ਮੁੰਬਈ : ਐਨਫੋਰਸਮੈਂਟ ਡਾਇਰੈਕਟੋਰੇਟ ਨੇ ਗੈਂਗਸਟਰ ਇਕਬਾਲ ਮਿਰਚੀ ਅਤੇ ਹੋਰਨਾਂ ਵਿਰੁੱਧ ਕਾਲੇ ਧਨ ਨੂੰ ਚਿੱਟਾ ਕਰਨ ਦੇ ਸਬੰਧ ’ਚ ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਕਾਰੋਬਾਰੀ ਪਤੀ ਰਾਜ ਕੁੰਦਰਾ ਨੂੰ ਤਲਬ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੁੰਦਰਾ ਨੂੰ ਮਾਮਲੇ ਦੇ ਜਾਂਚ ਅਧਿਕਾਰੀ ਸਾਹਮਣੇ 4 ਨਵੰਬਰ ਨੂੰ ਇਥੇ ਪੇਸ਼ ਹੋਣ ਲਈ ਕਿਹਾ ਗਿਆ ਹੈ ਅਤੇ ਉਨ੍ਹਾਂ ਦਾ ਬਿਆਨ ਪੇਸ਼ੀ ਦੇ ਸਮੇਂ ਹੀ ਦਰਜ ਕੀਤੇ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਕਾਲੇ ਧਨ ਨੂੰ ਚਿੱਟਾ ਕਰਨ ਦੀ ਰੋਕਥਾਮ ਸਬੰਧੀ ਕਾਨੂੰਨ (ਪੀ. ਐੱਮ. ਐੱਲ. ਏ.) ਦੇ ਤਹਿਤ ਕੀਤੀ ਜਾ ਰਹੀ ਹੈ। ਕੇਂਦਰੀ ਜਾਂਚ ਏਜੰਸੀ ਮਾਮਲੇ ਦੇ ਸਬੰਧ ਵਿਚ ਰਣਜੀਤ ਬਿੰਦਰਾ ਦੀ ਕੰਪਨੀ ਬੈਸਟੀਅਨ ਹਾਸਪੀਟੈਲਿਟੀ ਦੇ ਨਾਲ ਕੁੰਦਰਾ ਦੇ ਕਥਿਤ ਸੌਦੇ ਦੀ ਜਾਂਚ ਕਰ ਰਹੀ ਹੈ।