ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਹਾਲਾਤ ਨਾ ਸੁਧਰੇ ਤਾਂ ਪੰਜਾਬ ਵਿੱਚ ਖਾਨਾਜੰਗੀ ਸ਼ੁਰੂ ਹੋ ਜਾਵੇਗੀ, ਪੰਜਾਬ ਰਹਿਣ ਯੋਗ ਨਹੀਂ ਰਹੇਗਾ। ਇਸ ਦਾ ਕਾਰਨ ਦੱਸਦੇ ਹੋਏ ਸਿੱਧੂ ਨੇ ਕਿਹਾ ਕਿ ‘ਪੰਜਾਬ ਦੇਸ਼ ਦਾ ਸਭ ਤੋਂ ਕਰਜ਼ਦਾਰ ਸੂਬਾ ਹੈ। ਕੈਗ ਦੀ ਰਿਪੋਰਟ ਅਨੁਸਾਰ 2024 ਤੱਕ ਪੰਜਾਬ ਸਿਰ 4 ਲੱਖ ਕਰੋੜ ਦਾ ਕਰਜ਼ਾ ਹੋ ਜਾਵੇਗਾ।
ਸੂਬੇ ਦੀ ਆਰਥਿਕ ਸਥਿਤੀ ‘ਤੇ ਸਿੱਧੂ ਨੇ ਕਿਹਾ, ‘ਸਾਡੀ ਆਮਦਨ ਦਾ 24 ਫੀਸਦੀ ਹਿੱਸਾ ਵਿਆਜ ‘ਤੇ ਹੀ ਜਾ ਰਿਹਾ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਇੱਕ ਆਦਮੀ ‘ਤੇ ਸਿਰਫ਼ 870 ਰੁਪਏ ਖਰਚ ਕੀਤਾ ਜਾਂਦਾ ਹੈ, ਜਦੋਂ ਕਿ ਬਾਕੀ ਸੂਬਿਆਂ ਦੀ ਔਸਤ 3500 ਰੁਪਏ ਹੈ। ਗੋਆ ਸਭ ਤੋਂ ਵੱਧ 14, 804 ਰੁਪਏ ਅਤੇ ਹਰਿਆਣਾ 6, 038 ਰੁਪਏ ਖਰਚ ਕਰਦਾ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਸਸਤੇ ਪੈਟਰੋਲ ਅਤੇ ਡੀਜ਼ਲ ‘ਤੇ 6000 ਕਰੋੜ ਰੁਪਏ, ਸਸਤੀ ਬਿਜਲੀ ‘ਤੇ 3000 ਕਰੋੜ ਰੁਪਏ ਅਤੇ ਮੁਫਤ ਬਿਜਲੀ ‘ਤੇ 2600 ਕਰੋੜ ਰੁਪਏ ਖਰਚ ਕਰ ਰਹੀ ਹੈ।
ਸਿੱਧੂ ਨੇ ਕਿਹਾ ਕਿ ਕਿਸਾਨ ਅੰਦੋਲਨ ਖਤਮ ਹੋਣ ਤੋਂ ਬਾਅਦ ਵੀ ਖੁਦਕੁਸ਼ੀਆਂ ਨਹੀਂ ਰੁਕਣਗੀਆਂ। ਸਿੱਧੂ ਨੇ ਕਿਹਾ ਕਿ ਕੇਂਦਰ ਨੇ ਯੂਰਪ ਦੇ ਫੇਲ ਸਿਸਟਮ ਨੂੰ ਭਾਰਤ ਉਤੇ ਥੋਪਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਪੁੱਛਿਆ ਕਿ ਪਿਛਲੇ 20 ਸਾਲਾਂ ਵਿੱਚ ਕਿਹੜੀ ਖੇਤੀ ਨੀਤੀ ਆਈ ? ਜਿਸ ਵਿੱਚ ਕਿਸਾਨਾਂ ਦੇ ਭਲੇ ਲਈ ਕੋਈ ਯੋਜਨਾ ਬਣਾਈ ਗਈ ਹੈ। ਉਨ੍ਹਾਂ ਕੇਂਦਰ ਦੇ ਕਾਨੂੰਨ ਨੂੰ ਬਾਦਲ ਸਰਕਾਰ ਦੇ 2013 ਦੇ ਪੰਜਾਬ ਫਾਰਮਿੰਗ ਐਕਟ ਦੀ ਨਕਲ ਦੱਸਦਿਆਂ ਕਿਹਾ ਕਿ ਬਾਦਲ ਸਰਕਾਰ ਨੇ ਕਿਸਾਨ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ, ਪਰ ਕੇਂਦਰ ਨੇ ਅਜਿਹਾ ਨਹੀਂ ਕੀਤਾ।