ਵਾਸ਼ਿੰਗਟਨ : ਅਮਰੀਕੀ ਸਪੇਸ ਏਜੰਸੀ ਨਾਸਾ ਵੱਲੋਂ ਭਾਰਤ ਦੇ ਮੂਨ ਮਿਸ਼ਨ ਚੰਦਰਯਾਨ-2 ਸੰਬੰਧੀ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਨਾਸਾ ਨੇ ਕਿਹਾ ਹੈ ਕਿ ਹਾਲ ਹੀ ਵਿਚ ਚੰਨ ਖੇਤਰ ਦੇ ਨੇੜਿਓਂ ਲੰਘੇ ਉਸ ਦੇ ਓਰਬੀਟਰ ਨੇ ਜਿਹੜੀਆਂ ਤਸਵੀਰਾਂ ਆਪਣੇ ਕੈਮਰੇ ਵਿਚ ਕੈਦ ਕੀਤੀਆਂ ਹਨ ਉਨ੍ਹਾਂ ਵਿਚ ਲੈਂਡਰ ਵਿਕਰਮ ਦੇ ਕੋਈ ਸਬੂਤ ਨਹੀਂ ਮਿਲੇ ਹਨ। ਇਹ ਓਰਬੀਟਰ ਚੰਨ ਦੇ ਉਸ ਖੇਤਰ ਵਿਚੋਂ ਲੰਘਿਆ ਸੀ ਜਿੱਥੇ ਭਾਰਤ ਨੇ ਅਭਿਲਾਸੀ ਮਿਸ਼ਨ ਚੰਦਰਯਾਨ-2 ਨੇ ਸੌਫਟ ਲੈਂਡਿੰਗ ਕਰਨ ਦੀ ਕੋਸ਼ਿਸ ਕੀਤੀ ਸੀ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ 7 ਸਤੰਬਰ ਨੂੰ ਚੰਨ ਦੇ ਦੱਖਣੀ ਧਰੁਵ 'ਤੇ ਵਿਕਰਮ ਦੀ ਸੌਫਟ ਲੈਂਡਿੰਗ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਲੈਂਡਰ ਨਾਲ ਸੰਪਰਕ ਟੁੱਟ ਜਾਣ ਦੇ ਬਾਅਦ ਉਸ ਦਾ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ। ਲੂਨਰ ਰਿਕੌਨਸਨਜ਼ ਓਰਬੀਟਰ (ਐੱਲ.ਆਰ.ਓ.) ਦੇ ਪ੍ਰਾਜੈਕਟ ਵਿਗਿਆਨੀ ਨੋਆਹ ਐਡਵਰਡ ਪੈਟਰੋ ਨੇ ਈ-ਮੇਲ ਜ਼ਰੀਏ ਵਿਸ਼ੇਸ਼ ਗੱਲਬਾਤ ਵਿਚ ਪੀ.ਟੀ.ਆਈ.-ਭਾਸ਼ਾ ਨੂੰ ਦੱਸਿਆ, ''ਐੱਲ.ਆਰ.ਓ. ਮਿਸ਼ਨ ਨੇ 14 ਅਕਤੂਬਰ ਨੂੰ ਚੰਦਰਯਾਨ-2 ਵਿਕਰਮ ਲੈਂਡਰ ਦੇ ਉਤਰਨ ਵਾਲੇ ਸਥਾਨ ਦੇ ਖੇਤਰ ਦੀਆਂ ਤਸਵੀਰਾਂ ਨੂੰ ਕੈਦ ਕੀਤਾ ਪਰ ਉਸ ਨੂੰ ਲੈਂਡਰ ਦਾ ਕੋਈ ਸੁਰਾਗ ਨਹੀਂ ਮਿਲਿਆ।'' ਪੈਟਰੋ ਨੇ ਦੱਸਿਆ ਕਿ ਕੈਮਰਾ ਟੀਮ ਨੇ ਬਹੁਤ ਧਿਆਨ ਨਾਲ ਇਨ੍ਹਾਂ ਤਸਵੀਰਾਂ ਦਾ ਅਧਿਐਨ ਕੀਤਾ ਅਤੇ ਤਬਦੀਲੀ ਦਾ ਪਤਾ ਲਗਾਉਣ ਵਾਲੀ ਤਕਨੀਕ ਦੀ ਵਰਤੋਂ ਕੀਤੀ, ਜਿਸ ਵਿਚ ਲੈਂਡਿੰਗ ਦੀ ਕੋਸ਼ਿਸ਼ ਤੋਂ ਪਹਿਲਾਂ ਦੀ ਤਸਵੀਰ ਅਤੇ 14 ਅਕਤੂਬਰ ਨੂੰ ਲਈ ਗਈ ਤਸਵੀਰ ਵਿਚ ਤੁਲਨਾ ਕੀਤੀ ਗਈ। ਐੱਲ.ਆਰ.ਓ. ਮਿਸ਼ਨ ਪ੍ਰਾਜੈਕਟ ਦੇ ਉਪ ਵਿਗਿਆਨੀ ਜੌਨ ਕੇਲਰ ਨੇ ਪੀ.ਟੀ.ਆਈ.-ਭਾਸ਼ਾ ਨੂੰ ਦੱਸਿਆ, ''ਇਹ ਸੰਭਵ ਹੈ ਕਿ ਵਿਕਰਮ ਕਿਸੇ ਪਰਛਾਵੇਂ ਵਿਚ ਲੁਕਿਆ ਹੋਵੇ ਜਾਂ ਫਿਰ ਜਿਹੜੇ ਖੇਤਰ ਵਿਚ ਅਸੀਂ ਉਸ ਨੂੰ ਲੱਭਿਆ ਉਹ ਉੱਥੇ ਹੋਵੇ ਹੀ ਨਾ। ਇਹ ਖੇਤਰ ਕਦੇ ਵੀ ਪਰਛਾਵੇਂ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹੁੰਦਾ ਹੈ।'' ਇਸ ਤੋਂ ਪਹਿਲਾਂ 17 ਅਕਤੂਬਰ ਨੂੰ ਕੀਤੇ ਗਏ ਇਕ ਮਿਸ਼ਨ ਵਿਚ ਵੀ ਐੱਲ.ਆਰ.ਓ. ਟੀਮ ਨੂੰ ਲੈਂਡਰ ਦੀ ਤਸਵੀਰ ਲੈਣ ਜਾਂ ਉਸ ਦਾ ਪਤਾ ਲਗਾਉਣ ਵਿਚ ਸਫਲਤਾ ਹਾਸਲ ਨਹੀਂ ਹੋਈ ਸੀ।