ਸ੍ਰੀਨਗਰ : ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਅੱਜ ਸੱਜਰੀ ਬਰਫ਼ਬਾਰੀ ਤੇ ਕੁਝ ਥਾਈਂ ਮੀਂਹ ਪੈਣ ਨਾਲ ਠੰਢ ਦੇ ਜ਼ੋਰ ਫੜ ਲਿਆ ਹੈ।
ਬਰਫ਼ਬਾਰੀ ਕਰਕੇ ਹੇਠਲਾ ਤਾਪਮਾਨ ਕਈ ਦਰਜੇ ਹੇਠਾਂ ਚਲਾ ਗਿਆ। ਇਸ ਦੌਰਾਨ ਪੰਜਾਬ ਤੇ ਹਰਿਆਣਾ ਦੇ ਕੁੱਝ ਖੇਤਰਾਂ ਿਵੱਚ ਅੱਜ ਵੀ ਮੀਂਹ ਪੈਂਦਾ ਰਿਹਾ। ਕਈ ਥਾਈਂ ਧੁੰਦ ਵੀ ਪਈ ਤੇ ਲੋਕ ਧੁੱਪ ਨੂੰ ਤਰਸਦੇ ਰਹੇ।
ਅਧਿਕਾਰੀਆਂ ਨੇ ਕਿਹਾ ਕਿ ਵਾਦੀ ਵਿੱਚ ਕਈ ਥਾਵਾਂ ’ਤੇ ਖਾਸ ਕਰਕੇ ਦੱਖਣੀ ਕਸ਼ਮੀਰ ਵਿੱਚ ਬੀਤੀ ਅੱਧੀ ਰਾਤ ਤੋਂ ਬਰਫ਼ ਪੈਣੀ ਸ਼ੁਰੂ ਹੋ ਗਈ ਸੀ। ਉਨ੍ਹਾਂ ਕਿਹਾ ਕਿ ਦੱਖਣੀ ਕਸ਼ਮੀਰ ਵਿੱਚ ਪਹਿਲਗਾਮ ਸੈਲਾਨੀ ਰਿਜ਼ੌਰਟ ਵਿੱਚ ਛੇ ਇੰਚ ਤੱਕ ਬਰਫਬਾਰੀ ਹੋਈ ਹੈ।
ਕੋਕਰਨਾਗ ਵਿੱਚ 4 ਇੰਚ ਜਦੋਂਕਿ ਅਨੰਤਨਾਗ ਜ਼ਿਲ੍ਹੇ ਦੇ ਹੋਰਨਾਂ ਹਿੱਸਿਆਂ ਵਿੱਚ ਵੀ 6 ਇੰਚ ਤੱਕ ਬਰਫ਼ ਪਈ ਹੈ। ਦੱਖਣੀ ਕਸ਼ਮੀਰ ਦੇ ਹੋਰਨਾਂ ਖੇਤਰਾਂ ਵਿੱਚ ਵੀ ਰਾਤ ਵੇਲੇ ਬਰਫ਼ਬਾਰੀ ਜਾਰੀ ਰਹੀ। ਅਧਿਕਾਰੀਆਂ ਮੁਤਾਬਕ ਕੇਂਦਰੀ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਦੇ ਕੁਝ ਇਲਾਕਿਆਂ ਵਿੱਚ ਤਿੰਨ ਤੋਂ ਚਾਰ ਇੰਚ ਤੱਕ ਬਰਫ਼ ਪੈਣ ਦੀਆਂ ਖ਼ਬਰਾਂ ਹਨ।
ਉਨ੍ਹਾਂ ਕਿਹਾ ਕਿ ਵਾਦੀ ਦੇ ਹੋਰਨਾਂ ਜ਼ਿਆਦਾਤਰ ਇਲਾਕਿਆਂ ਵਿੱਚ ਮੀਂਹ ਵੀ ਪਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਭਲਕੇ ਸ਼ਨਿੱਚਰਵਾਰ ਨੂੰ ਮੌਸਮ ਦੇ ਖੁਸ਼ਕ ਰਹਿਣ ਦੇ ਆਸਾਰ ਹਨ। ਇਸ ਦੌਰਾਨ ਕਸ਼ਮੀਰ ਵਿੱਚ ਬਹੁਤੀਆਂ ਥਾਵਾਂ ’ਤੇ ਲੰਘੀ ਰਾਤ ਘੱਟੋ-ਘੱਟ ਤਾਪਮਾਨ ਕਈ ਦਰਜੇ ਡਿੱਗ ਗਿਆ।
ਜੰਮੂ ਤੇ ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ੍ਰੀਨਗਰ ਵਿੱਚ ਘੱਟੋ-ਘੱਟ ਤਾਪਮਾਨ 1.6 ਡਿਗਰੀ ਰਿਹਾ ਜੋ ਕਿ ਪਿਛਲੀ ਰਾਤ ਨਾਲੋਂ ਇਕ ਦਰਜੇ ਵੱਧ ਸੀ। ਉੱਤਰੀ ਕਸ਼ਮੀਰ ਵਿੱਚ ਮਕਬੂਲ ਸਕੀ-ਰਿਜ਼ੋਰਟ ਗੁਲਮਰਗ ਵਿੱਚ ਤਾਪਮਾਨ ਮਨਫ਼ੀ 12 ਡਿਗਰੀ ਸੀ, ਜੋ ਲੰਘੀ ਰਾਤ ਦੇ ਮੁਕਾਬਲੇ ਛੇ ਡਿਗਰੀ ਘੱਟ ਸੀ।
ਪਹਿਲਗਾਮ ਵਿੱਚ ਤਾਪਮਾਨ ਮਨਫ਼ੀ 3.4, ਕਾਜ਼ੀਗੁੰਡ 0.2, ਕੁਪਵਾੜਾ ਮਨਫ਼ੀ 0.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਉਧਰ ਹਿਮਾਚਲ ਪ੍ਰਦੇਸ਼ ਦੇ ਕਸੌਲੀ, ਸੋਲਨ, ਬੜੋਗ ਤੇ ਡਗਸ਼ਈ ਵਿੱਚ ਅੱਜ ਸਰਦ ਰੁੱਤ ਦੀ ਪਹਿਲੀ ਬਰਫ਼ਬਾਰੀ ਹੋਈ। ਹਿੱਲ ਸਟੇਸ਼ਨਾਂ ਵਿੱਚ ਬਰਫ਼ਬਾਰੀ ਨਾਲ ਠੰਢ ਵਧ ਗਈ ਹੈ।