ਸ਼ਾਮਲ ਬਰਾਤੀ ਬੈਂਡ ਬਾਜੇ ਦੀ ਆਵਾਜ਼ 'ਤੇ ਨੱਚਦੇ ਆ ਰਹੇ ਸੀ। ਜਿਵੇਂ ਹੀ ਲਾੜੇ ਅਰਵਿੰਦ ਦੀ ਨਜ਼ਰ ਮੈਡੀਕਲ ਕਾਲਜ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਦੇ ਬੈਨਰ ਤੇ ਭੁੱਖ ਹੜਤਾਲ ਕਰ ਰਹੇ ਲੋਕਾਂ 'ਤੇ ਰਈ ਤਾਂ ਉਹ ਵੀ ਘੋੜੇ ਤੋਂ ਉਤਰ ਕੇ ਭੁੱਖ ਹੜਤਾਲ 'ਤੇ ਬੈਠ ਗਿਆ। ਇਹ ਦੇਖ ਕੇ ਸਾਰੇ ਬਰਾਤੀ ਹੈਰਾਨ ਰਹਿ ਗਏ। ਇਸ ਦੌਰਾਨ ਲਾੜੇ ਨੇ ਸ਼ਾਸਨ-ਪ੍ਰਸ਼ਾਸਨ ਨੂੰ ਜ਼ਿਲੇ 'ਚ ਮੈਡੀਕਲ ਕਾਲਜ ਖੋਲ੍ਹਣ ਦੀ ਮੰਗ ਕੀਤੀ। ਬਾਅਦ 'ਚ ਲਾੜਾ ਤੇ ਬਰਾਤ ਪੈਲੇਸ ਲਈ ਰਵਾਨਾ ਹੋ ਗਏ।