ਅਟਾਰੀ : ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਪੁਲਿਸ ਮੁਖੀ ਰਾਕੇਸ਼ ਕੌਸ਼ਲ IPS. ਵਲੋਂ ਨਸ਼ਿਆਂ ਦੀ ਰੋਕਥਾਮ ਲਈ ਵੱਡੇ ਪੱਧਰ 'ਤੇ ਮੁਹਿੰਮ ਚਲਾ ਕੇ ਨਸ਼ੇ ਦੇ ਸੌਦਾਗਰਾਂ 'ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਇਨ੍ਹਾਂ ਹੁਕਮਾਂ ਤਹਿਤ ਮਨੋਜ ਕੁਮਾਰ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਅਤੇ ਗੁਰਮੀਤ ਸਿੰਘ ਉਪ ਕਪਤਾਨ ਡਿਟੈਕਟਿਵ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਇੰਸਪੈਕਟਰ ਬਲਵਿੰਦਰ ਸਿੰਘ ਇੰਚਾਰਜ ਨਾਰਕੋਟਿਕ ਅਤੇ ਇੰਸਪੈਕਟਰ ਅਮਨਦੀਪ ਸਿੰਘ ਇੰਚਾਰਜ CIA ਸਟਾਫ਼ ਅੰਮ੍ਰਿਤਸਰ ਦੀਆਂ ਟੀਮਾਂ ਵਲੋਂ ਭਕਨਾ ਕਲਾਂ ਤੋਂ ਝਬਾਲ ਜਾਂਦੀ ਸੜਕ ਪਿੰਡ ਭਕਨਾ ਕਲਾਂ ਨੇੜੇ ਸੀਨੀਅਰ ਸੈਕੰਡਰੀ ਸਕੂਲ ਨਜ਼ਦੀਕ ਨਾਕੇਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਸ਼ੁਰੂ ਕੀਤੀ ਗਈ। ਦੌਰਾਨੇ ਚੈਕਿੰਗ ਝਬਾਲ ਵਾਲੇ ਪਾਸੇ ਤੋਂ ਇਕ ਮੋਟਰਸਾਈਕਲ ਸਪਲੈਂਡਰ ਰੰਗ ਕਾਲਾ ਬਿਨਾਂ ਨੰਬਰੀ 'ਤੇ ਸਵਾਰ ਹੋ ਕੇ ਆਉਂਦੇ ਦੋ ਨੌਜਵਾਨ ਜਿਨ੍ਹਾਂ ਦੇ ਨਾਂਅ ਜਰਨੈਲ ਸਿੰਘ ਪੁੱਤਰ ਸੰਤਾ ਸਿੰਘ ਅਤੇ ਗੁਰਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀਆਂ ਝੁੱਗੀਆਂ ਨੱਥਾ ਸਿੰਘ ਜ਼ਿਲ੍ਹਾ ਤਰਨਤਾਰਨ ਹਨ। ਉਨ੍ਹਾਂ ਨੂੰ ਕਾਬੂ ਕਰਕੇ ਇਨ੍ਹਾਂ ਦੇ ਕਬਜ਼ੇ ਵਿਚੋਂ 800 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਦਸ ਦੇਈਏ ਕਿ ਉਕਤ ਦੋਸ਼ੀਆਂ ਵਿਰੁੱਧ ਥਾਣਾ ਘਰਿੰਡਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।