ਚੰਡੀਗੜ੍ਹ : ਕਾਂਗਰਸ ਦੀ ਬਾਗੀ ਆਗੂ ਦਾਮਨ ਬਾਜਵਾ ਨੇ ਅੱਜ ਭਾਜਪਾ ਪੰਜਾਬ ਚੋਣ ਪ੍ਰਚਾਰ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਦੀ ਪ੍ਰੇਰਣਾ ਨਾਲ ਭਾਜਪਾ ਦਾ ਪੱਲਾ ਫੜ ਲਿਆ ਹੈ। ਇਸ ਮੌਕੇ ਦਾਮਨ ਬਾਜਵਾ ਨੇ ਕਿਹਾ ਕਿ ਸ਼ੇਖਾਵਤ ਨੇ ਉਨ੍ਹਾਂ ਨੂੰ ਭਾਜਪਾ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਉਸ ਨੇ ਕਿਹਾ ਕਿ ਸ਼ੇਖਾਵਤ ਨੇ ਦੱਸਿਆ ਕਿ ਭਾਜਪਾ ਨੂੰ ਮੇਰੇ ਵਰਗੇ ਲੋਕਾਂ ਦੀ ਲੋੜ ਹੈ, ਜੋ ਇਮਾਨਦਾਰ ਹੋਣ ਅਤੇ ਜ਼ਮੀਨੀ ਪੱਧਰ ‘ਤੇ ਕੰਮ ਕਰਨ। ਅੱਜ ਗਜੇਂਦਰ ਸ਼ੇਖਾਵਤ ਦੀ ਹਾਜ਼ਰੀ ‘ਚ ਉਨ੍ਹਾਂ ਕਈ ਵੱਡੇ ਆਗੂਆਂ ਨੂੰ ਪਾਰਟੀ ‘ਚ ਸ਼ਾਮਲ ਕਰਵਾਇਆ ਗਿਆ।
ਇਸ ਮੌਕੇ ਦਾਮਨ ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ ‘ਚ ਮੈਂ ਹਰ ਅਹੁਦਾ ਆਪਣੀ ਮਿਹਨਤ ਨਾਲ ਹਾਸਲ ਕੀਤਾ ਤੇ ਜ਼ਮੀਨੀ ਪੱਧਰ ‘ਤੇ ਕੰਮ ਕੀਤਾ ਤੇ ਮੈਨੂੰ ਉਸ ‘ਤੇ ਬੜਾ ਮਾਣ ਹੈ ਪਰ ਮੈਨੂੰ ਅਫਸੋਸ ਹੈ ਕਿ ਮੇਰੀ ਮਿਹਨਤ ਨੂੰ ਅਣਡਿੱਠ ਕਰਕੇ ਕਾਂਗਰਸ ਅੱਜ ਪਰਿਵਾਰਵਾਦ ਨੂੰ ਬੜਾਵਾ ਦੇ ਰਹੀ ਹੈ। ਕਾਂਗਰਸ ਨੇ ਕਿਸੇ ਬਾਹਰੀ ਵਿਅਕਤੀ ਨੂੰ ਟਿਕਟ ਦਿੱਤੀ, ਜੋ ਕਿ ਕਿਸੇ ਵਿਧਾਇਕ ਦਾ ਭਤੀਜਾ ਜਾਂ ਬੇਟਾ ਹੈ, ਜਿਸ ਖ਼ਿਲਾਫ਼ ਮੇਰੀ ਲੜਾਈ ਜਾਰੀ ਰਹੇਗੀ ਪਰ ਇਹ ਮੇਰੀ ਕੋਈ ਨਿੱਜੀ ਲੜਾਈ ਨਹੀਂ ਹੈ। ਮੇਰਾ ਇਕੋ-ਇਕ ਟੀਚਾ ਆਪਣੇ ਹਲਕੇ ਦਾ ਵਿਕਾਸ ਕਰਨਾ ਹੈ।